ਵਿਸ਼ੇਸ਼ ਵੀਜ਼ਿਆਂ ’ਤੇ ਅਫ਼ਗਾਨ ਸਿੱਖ ਭਾਰਤ ਆਏ

ਨਵੀਂ ਦਿੱਲੀ (ਸਮਾਜ ਵੀਕਲੀ) : ਅਫ਼ਗਾਨਿਸਤਾਨ ਦੇ ਘੱਟ ਗਿਣਤੀ ਫ਼ਿਰਕਿਆਂ ਨਾਲ ਸਬੰਧਤ 11 ਮੈਂਬਰ ਅੱਜ ਭਾਰਤ ਪੁੱਜੇ, ਜਿਨ੍ਹਾਂ ’ਚ ਊਹ ਸਿੱਖ ਆਗੂ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਮਹੀਨੇ ਅਗਵਾ ਕਰ ਲਿਆ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਸਾਰਿਆਂ ਨੂੰ ਵੀਜ਼ੇ ਮੁਹੱਈਆ ਕਰਵਾਏ ਤੇ ਉਨ੍ਹਾਂ ਦੇ ਇੱਥੇ ਭਾਰਤ ਪੁੱਜਣ ’ਚ ਸਹਾਇਤਾ ਕੀਤੀ।

ਵਿਦੇਸ਼ ਮੰਤਰਾਲੇ ਮੁਤਾਬਕ 18 ਜੁਲਾਈ ਨੂੰ ਅਗਵਾਕਾਰਾਂ ਵੱਲੋਂ ਛੱਡੇ ਗਏ ਨਿਧਾਨ ਸਿੰਘ ਸਚਦੇਵਾ ਵੀ ਇਨ੍ਹਾਂ 11 ਮੈਂਬਰਾਂ ’ਚ ਸ਼ਾਮਲ ਸਨ। ਮੰਤਰਾਲੇ ਨੇ ਕਿਹਾ,‘ਅਸੀਂ ਅਫ਼ਗਾਨਿਸਤਾਨ ਦੇ ਸ਼ੁਕਰਗੁਜ਼ਾਰ ਹਾਂ ਜਿਸਨੇ ਇਨ੍ਹਾਂ ਪਰਿਵਾਰਾਂ ਦੇ ਇੱਥੇ ਮੁੜ ਵਾਪਸ ਆਉਣ ’ਚ ਮਦਦ ਕੀਤੀ।’ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਆਰ ਪੀ ਸਿੰਘ ਨੇ ਅੱਜ ਭਾਰਤ ਪਹੁੰਚਣ ’ਤੇ ਅਫਗਾਨਿਸਤਾਨ ਤੋਂ ਆਏ ਸਿੱਖ ਭਰਾਵਾਂ/ਭੈਣਾਂ ਦਾ ਦਿੱਲੀ ਏਅਰਪੋਰਟ ’ਤੇ ਸਵਾਗਤ ਕੀਤਾ।

ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੂਰਅੰਦੇਸ਼ੀ ਨੀਤੀਆਂ ਸਦਕਾ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਅੱਜ ਸਿੱਖ ਭਰਾ ਅਫ਼ਗਾਨਿਸਤਾਨ ਤੋਂ ਵਾਪਸ ਘਰ ਪਰਤੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਪਰਿਵਾਰ ਅਫ਼ਗਾਨਿਸਤਾਨ ਤੋਂ ਭਾਰਤ ਪਰਤੇ ਹਨ।

ਸ੍ਰੀ ਗੁਪਤਾ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦਾ ਸੰਵਿਧਾਨ ਉਨ੍ਹਾਂ ਨੂੰ ਵੱਖਰੇ ਧਾਰਮਿਕ ਰਾਜ ਬਣਾਉਂਦਾ ਹੈ, ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਵਿੱਚ ਹਿੰਦੂ, ਸਿੱਖ, ਬੋਧੀ, ਪਾਰਸੀ, ਜੈਨ ਅਤੇ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਧਾਰਮਿਕ ਅਾਧਾਰਾਂ ’ਤੇ ਅੱਤਿਆਚਾਰ ਦਾ ਸਾਹਮਣਾ ਕਰਦੇ ਹਨ। ਸਿਟੀਜਨਸ਼ਿਪ ਸੋਧ ਐਕਟ ਲਾਗੂ ਹੋਣ ਨਾਲ ਭਾਰਤ ਵਿੱਚ ਵਸਦੇ ਸ਼ਰਨਾਰਥੀਆਂ ਨੂੰ ਵੀ ਭਾਰਤੀ ਨਾਗਰਿਕਾਂ ਦਾ ਦਰਜਾ ਮਿਲੇਗਾ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਯੋਜਨਾਬੰਦੀ ਤੇ ਸਹੂਲਤਾਂ ਦਾ ਲਾਭ ਮਿਲੇਗਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਅਫ਼ਗਾਨੀ ਸਿੱਖਾਂ ਲਈ ਹਮੇਸ਼ਾਂ ਮਦਦ ਲਈ ਉਹ ਤਿਆਰ ਹਨ। ਇਸ ਮੌਕੇ ਦਿੱਲੀ ਦੇ ਹੋਰ ਸਿੱਖ ਆਗੂ ਵੀ ਪੁੱਜੇ ਹੋਏ ਸਨ ਜਿਨ੍ਹਾਂ ਦਿੱਲੀ ਵਿੱਚ ਹਵਾਈ ਅੱਡੇ ਉਪਰ ਸਿੱਖ ਭਰਾਵਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਹ ਸਿੱਖ ਪਰਿਵਾਰ ਉੱਥੋਂ ਦੀਆਂ ਸਰਕਾਰਾਂ ਤੇ ਦਹਿਸ਼ਤੀ ਗੁੱਟਾਂ ਤੋਂ ਤੰਗ ਸਨ ਤੇ ਹੁਣ ਆਪਣੇ ਮੁਲਕ ਪਰਤੇ ਹਨ।

Previous articleਤਿੱਬਤ ’ਚ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ ਚੀਨੀ ਫੌਜ
Next articleਸਿੱਖਸ ਫਾਰ ਜਸਟਿਸ ਵੱਲੋਂ ਜੰਮੂ ਕਸ਼ਮੀਰ ’ਚ ਪੋਰਟਲ ਲਾਂਚ