ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਨੂੰ ਭਾਰਤੀ ਟੈਸਟ ਟੀਮ ਦੇ ਖਿਡਾਰੀ ਪਹਿਨਣਗੇ ਜਾਂ ਨਹੀਂ ਇਸ ਸਬੰਧੀ ਸ਼ੰਕਾ ਬਣੀ ਹੋਈ ਹੈ ਕਿਉਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸਫ਼ੈਦ ਕਮੀਜ ’ਤੇ ਜਰਸੀ ਨੰਬਰ ਹੋਣਗੇ। 22 ਅਗਸਤ ਤੋਂ ਐਂਟੀਗਾ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਲੜੀ ਵਿੱਚ ਭਾਰਤੀ ਟੀਮ ਦੋ ਨੰਬਰਾਂ (ਜਰਸੀ ਨੰਬਰ ਸੱਤ ਅਤੇ ਦਸ) ਦੀ ਵਰਤੋਂ ਸ਼ਾਇਦ ਹੀ ਕਰੇ।
ਸਚਿਨ ਤੇਂਦੁਲਕਰ ਦੀ ਦਸ ਨੰਬਰ ਦੀ ਜਰਸੀ ਨੂੰ ਬੀਸੀਸੀਆਈ ‘ਅਣਅਧਿਕਾਰਤ ਤੌਰ ’ਤੇ ਰਿਟਾਇਰ’ ਕਰ ਚੁੱਕੀ ਹੈ। ਜਦੋਂ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੇ ਇਸ ਨੂੰ ਮੈਚ ਦੌਰਾਨ ਪਹਿਨਿਆ ਤਾਂ ਸੋਸ਼ਲ ਮੀਡੀਆ ’ਤੇ ਉਸ ਦੀ ਕਾਫ਼ੀ ਖਿਚਾਈ ਹੋਈ ਸੀ। ਸਮਝਿਆ ਜਾਂਦਾ ਹੈ ਕਿ ਤੇਂਦੁਲਕਰ ਨੂੰ ਇੱਜ਼ਤ ਦੇਣ ਵਜੋਂ ਜ਼ਿਆਦਾਤਰ ਭਾਰਤੀ ਖਿਡਾਰੀ ਆਪਣੀ ਸੀਮਤ ਓਵਰਾਂ ਦੀ ਜਰਸੀ ਦੇ ਨੰਬਰ ਹੀ ਵਰਤਣਗੇ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਵਿਰਾਟ ਕੋਹਲੀ 18 ਅਤੇ ਰੋਹਿਤ ਸ਼ਰਮਾ 45 ਨੰਬਰ ਪਹਿਨੇਗਾ। ਜ਼ਿਆਦਾਤਰ ਖਿਡਾਰੀ ਆਪਣੀ ਇੱਕ ਰੋਜ਼ਾ ਅਤੇ ਟੀ-20 ਜਰਸੀ ਦੇ ਨੰਬਰ ਪਹਿਨਣਗੇ। ਮਹਿੰਦਰ ਸਿੰਘ ਕਿਉਂਕਿ ਟੈਸਟ ਕ੍ਰਿਕਟ ਨਹੀਂ ਖੇਡਦਾ ਤਾਂ ਜਰਸੀ ਨੰਬਰ ਸੱਤ ਉਪਲੱਬਧ ਰਹੇਗੀ, ਪਰ ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਖਿਡਾਰੀ ਇਸ ਨੂੰ ਪਹਿਨੇ।’’ ਉਨ੍ਹਾਂ ਕਿਹਾ, ‘‘ਸੱਤ ਨੰਬਰ ਜਰਸੀ ਦਾ ਸਬੰਧ ਸਿੱਧੇ ਮਹਿੰਦਰ ਸਿੰਘ ਧੋਨੀ ਨਾਲ ਹੈ। ਇੱਕ ਰੋਜ਼ਾ ਲੜੀ ਮਗਰੋਂ ਹੀ ਵੈਸਟ ਇੰਡੀਜ਼ ਵਿੱਚ ਨੰਬਰਾਂ ਵਾਲੀ ਜਰਸੀ ਪਹੁੰਚੇਗੀ।’’
ਆਮ ਤੌਰ ’ਤੇ ਜਰਸੀ ਰਿਟਾਇਰ ਨਹੀਂ ਕੀਤੀ ਜਾਂਦੀ, ਪਰ ਭਾਰਤੀ ਕ੍ਰਿਕਟ ਵਿੱਚ ਧੋਨੀ ਦਾ ਕੱਦ ਕਾਫ਼ੀ ਵੱਡਾ ਹੈ ਕਿ ਬੀਸੀਸੀਆਈ ਉਸ ਦੀ ਜਰਸੀ ਰਿਟਾਇਰ ਕਰ ਸਕਦੀ ਹੈ। ਧੋਨੀ ਨੇ 2015 ਵਿੱਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।
Sports ਵਿਸ਼ਵ ਟੈਸਟ ਚੈਂਪੀਅਨਸ਼ਿਪ: ਧੋਨੀ ਦੀ ਜਰਸੀ ਨੰਬਰ 7 ਬਣੀ ਬੁਝਾਰਤ