ਵਿਸ਼ੇਸ਼ ਇਜਲਾਸ ਸੱਦਣ ਬਾਰੇ ਫੈਸਲਾ ਅੱਜ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਕੈਬਨਿਟ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਬਾਰੇ ਬੁੱਧਵਾਰ ਨੂੰ ਕੋਈ ਫੈਸਲਾ ਲਏਗੀ। ਮੰਤਰੀ ਮੰਡਲ ਦੀ 14 ਅਕਤੂਬਰ ਨੂੰ ਮੀਟਿੰਗ ਹੋ ਰਹੀ ਹੈ, ਜਿਸ ਵਿਚ ਮੁੱਖ ਤੌਰ ’ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੇ ਏਜੰਡੇ ’ਤੇ ਵਿਚਾਰ ਹੋਣਾ ਹੈ। ਸੂਤਰ ਦੱਸਦੇ ਹਨ ਕਿ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ 19 ਅਕਤੂਬਰ ਨੂੰ ਸੱਦਣ ਬਾਰੇ ਸਹਿਮਤੀ ਬਣ ਰਹੀ ਹੈ। ਅੰਤਿਮ ਫੈਸਲਾ ਭਲਕ ਦੀ ਮੀਟਿੰਗ ਵਿਚ ਹੋਣਾ ਹੈ।

ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਧਿਰਾਂ ਨਾਲ ਪਿਛਲੇ ਦਿਨਾਂ ਵਿੱਚ ਕੀਤੀ ਮੀਟਿੰਗ ਦੌਰਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਵਾਅਦਾ ਕੀਤਾ ਸੀ ਤਾਂ ਜੋ ਕੇਂਦਰੀ ਖੇਤੀ ਕਾਨੂੰਨਾਂ ਨੂੰ ਖੁੰਢਾ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਾਕਮ ਧਿਰ ਨੂੰ ਸੈਸ਼ਨ ਸੱਦਣ ਲਈ ਸੱਤ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਮੁੱਖ ਮੰਤਰੀ ਹਾਲਾਂਕਿ ਆਖ ਚੁੱਕੇ ਹਨ ਕਿ ਉਹ ਕਿਸੇ ਦਬਾਅ ਵਿੱਚ ਆ ਕੇ ਕੋਈ ਫੈਸਲਾ ਨਹੀਂ ਲੈਣਗੇ ਬਲਕਿ ਉਹ ਕਿਸਾਨ ਹਿੱਤਾਂ ਨੂੰ ਤਰਜੀਹ ਦੇਣਗੇ।

ਪੰਜਾਬ ਸਰਕਾਰ ਦੀ ਪਿਛਲੇ ਕੁਝ ਦਿਨਾਂ ਤੋਂ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ। ਪੰਜਾਬ ਸਰਕਾਰ ਸਮਝਦੀ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅਜਿਹਾ ਫੈਸਲਾ ਲਿਆ ਜਾਵੇ, ਜਿਸ ਨੂੰ ਕੋਈ ਨਿਆਂਇਕ ਚੁਣੌਤੀ ਨਾ ਮਿਲ ਸਕੇ। ਉਧਰ ਕਿਸਾਨ ਧਿਰਾਂ ਦੀ ਭਲਕੇ ਨਵੀਂ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ। ਨਵੀਂ ਵਜ਼ੀਫਾ ਸਕੀਮ ਬਾਰੇ ਵੀ ਏਜੰਡਾ ਆਉਣ ਦੀ ਸੰਭਾਵਨਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਵਿਧਾਨ ਸਭਾ ਦੇ ਸੈਸ਼ਨ ਬਾਰੇ ਭਲਕ ਦੀ ਮੀਟਿੰਗ ਵਿਚ ਫੈਸਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਕੁਝ ਹੱਦ ਤੱਕ ਕਾਲਜਾਂ/ ਯੂਨੀਵਰਸਿਟੀਆਂ ਨੂੰ ਖੋਲ੍ਹੇ ਜਾਣ ਦਾ ਮਸ਼ਵਰਾ ਵੀ ਰੱਖਣਗੇ।

Previous articleਦਿੱਲੀ ’ਚ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਖੇਤੀ ਸੱਕਤਰ ਸੰਜੇ ਅੱਗਰਵਾਲ ਨਾਲ ਬੈਠਕ ਸ਼ੁਰੂ
Next articleਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਨਾਲ ਗੱਲਬਾਤ ਅੱਜ