43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ਦੇ ਇਰਾਦੇ ਨਾਲ ਉਤਰੇ ਮੇਜ਼ਬਾਨ ਭਾਰਤ ਨੇ ਵਿਸ਼ਵ ਕੱਪ ਹਾਕੀ ਦੇ ਪੂਲ ‘ਸੀ’ ਦੇ ਅੱਜ ਇੱਥੇ ਕਲਿੰਗਾ ਸਟੇਡੀਅਮ ’ਤੇ ਖੇਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਦੀਆਂ ਨਜ਼ਰਾਂ ਹੁਣ 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ’ਤੇ ਹਨ। ਭਾਰਤ ਨੇ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਕੁਆਲਾਲੰਪੁਰ ਵਿੱਚ 1975 ਦੌਰਾਨ ਖ਼ਿਤਾਬ ਜਿੱਤਿਆ ਸੀ।
ਦੱਖਣੀ ਅਫਰੀਕਾ ਖ਼ਿਲਾਫ਼ ਸਿਮਰਨਜੀਤ ਸਿੰਘ ਨੇ ਦੋ ਗੋਲ (43ਵੇਂ ਅਤੇ 46ਵੇਂ ਮਿੰਟ) ਦਾਗ਼ੇ, ਜਦੋਂਕਿ ਮਨਦੀਪ ਸਿੰਘ (ਦਸਵੇਂ ਮਿੰਟ), ਆਕਾਸ਼ਦੀਪ ਸਿੰਘ (12ਵੇਂ ਮਿੰਟ) ਅਤੇ ਲਲਿਤ ਉਪਾਧਿਆਇ (45ਵੇਂ) ਨੇ ਇੱਕ-ਇੱਕ ਗੋਲ ਕੀਤਾ। ਭਾਰਤ ਨੇ ਦਸਵੇਂ ਸਥਾਨ ’ਤੇ ਕਾਬਜ਼ ਦੱਖਣੀ ਅਫਰੀਕਾ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤ ਨੇ ਆਪਣੇ ਤੋਂ ਹੇਠਲੇ ਦਰਜੇ ਦੀ ਟੀਮ ਖ਼ਿਲਾਫ਼ ਸ਼ੁਰੂ ਤੋਂ ਹੀ ਦਬਦਬਾ ਬਣਾਈਂ ਰੱਖਿਆ। ਉਸ ਨੇ ਪਹਿਲੇ ਕੁਆਰਟਰ ਵਿੱਚ ਛੇਤੀ ਹੀ ਦੋ ਗੋਲਾਂ ਦੀ ਲੀਡ ਬਣਾ ਲਈ। ਹਾਲਾਂਕਿ ਭਾਰਤ ਨੇ ਕਈ ਮੌਕੇ ਵੀ ਗੁਆਏ। ਉਸ ਨੂੰ ਪਹਿਲਾ ਮੌਕਾ ਤੀਜੇ ਮਿੰਟ ਵਿੱਚ ਮਿਲਿਆ, ਜਦੋਂ ਗੋਲ ਪੋਸਟ ਨੇੜੇ ਮਨਦੀਪ ਨੇ ਕਪਤਾਨ ਮਨਪ੍ਰੀਤ ਸਿੰਘ ਨੂੰ ਪਾਸ ਦਿੱਤਾ, ਪਰ ਉਹ ਗੇਂਦ ’ਤੇ ਸ਼ਾਟ ਮਾਰਨ ’ਚ ਅਸਫਲ ਰਿਹਾ। ਹਾਲਾਂਕਿ ਭਾਰਤ ਨੂੰ ਛੇਤੀ ਹੀ ਸਫਲਤਾ ਮਿਲੀ, ਜਦੋਂ ਦਸਵੇਂ ਮਿੰਟ ਵਿੱਚ ਮੇਜ਼ਬਾਨ ਟੀਮ ਨੂੰ ਮਿਲੀ ਪਹਿਲੀ ਪੈਨਲਟੀ ’ਤੇ ਮਨਦੀਪ ਨੇ ਗੋਲ ਦਾਗ਼ਣ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਹਰਮਨਪ੍ਰੀਤ ਸਿੰਘ ਦੇ ਮਾਰੇ ਸ਼ਾਨਦਾਰ ਲੰਬੇ ਸ਼ਾਟ ਨੂੰ ਦੱਖਣੀ ਅਫਰੀਕਾ ਦੇ ਗੋਲਕੀਪਰ ਰਾਸੀ ਪੀਟਰਸ ਨੇ ਰੋਕ ਲਿਆ। ਇਸ ਤੋਂ ਤਿੰਨ ਮਿੰਟ ਮਗਰੋਂ ਭਾਰਤ ਨੂੰ ਇੱਕ ਹੋਰ ਸਫਲਤਾ ਉਸ ਸਮੇਂ ਮਿਲੀ, ਜਦੋਂ ਆਕਾਸ਼ਦੀਪ ਨੇ ਸਿਮਰਨਜੀਤ ਸਿੰਘ ਤੋਂ ਮਿਲੇ ਪਾਸ ਨੂੰ ਸਿੱਧਾ ਗੋਲ ਵਿੱਚ ਪਹੁੰਚਾ ਦਿੱਤਾ।
ਦੂਜੇ ਕੁਆਰਟਰ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਦੇ ਡਿਫੈਂਸ ’ਤੇ ਦਬਾਅ ਬਣਾ ਕੇ ਰੱਖਿਆ ਅਤੇ 19ਵੇਂ ਮਿੰਟ ਵਿੱਚ ਆਪਣਾ ਦੂਜਾ ਸ਼ਾਰਟ ਕਾਰਨਰ ਸੁਰੱਖਿਅਤ ਕੀਤਾ। ਹਾਲਾਂਕਿ ਭਾਰਤ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਮੈਚ ਦੇ ਹਾਫ਼ ਤੋਂ ਸਿਰਫ਼ ਦੋ ਮਿੰਟ ਬਾਅਦ ਨੀਲਕਾਂਤ ਸ਼ਰਮਾ ਅਤੇ ਸੁਮਿਤ ਨੇ ਸਾਂਝੇ ਤੌਰ ’ਤੇ ਭਾਰਤ ਲਈ ਇੱਕ ਹੋਰ ਵੱਡਾ ਮੌਕਾ ਬਣਾਇਆ, ਪਰ ਇਹ ਗੋਲ ਪੋਸਟ ਦੇ ਮੁਹਾਣੇ ਤੋਂ ਬਾਹਰ ਚਲਾ ਗਿਆ।
Sports ਵਿਸ਼ਵ ਹਾਕੀ ਕੱਪ ਵਿੱਚ ਭਾਰਤ ਦਾ ਜੇਤੂ ਆਗਾਜ਼