ਵਿਸ਼ਵ ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਦੇ ਨਾਂਅ

ਦਸਵੀਂ ਆਈਏਬੀਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਚੌਥਾ ਦਿਨ ਅੱਜ ਭਾਰਤੀ ਮੁੱਕੇਬਾਜ਼ਾਂ ਦੇ ਨਾਮ ਰਿਹਾ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੇਰੀ ਕੌਮ (48 ਕਿਲੋ) ਸਣੇ ਭਾਰਤ ਦੀਆਂ ਚਾਰ ਮੁੱਕੇਬਾਜ਼ਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ, ਪਰ ਐਲ ਸਰਿਤਾ ਦੇਵੀ (60 ਕਿਲੋ) ਨੂੰ ਹਾਰ ਝੱਲਣੀ ਪਈ। ਮੇਰੀ ਕੌਮ ਅਤੇ ਮਨੀਸ਼ਾ ਮੌਨ (54 ਕਿਲੋ) ਨੇ ਆਪੋ ਆਪਣੇ ਮੁਕਾਬਲਿਆਂ ਵਿੱਚ ਕਜ਼ਾਖਸਤਾਨ ਦੀਆਂ ਖਿਡਾਰਨਾਂ ਨੂੰ 5-0 ਦੇ ਬਰਾਬਰ ਫ਼ਰਕ ਨਾਲ ਹਰਾਇਆ। ਮੇਰੀ ਕੌਮ ਨੇ ਏਜਰਿਮ ਕਾਸੇਨਾਯੇਵਾ ਅਤੇ ਮਨੀਸ਼ਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਜ਼ੋਲਾਮੈਨ ਨੂੰ ਮਾਤ ਦਿੱਤਾ। ਇਨ੍ਹਾਂ ਦੋਵਾਂ ਖਿਡਾਰਨਾਂ ਤੋਂ ਇਲਾਵਾ ਲਵਲੀਨਾ ਬੋਰਗੋਹੇਨ (69 ਕਿਲੋ) ਅਤੇ ਭਾਗਿਆਵਤੀ ਕਾਚਰੀ (81 ਕਿਲੋ) ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਖ਼ਰੀ ਅੱਠ ਵੱਲ ਪੇਸ਼ਕਦਮੀ ਕੀਤੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਛੇ ਤਗ਼ਮੇ ਜਿੱਤ ਚੁੱਕੀ ਮੇਰੀ ਕੌਮ ਨੇ ਆਪਣੇ ਤਜਰਬੇ ਨਾਲ ਕਜ਼ਾਖ਼ਸਤਾਨ ਦੀ ਮਜ਼ਬੂਤ ਵਿਰੋਧੀ ਨੂੰ ਮਾਤ ਦਿੱਤੀ। ਹੁਣ ਉਹ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਮੰਗਲਵਾਰ ਨੂੰ ਚੀਨ ਦੀ ਵੁ ਯੂ ਨਾਲ ਭਿੜੇਗੀ। ਯੂ ਨੇ ਫਿਲਪੀਨਜ਼ ਦੀ ਜੋਸੀ ਗਾਬੁਕੋ ਨੂੰ ਹਰਾਇਆ ਹੈ। ਭਾਰਤ ਦੇ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਅੱਠ ਮੁੱਕੇਬਾਜ਼ ਰਿੰਗ ਵਿੱਚ ਉਤਰੇ ਹਨ। ਪਿਛਲੀ ਵਾਰ ਭਾਰਤ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਰਿਤਾ ਨੇ ਇੱਥੇ ਆਪਣੇ ਦੇਸ਼ ਦੀ ਝੋਲੀ ਸੋਨ ਤਗ਼ਮਾ ਪਾਇਆ ਸੀ। ਉਹ ਇਸ ਕਾਰਨਾਮੇ ਨੂੰ ਦੁਹਰਾਉਣਾ ਚਾਹੁੰਦੀ ਸੀ, ਪਰ ਆਇਰਲੈਂਡ ਦੀ ਐਨੇ ਕੈਲੀ ਹੈਰਿੰਗਨ ਨੇ ਉਸ ਨੂੰ 2-3 ਨਾਲ ਹਰਾ ਦਿੱਤਾ, ਜਿਸ ਵਿੱਚ ਰੈਫਰੀ ਨੇ ਸਰਿਤਾ ਦੇ ਡਿੱਗਣ ਦੇ ਨਾਲ ਹੀ ਗਿਣਤੀ ਸ਼ੁਰੂ ਕਰ ਦਿੱਤੀ। ਸਰਿਤਾ ਬਾਅਦ ਵਿੱਚ ਨਤੀਜਿਆਂ ਤੋਂ ਖ਼ੁਸ਼ ਨਹੀਂ ਸੀ, ਪਰ ਉਸ ਨੇ ਇਸ ਦੀ ਸ਼ਿਕਾਇਤ ਵੀ ਨਹੀਂ ਕੀਤੀ।ਇਸ ਤੋਂ ਪਹਿਲਾਂ ਦੁਪਹਿਰ ਦੇ ਸੈਸ਼ਨ ਵਿੱਚ ਭਾਰਤ ਦੀ ਸ਼ੁਰੂਆਤ ਮਨੀਸ਼ਾ ਨੇ ਕੀਤੀ। ਉਸ ਨੇ ਮੌਜੂਦਾ ਚੈਂਪੀਅਨ ਡਿਨਾ ਜ਼ੋਲਾਮੈਨ ਨੂੰ ਸ਼ਿਕਸਤ ਦਿੱਤੀ। ਅਮਰੀਕਾ ਦੀ ਮਾਹਰ ਅਤੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਕ੍ਰਿਸਟੀਨਾ ਕਰੂਜ਼ ਨੂੰ ਪਿਛਲੇ ਮੈਚ ’ਚ ਮਾਤ ਦੇਣ ਵਾਲੀ ਮਨੀਸ਼ਾ ਪੋਲੈਂਡ ਵਿੱਚ ਹੋਏ ਟੂਰਨਾਮੈਂਟ ਵਿੱਚ ਵੀ ਡਿਨਾ ਨੂੰ ਹਰਾ ਚੁੱਕੀ ਹੈ। ਹੁਣ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਲਈ ਉਸ ਦਾ ਸਾਹਮਣਾ ਮੰਗਲਵਾਰ ਨੂੰ ਸੀਨੀਅਰ ਦਰਜਾ ਪ੍ਰਾਪਤ ਅਤੇ 2016 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਟੋਯਕਾ ਪੈਤਰੋਵਾ ਨਾਲ ਹੋਵੇਗਾ। ਮਨੀਸ਼ਾ ਨੇ ਆਪਣੇ ਕੱਦ-ਕਾਠ ਦਾ ਪੂਰਾ ਲਾਹਾ ਲਿਆ। ਉਸ ਨੇ ਮੁੜ ਦੂਰ ਤੋਂ ਖੇਡਦਿਆਂ ਖੱਬੇ ਅਤੇ ਸੱਜੇ ਹੱਥ ਨਾਲ ਪੰਚ ਮਾਰਨ ਦੀ ਆਪਣੀ ਰਣਨੀਤੀ ਜਾਰੀ ਰੱਖੀ, ਜਿਸ ਦਾ ਨਤੀਜਾ ਉਸ ਦੇ ਹੱਕ ਵਿੱਚ ਰਿਹਾ। ਪੰਜ ਜੱਜਾਂ ਨੇ ਉਸ ਨੂੰ 30-27, 30-27, 30-27, 29-28, 29-28 ਅੰਕ ਦਿੱਤੇ। ਇਸੇ ਤਰ੍ਹਾਂ ਲਵਲੀਨਾ ਨੇ ਦਿਨ ਦੇ ਦੂਜੇ ਮੁਕਾਬਲੇ ਵਿੱਚ ਪਨਾਮਾ ਦੀ ਏਥਿਆਨਾ ਬਾਈਲੋਨ ਨੂੰ 5-0 ਨਾਲ ਮਾਤ ਦਿੱਤੀ। ਇਸ ਮੁਕਾਬਲੇ ਵਿੱਚ ਹਾਲਾਂਕਿ ਦੋਵਾਂ ਮੁੱਕੇਬਾਜ਼ਾਂ ਨੇ ਕਈ ਵਾਰ ਇੱਕ-ਦੂਜੇ ਨੂੰ ਹੇਠਾਂ ਡੇਗਿਆ। ਆਸਾਮ ਦੀ ਇਹ ਮੁੱਕੇਬਾਜ਼ ਕਾਫ਼ੀ ਮਜ਼ਬੂਤ ਹੈ ਅਤੇ ਉਸ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ, ਪਰ ਪਨਾਮਾ ਦੀ ਖਿਡਾਰਨ ਨੇ ਆਪਣਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਭਾਰਤੀ ਮੁੱਕੇਬਾਜ਼ ਹਾਲਾਂਕਿ ਜੱਜਾਂ ਦੇ ਫ਼ੈਸਲੇ ਵਿੱਚ ਜੇਤੂ ਰਹੀ। ਹੁਣ ਲਵਲੀਨਾ ਮੰਗਲਵਾਰ ਨੂੰ ਆਸਟਰੇਲੀਆ ਦੀ ਕਾਯੇ ਫਰਾਂਸਿਸ ਸਕਾਟ ਨਾਲ ਭਿੜੇਗੀ। ਸਕਾਟ ਨੇ ਇੱਕ ਹੋਰ ਮੁਕਾਬਲੇ ਵਿੱਚ ਕਜ਼ਾਖਸਤਾਨ ਦੀ ਅਕਰਕੇ ਬਖਿਤਜਾਨ ਨੂੰ 5-0 ਨਾਲ ਸ਼ਿਕਸਤ ਦਿੱਤੀ। ਭਾਗਿਆਵਤੀ ਨੇ ਲਾਈਟ ਹੈਵੀਵੇਟ ਦੇ ਸ਼ੁਰੂਆਤੀ ਗੇੜ ਦੇ ਮੁਕਾਬਲੇ ਵਿੱਚ ਜਰਮਨੀ ਦੀ ਇਰੀਨਾ ਸ਼ਕੋਨਬਰਗਰ ਨੂੰ 4-1 ਨਾਲ ਹਰਾਇਆ। ਭਾਗਿਆਵਤੀ ਦਾ ਕੱਦ-ਕਾਠ ਘੱਟ ਹੋਣ ਕਾਰਨ ਉਸ ਨੂੰ ਜਰਮਨੀ ਦੀ ਮੁੱਕੇਬਾਜ਼ ਖ਼ਿਲਾਫ਼ ਕਾਫ਼ੀ ਮੁਸ਼ੱਕਤ ਕਰਨ ਪਈ।

Previous articleਹਰਮੋਹਨ ਧਵਨ ‘ਆਪ’ ਵਿੱਚ ਹੋਏ ਸ਼ਾਮਲ
Next articleਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਲਕਸ਼ੈ ਨੂੰ ਕਾਂਸੀ