ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਪੁਰਸ਼ ਟੀਮ ਦੇ ਮੁੱਖ ਕੋਚ ਸਣੇ ਸਹਿਯੋਗੀ ਸਟਾਫ਼ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗਤਾ ਮਾਪਦੰਡਾਂ ਅਨੁਸਾਰ ਮੁੱਖ ਕੋਚ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਜਦਕਿ ਉਸ ਕੋਲ ਘੱਟ ਤੋਂ ਘੱਟ ਦੋ ਸਾਲ ਕੋਚਿੰਗ ਦੇਣ ਦਾ ਕੌਮਾਂਤਰੀ ਤਜਰਬਾ ਵੀ ਹੋਣਾ ਚਾਹੀਦਾ ਹੈ।
ਬੀਸੀਸੀਆਈ ਨੇ ਸਹਿਯੋਗੀ ਸਟਾਫ਼ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਕੌਮੀ ਟੀਮ ਦੇ ਮੁੱਖ ਕੋਚ ਤੋਂ ਇਲਾਵਾ ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ, ਫਿਜ਼ੀਓਥਰੈਪਿਸਟ ਅਤੇ ਪ੍ਰਸ਼ਾਸਨਿਕ ਮੈਨੇਜਰ ਦੀ ਨਿਯੁਕਤੀ ਕੀਤੀ ਜਾਵੇਗੀ। ਇਨ੍ਹਾਂ ਸਾਰੇ ਅਹੁਦਿਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 30 ਜੁਲਾਈ ਸ਼ਾਮ ਪੰਜ ਵਜੇ ਤੱਕ ਹੈ। ਜੁਲਾਈ 2017 ਵਿੱਚ ਰਵੀ ਸ਼ਾਸਤਰੀ ਨੂੰ ਮੁੱਖ ਕੋਚ ਨਿਯੁਕਤ ਕਰਨ ਤੋਂ ਪਹਿਲਾਂ ਬੀਸੀਸੀਆਈ ਨੇ ਨੌਂ ਬਿੰਦੂਆਂ ਵਾਲੇ ਯੋਗਤਾ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਪੂਰੀ ਤਰ੍ਹਾਂ ਸਪਸ਼ਟਤਾ ਨਹੀਂ ਸੀ। ਇਸ ਵਾਰ ਮੁੱਖ ਕੋਚ, ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ ਅਤੇ ਫੀਲਡਿੰਗ ਕੋਚ ਲਈ ਤਿੰਨ ਬਿੰਦੂਆਂ ਦੀ ਯੋਗਤਾ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਬੀਸੀਸੀਆਈ ਨੇ ਬਿਆਨ ਵਿੱਚ ਕਿਹਾ ਕਿ ਮੁੱਖ ਕੋਚ ਦੇ ਉਮੀਦਵਾਰ ਕੋਲ ਟੈਸਟ ਖੇਡਣ ਵਾਲੇ ਦੇਸ਼ ਨੂੰ ਘੱਟ ਤੋਂ ਘੱਟ ਦੋ ਸਾਲ ਕੋਚਿੰਗ ਦੇਣ ਦਾ ਤਜਰਬਾ ਹੋਣਾ ਚਾਹੀਦਾ ਜਾਂ ਐਸੋਸੀਏਟ ਮੈਂਬਰ/‘ਏ’ ਟੀਮ/ਆਈਪੀਐਲ ਟੀਮ ਨੂੰ ਤਿੰਨ ਸਾਲ ਕੋਚਿੰਗ ਦੇਣ ਦਾ ਅਨੁਭਵ ਹੋਵੇ। ਇਸ ਦੇ ਨਾਲ ਹੀ ਉਮੀਦਵਾਰ ਨੇ 30 ਟੈਸਟ ਜਾਂ 50 ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਹੋਣ। ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਲਈ ਯੋਗਤਾ ਨਿਯਮ ਵੀ ਇਹੋ ਹਨ, ਸਿਰਫ਼ ਉਮੀਦਵਾਰਾਂ ਵੱਲੋਂ ਖੇਡੇ ਗਏ ਮੈਚਾਂ ਵਿੱਚ ਫ਼ਰਕ ਹੈ। ਇਨ੍ਹਾਂ ਤਿੰਨ ਅਹੁਦਿਆਂ ਦੇ ਉਮੀਦਵਾਰਾਂ ਦੇ ਘੱਟ ਤੋਂ ਘੱਟ ਦਸ ਟੈਸਟ ਜਾਂ 25 ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਹੋਣੇ ਲਾਜ਼ਮੀ ਹਨ।
ਭਾਰਤ ਦੇ ਤਿੰਨ ਅਗਸਤ ਤੋਂ ਤਿੰਨ ਸਤੰਬਰ ਤੱਕ ਹੋਣ ਵਾਲੇ ਵੈਸਟ ਇੰਡੀਜ਼ ਦੇ ਦੌਰੇ ਨੂੰ ਵੇਖਦਿਆਂ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਬੱਲੇਬਾਜ਼ੀ ਕੋਚ ਸੰਜੈ ਬਾਂਗੜ ਅਤੇ ਫੀਲਡਿੰਗ ਕੋਚ ਆਰ ਸ੍ਰੀਧਰ ਦੇ ਸਮਝੌਤੇ ਨੂੰ ਵਿਸ਼ਵ ਕੱਪ ਮਗਰੋਂ 45 ਦਿਨ ਲਈ ਵਧਾਇਆ ਗਿਆ ਹੈ। ਇਹ ਸਾਰੇ ਮੁੜ ਅਰਜ਼ੀਆਂ ਦੇ ਸਕਦੇ ਹਨ, ਪਰ ਟੀਮ ਨੂੰ ਨਵਾਂ ਟਰੇਨਰ ਅਤੇ ਫਿਜ਼ੀਓ ਮਿਲਣਾ ਤੈਅ ਹੈ ਕਿਉਂਕਿ ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਭਾਰਤ ਦੀ ਹਾਰ ਮਗਰੋਂ ਸ਼ੰਕਰ ਬਾਸੂ ਅਤੇ ਪੈਟਰਿਕ ਫਰਹਾਰਟ ਟੀਮ ਤੋਂ ਹਟ ਗਏ ਹਨ।
ਵੈਸਟ ਇੰਡੀਜ਼ ਦੌਰੇ ਮਗਰੋਂ ਭਾਰਤ ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਦੱਖਣੀ ਅਫਰੀਕਾ ਖ਼ਿਲਾਫ਼ 15 ਸਤੰਬਰ ਤੋਂ ਹੋਵੇਗੀ। ਰਵੀ ਸ਼ਾਸਤਰੀ ਨੂੰ ਅਨਿਲ ਕੁੰਬਲੇ ਦਾ ਕਾਰਜਕਾਲ ਵਿਵਾਦਮਈ ਢੰਗ ਨਾਲ ਖ਼ਤਮ ਹੋਣ ਮਗਰੋਂ 2017 ਵਿੱਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਇਹ 57 ਸਾਲਾ ਸਾਬਕਾ ਕਪਤਾਨ ਅਗਸਤ 2014 ਤੋਂ ਜੂਨ 2016 ਤੱਕ ਭਾਰਤੀ ਟੀਮ ਦਾ ਨਿਰਦੇਸ਼ਕ ਵੀ ਰਿਹਾ ਸੀ। ਭਾਰਤ ਨੇ ਹਾਲਾਂਕਿ ਉਸ ਦੇ ਕੋਚ ਰਹਿੰਦਿਆਂ ਕੋਈ ਵੱਡਾ ਆਈਸੀਸੀ ਟੂਰਨਾਮੈਂਟ ਨਹੀਂ ਜਿੱਤਿਆ। ਹਾਲਾਂਕਿ ਟੀਮ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਸਟਰੇਲੀਆ ਵਿੱਚ ਪਹਿਲੀ ਟੈਸਟ ਲੜੀ ਜਿੱਤ ਕੇ ਇਤਿਹਾਸ ਸਿਰਜਿਆ ਸੀ।
HOME ਵਿਸ਼ਵ ਕੱਪ ਮਗਰੋਂ ਬੀਸੀਸੀਆਈ ਨੂੰ ਕੋਚ ਦੀ ਭਾਲ