ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪੱਕਾ ਧਰਨਾ ਲਗਾਉਣ ਦਾ ਫ਼ੈਸਲਾ
ਹੁਸੈਨਪੁਰ , 26 ਅਗਸਤ(ਕੌੜਾ) (ਸਮਾਜ ਵੀਕਲੀ)-ਵਿਸ਼ੇਸ਼ ਅਧਿਆਪਕ ਆਈ ਈ ਆਰ ਟੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਇੱਕ ਮੀਟਿੰਗ ਜੂਮ ਐਪ ਦੁਆਰਾ ਸੂਬਾ ਪ੍ਰਧਾਨ ਵਰਿੰਦਰ ਵੋਹਰਾ ਅਤੇ ਜਨਰਲ ਸਕੱਤਰ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਅਧਿਆਪਕ (ਆਈ ਈ ਆਰ ਟੀ)ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਵਿਸ਼ੇਸ਼ ਅਧਿਆਪਕਾਂ ਨੂੰ ਨਾ ਤਾਂ ਸਿੱਖਿਆ ਵਿਭਾਗ ਵਿੱਚ ਹੁਣ ਤੱਕ 8886 ਅਧਿਆਪਕਾਂ ਦੀ ਤਰਜ਼ ਤੇ ਪੱਕਾ ਕੀਤਾ ਗਿਆ ਹੈ।ਉਲਟਾ ਆਏ ਦਿਨ ਵਿਸ਼ੇਸ਼ ਅਧਿਆਪਕਾਂ ਦੀ ਤਨਖਾਹ ਵਿੱਚ ਕੱਟ ਲਗਾਏ ਜਾ ਰਹੇ ਹਨ
ਜੋ ਕਿ ਅਤਿ ਨਿੰਦਣਯੋਗ ਹੈ।ਕੋਵਿਡ 19 ਦੌਰਾਨ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰੱਖਣ ਵਾਲੇ ਵਿਸ਼ੇਸ਼ ਅਧਿਆਪਕਾਂ ਨਾਲ ਵਿਭਾਗ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਤੋਂ ਰੈਗੂਲਰ ਕਰਨ ਤੋਂ ਵਾਂਝਿਆਂ ਰੱਖਣ ਅਤੇ ਲਗਾਤਾਰ ਕੱਟੀ ਜਾ ਰਹੀ ਤਨਖਾਹ ਬਾਰੇ ਜਦੋਂ ਵਿਭਾਗ ਮੁਖੀਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ
ਉਪਰੋਕਤ ਅਣਦੇਖੀ ਤੇ ਧੱਕੇਸ਼ਾਹੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਵਿਸ਼ੇਸ਼ ਅਧਿਆਪਕ ਆਈਈਆਰਟੀ ਯੂਨੀਅਨ ਪੰਜਾਬ ਵੱਲੋਂ ਪੰਜ ਸਤੰਬਰ ਅਧਿਆਪਕ ਦਿਵਸ ਦੇ ਦਿਨ ਤੋਂ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਵਿਖੇ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਆਗੂਆਂ ਨੇ ਦੱਸਿਆ ਕਿ ਜੇਕਰ ਵਿਭਾਗ ਨੇ ਜਲਦੀ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਹੱਲ ਨਾ ਕੀਤਾ ਤਾਂ ਭਰਾਤਰੀ ਯੂਨੀਅਨਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ