ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਚੁਣੌਤੀ ਦੇਣਗੇ ਭਾਰਤੀ ਮੁੱਕੇਬਾਜ਼

ਓਲੰਪਿਕ ਕੋਟਾ ਦਾਅ ’ਤੇ ਨਾ ਹੋਣ ਦੇ ਬਾਵਜੂਦ ਭਾਰਤੀ ਮੁੱਕੇਬਾਜ਼ ਸੋਮਵਾਰ ਤੋਂ ਸ਼ੁਰੂ ਹੋ ਰਹੀ ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਤਰਨਗੇ। ਉਨ੍ਹਾਂ ਦਾ ਇਰਾਦਾ ਪਿਛਲੇ 20 ਸੈਸ਼ਨ ਵਿੱਚ ਸਿਰਫ਼ ਚਾਰ ਤਗ਼ਮੇ ਜਿੱਤਣ ਦੇ ਆਪਣੇ ਰਿਕਾਰਡ ਨੂੰ ਬਿਹਤਰ ਕਰਨਾ ਹੋਵੇਗਾ। ਭਾਰਤ ਲਈ ਹੁਣ ਤੱਕ ਸਿਰਫ਼ ਵਿਜੇਂਦਰ ਸਿੰਘ (ਸਾਲ 2009), ਵਿਕਾਸ ਕ੍ਰਿਸ਼ਨਨ (2011), ਸ਼ਿਵਾ ਥਾਪਾ (2015) ਅਤੇ ਗੌਰਵ ਬਿਧੁੜੀ (2017) ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮੇ ਜਿੱਤ ਚੁੱਕੇ ਹਨ। ਇਨ੍ਹਾਂ ਸਾਰਿਆਂ ਨੂੰ ਚਾਂਦੀ ਦੇ ਤਗ਼ਮੇ ਮਿਲੇ, ਪਰ ਭਾਰਤ ਦੀਆਂ ਉਮੀਦਾਂ ਤਗ਼ਮੇ ਦਾ ਰੰਗ ਬਦਲਣ ਤੋਂ ਹਨ। ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਕਿਹਾ, ‘‘ਇਹ ਮੁਸ਼ਕਲ ਹੋਵੇਗਾ। ਸਾਡਾ ਮਕਸਦ ਪਿਛਲੇ ਪ੍ਰਦਰਸ਼ਨ ਨੂੰ ਬਿਹਤਰ ਕਰਨਾ ਹੈ। ਅਸੀਂ ਉਸ ਦੇ ਲਈ ਮਿਹਨਤ ਕਰ ਰਹੇ ਹਾਂ।’’ ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇਰ ਹੋਣਾ ਸੀ, ਜਿਸ ਵਿੱਚ ਰਵਾਇਤੀ ਦਸ ਭਾਰ ਵਰਗ ਦੀ ਥਾਂ ਸੋਧੇ ਹੋਏ ਅੱਠ (52 ਕਿਲੋ, 57, 63, 69, 74, 81, 91 ਅਤੇ 91 ਕਿਲੋ ਤੋਂ ਵੱਧ) ਭਾਰ ਵਰਗ ਰੱਖੇ ਗਏ ਹਨ। ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਕੌਮਾਂਤਰੀ ਮੁੱਕੇਬਾਜ਼ੀ ਫੈਡਰੇਸ਼ਨ (ਏਆਈਬੀਏ) ਵਿੱਚ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਕ ਬੇਨੇਮੀਆਂ ਕਾਰਨ ਓਲੰਪਿਕ ਕੁਆਲੀਫਾਇਰ ਦਾ ਦਰਜਾ ਖੋਹ ਲਿਆ। ਇਸ ਦੇ ਬਾਵਜੂਦ ਇਸ ਵਿੱਚ 87 ਦੇਸ਼ਾਂ ਦੇ 450 ਮੁੱਕੇਬਾਜ਼ ਹਿੱਸਾ ਲੈਣਗੇ। ਭਾਰਤ ਦੀਆਂ ਉਮੀਦਾਂ ਅਮਿਤ ਪੰਘਾਲ (52 ਕਿਲੋ) ’ਤੇ ਟਿਕੀਆਂ ਹੋਣਗੀਆਂ, ਜੋ ਇੱਕ ਸਾਲ ਤੋਂ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਏਸ਼ਿਆਈ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਹ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਤਗ਼ਮੇ ਦੇ ਨੇੜੇ ਪਹੁੰਚਿਆ ਸੀ, ਪਰ ਕੁਆਰਟਰ ਫਾਈਨਲ ਵਿੱਚ ਹਾਰ ਗਿਆ। ਉਸ ਤੋਂ ਇਲਾਵਾ ਕਵਿੰਦਰ ਬਿਸ਼ਟ (57 ਕਿਲੋ) ਵੀ ਦਾਅਵੇਦਾਰਾਂ ਵਿੱਚ ਹਨ, ਜੋ ਸਾਲ 2017 ਦੌਰਾਨ ਕੁਆਰਟਰ ਫਾਈਨਲ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਸਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਸ ਨੇ ਵਿਸ਼ਵ ਚੈਂਪੀਅਨ ਕੈਰਾਤ ਯੇਰਾਲਿਯੇਵ ਨੂੰ ਹਰਾਇਆ ਸੀ। ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਕੋਲ ਵੀ ਵਿਸ਼ਵ ਚੈਂਪੀਅਨਸ਼ਿਪ ਦਾ ਤਜਰਬਾ ਹੈ। ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਦੀਆਂ ਨਜ਼ਰਾਂ ਟੂਰਨਾਮੈਂਟ ਵਿੱਚ ਪਹਿਲੇ ਤਗ਼ਮੇ ’ਤੇ ਹੋਣਗੀਆਂ।

Previous articleਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਨੇ ਲਾਇਆ ਧਰਨਾ
Next articleਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਭਾਰਤ ਦੀ ਨਜ਼ਰ ਨੌਜਵਾਨ ਕ੍ਰਿਕਟਰਾਂ ’ਤੇ