ਵਿਸ਼ਾਖਾਪਟਨਮ ਕੈਮੀਕਲ ਪਲਾਂਟ ’ਚੋਂ ਗੈਸ ਲੀਕ; 11 ਮੌਤਾਂ

ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) (ਸਮਾਜਵੀਕਲੀ) – ਇੱਥੇ ਵੱਡੇ ਤੜਕੇ ਅੱਜ ਇੱਕ ਕੈਮੀਕਲ ਪਲਾਂਟ ਵਿੱਚੋਂ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 11 ਜਣਿਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਬਿਮਾਰ ਹੋ ਗਏ। ਪਲਾਂਟ ਵਿੱਚੋਂ ਨਿਕਲੀ ਗੈਸ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪਿੰਡਾਂ ਵਿੱਚ ਜਲਦੀ ਹੀ ਫੈਲ ਗਈ।

ਜਾਣਕਾਰੀ ਅਨੁਸਾਰ ਇੱਥੇ ਆਰ.ਆਰ. ਵੈਂਕਟਾਪੁਰਮ ਪਿੰਡ ਨੇੜੇ ਸਥਿਤ ਬਹੁਕੌਮੀ ਐੱਲ.ਜੀ. ਪੌਲੀਮਰਜ਼ ਪਲਾਂਟ ਵਿੱਚੋਂ ਸਵੇਰੇ ਕਰੀਬ 2:30 ਵਜੇ ਸਟਾਇਰੀਨ ਗੈਸ ਲੀਕ ਹੋਣ ਤੋਂ ਬਾਅਦ ਸੁਰੱਖਿਅਤ ਥਾਵਾਂ ਵੱਲ ਭੱਜਦੇ ਲੋਕ ਰਾਹਾਂ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਗਏ ਅਤੇ ਕਈਆਂ ਨੇ ਦਮ ਤੋੜ ਦਿੱਤਾ। ਇਸ ਘਟਨਾ ਕਾਰਨ ਵੱਡੀ ਸਨਅਤੀ ਆਫ਼ਤ ਦਾ ਖ਼ਤਰਾ ਪੈਦਾ ਹੋ ਗਿਆ।

ਇਸ ਪਲਾਂਟ ਨੂੰ ਲੌਕਡਾਊਨ ਤੋਂ ਬਾਅਦ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮ੍ਰਿਤਕਾਂ ਵਿੱਚ ਸ਼ਾਮਲ ਇੱਕ ਬੱਚਾ ਅਤੇ ਦੋ ਵਿਅਕਤੀ ਪਲਾਂਟ ਤੋਂ ਆ ਰਹੀ ਗੈਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਬੋਰਵੈੱਲ ਵਿੱਚ ਡਿੱਗ ਪਏ। ਤੁਰੰਤ ਮੌਕੇ ’ਤੇ ਰਾਹਤ ਕਰਮੀ ਅਤੇ ਪੁਲੀਸ ਫੋਰਸ ਪੁੱਜੀ, ਜਿਨ੍ਹਾਂ ਨੇ ਲੋਕਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ।

ਕਸਬਾ ਗੋਪਾਲਪਟਨਮ ਦੇ ਇਸ ਪਿੰਡ ਆਰ.ਆਰ. ਵੈਂਕਟਾਪੁਰਮ ਨੂੰ ਕਾਹਲੀ ਨਾਲ ਖਾਲੀ ਕਰਵਾਇਆ ਗਿਆ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਲੋਕਾਂ ਵਲੋਂ ਮੱਦਦ ਲਈ ਚੀਕ-ਚਿਹਾੜਾ ਪਾਇਆ ਗਿਆ ਅਤੇ ਬਹੁਤ ਸਾਰੇ ਲੋਕ ਨੀਂਦ ਵਿੱਚ ਹੀ ਬੇਹੋਸ਼ ਹੋ ਗਏ।

ਆਂਧਰਾ ਪ੍ਰਦੇਸ਼ ਦੇ ਡੀਜੀਪੀ ਡੀ. ਗੌਤਮ ਸਵਾਂਗ ਨੇ ਦੱਸਿਆ ਕਿ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈਡੀ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਬਾਅਦ ਹੋਰ ਗੈਸ ਲੀਕ ਨਹੀਂ ਹੋਈ ਅਤੇ ਹੁਣ ਸਥਿਤੀ ‘ਸਥਿਰ ਅਤੇ ਕਾਬੂ ਹੇਠ’ ਹੈ। ਉਨ੍ਹਾਂ ਦੱਸਿਆ ਕਿ ਵਿਸਾਖਾਪਟਨਮ ਦੇ ਕਿੰਗ ਜੌਰਜ ਹਸਪਤਾਲ ਵਿੱਚ 246 ਲੋਕਾਂ ਨੂੰ ਜ਼ਿਆਦਾ ਤਕਲੀਫ ਹੋਣ ਕਾਰਨ ਭਰਤੀ ਕਰਵਾਇਆ ਗਿਆ ਹੈ ਅਤੇ 20 ਜਣਿਆਂ ਨੂੰ ਵੈਂਟੀਲੇਟਰ ਰਾਹੀਂ ਸਾਹ ਦੁਆਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਵਿਚੋਂ 800 ਲੋਕਾਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਕੇਵਲ ਮੁੱਢਲੀ ਸਹਾਇਤਾ ਦੀ ਲੋੜ ਪਈ। ਸਵਾਂਗ ਨੇ ਕਿਹਾ, ‘‘ਗੈਸ ਲੀਕ ਹੋਣ ਦੇ ਕਾਰਨਾਂ ਅਤੇ ਪਲਾਂਟ ਦਾ ਨਿਊਟ੍ਰਲਾਈਜ਼ਰ ਨਾ ਚੱਲਣ ਸਬੰਧੀ ਜਾਂਚ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਸਟਾਇਰੀਨ ਭਾਵੇਂ ਜ਼ਹਿਰੀਲੀ ਗੈਸ ਨਹੀਂ ਹੈ ਪਰ ਜੇਕਰ ਜ਼ਿਆਦਾ ਦੇਰ ਇਸ ਵਿੱਚ ਸਾਹ ਲਿਆ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ।

ਭਾਵੇਂ ਗੈਸ ਲੀਕ ਹੋਣਾ ਸਵੇਰੇ ਹੀ ਰੋਕ ਲਿਆ ਗਿਆ ਸੀ ਪਰ ਇਸ ਦਾ ਅਸਰ ਕਈ ਘੰਟਿਆਂ ਤੱਕ ਰਿਹਾ। ਸਵੇਰ ਹੁੰਦਿਆਂ ਹੀ ਇਸ ਦੇ ਅਸਰ ਸਾਹਮਣੇ ਆਉਣ ਲੱਗੇ ਅਤੇ ਸੈਂਕੜੇ ਪਿੰਡ ਵਾਸੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ, ਨੇ ਅੱਖ ਵਿੱਚ ਖ਼ਾਰਸ਼, ਸਾਹ ਚੜ੍ਹਨ, ਘਬਰਾਹਟ ਹੋਣ ਅਤੇ ਚਮੜੀ ’ਤੇ ਨਿਸ਼ਾਨ ਪੈਣ ਸਬੰਧੀ ਸ਼ਿਕਾਇਤ ਕੀਤੀ ਹੈ।

ਪਿੰਡ ਵਿੱਚ ਬਹੁਤ ਸਾਰੇ ਲੋਕ ਮੱਦਦ ਲਈ ਪੁੱਜੇ ਅਤੇ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੰਦਿਆਂ ਪਾਣੀ ਪਿਲਾਇਆ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਗਿੱਲੀਆਂ ਪੱਟੀਆਂ ਰੱਖੀਆਂ। ਵਧੇਰੇ ਬਿਮਾਰਾਂ ਨੂੰ ਆਟੋ-ਰਿਕਸ਼ਿਆਂ ਅਤੇ ਦੋ-ਪਹੀਆ ਵਾਹਨਾਂ ਰਾਹੀਂ ਵੀ ਹਸਪਤਾਲਾਂ ਤੱਕ ਪਹੁੰਚਾਇਆ ਗਿਆ। ਸਰਕਾਰੀ ਕਾਮਿਆਂ ਅਤੇ ਹੋਰਾਂ ਨੇ ਪੀੜਤਾਂ ਦੀ ਮਦਦ ਲਈ ਹਰ ਹੱਲਾ ਮਾਰਿਆ।

ਸੂਬੇ ਦੇ ਸਨਅਤਾਂ ਬਾਰੇ ਮੰਤਰੀ ਮੇਕਾਪਤੀ ਗੌਤਮ ਰੈਡੀ ਨੇ ਦੱਸਿਆ ਕਿ ਐੱਲਜੀ ਪੌਲੀਮਰਜ਼ ਦੀ ਇਹ ਇਕਾਈ ਲੌਕਡਾਊਨ ਤੋਂ ਬਾਅਦ ਵੀਰਵਾਰ ਨੂੰ ਮੁੜ ਖੁੱਲ੍ਹਣੀ ਸੀ। ਉਨ੍ਹਾਂ ਕਿਹਾ, ‘‘ਅਸੀਂ ਇਸ (ਦੱਖਣੀ ਕੋਰੀਅਨ) ਕੰਪਨੀ ਦੀ ਸਿਖਰਲੇ ਪ੍ਰਬੰਧਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ…. ਸਾਡੀ ਪਹਿਲੀ ਤਰਜੀਹ ਗੈਸ ਲੀਕ ਨੂੰ ਰੋਕਣਾ ਅਤੇ ਪੀੜਤਾਂ ਨੂੰ ਸਹੀ ਇਲਾਜ ਮੁਹੱਈਆ ਕਰਾਉਣਾ ਹੈ।’’

ਸੂਤਰਾਂ ਅਨੁਸਾਰ ਪਲਾਂਟ ਵਿੱਚ ਮੌਜੂਦ 20 ਕਾਮਿਆਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪੂਰੀ ਜਾਣਕਾਰੀ ਹੋਣ ਕਾਰਨ ਉਨ੍ਹਾਂ ਨੇ ਢੁਕਵੇਂ ਕਦਮ ਚੁੱਕੇ ਅਤੇ ਸਾਰੇ ਸਹੀ-ਸਲਾਮਤ ਹਨ। ਇਸ ਘਟਨਾ ਕਾਰਨ ਕਈ ਪਸ਼ੂ ਅਤੇ ਪੰਛੀ ਵੀ ਬੇਹੋਸ਼ ਹੋ ਗਏ ਹਨ। ਗੈਸ ਲੀਕ ਤੋਂ ਬਾਅਦ ਰੋਂਦੇ-ਕੁਰਲਾਉਂਦੇ ਅਤੇ ਤੜਫਦੇ ਲੋਕਾਂ ਦੀਆਂ ਵੀਡੀਓਜ਼ ਨੇ ਦਸੰਬਰ 1984 ਵਿੱਚ ਵਾਪਰੀ ਦੁਨੀਆਂ ਦੀ ਸਭ ਤੋਂ ਭਿਆਨਕ ਸਨਅਤੀ ਤਬਾਹੀ ਭੋਪਾਲ ਗੈਸ ਲੀਕ ਕਾਂਡ ਦੀ ਯਾਦ ਦਿਵਾ ਦਿੱਤੀ, ਜਦੋਂ ਯੂਨੀਅਨ ਕਾਰਬਾਈਡ ਪਲਾਂਟ ’ਚੋਂ ਲੀਕ ਹੋਏ ਮੀਥੇਲ ਇਸੋਸਾਇਨੇਟ ਗੈਸ ਕਾਰਨ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲੱਖਾਂ ਲੋਕ ਬਿਮਾਰ ਹੋ ਗਏ ਸਨ।

Previous articleBJP leaders urge Adityanath govt to ban liquor sale
Next articleਪੰਜਾਬ ਵਿਚ ਠੇਕਿਆਂ ’ਤੇ ਲਟਕਦੇ ਰਹੇ ਤਾਲੇ