ਭਾਰਤੀ ਕੋਚ ਰਵੀ ਸ਼ਾਸਤਰੀ ਨੇ ਅੱਜ ਕਿਹਾ ਕਿ ਇਕ ਰੋਜ਼ਾ ਟੀਮ ਵਿੱਚ ਹੁਣ ਕੋਈ ਛੇੜਛਾੜ ਅਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫਰੀਕਾ ਖ਼ਿਲਾਫ਼ 5 ਜੂਨ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਹੁਣ ਭਾਰਤ ਨੂੰ ਸਿਰਫ਼ 13 ਮੈਚ ਹੋਰ ਖੇਡਣੇ ਹਨ। ਉਨ੍ਹਾਂ ਸੰਕੇਤ ਦਿੱਤੇ ਕਿ ਉਹ ਹੁਣ ਤੋਂ ਉਨ੍ਹਾਂ ਦੇ 15 ਖਿਡਾਰੀਆਂ ਨਾਲ ਹੀ ਖੇਡਣਗੇ ਜਿਨ੍ਹਾਂ ਦੇ ਵਿਸ਼ਵ ਕੱਪ ਵਾਸਤੇ ਬਰਤਾਨੀਆ ਜਾਣ ਦੀ ਸੰਭਾਵਨਾ ਹੈ। ਆਸਟਰੇਲੀਆ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਉਹ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਹੁਣ ਟੀਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਬਦਲਾਅ ਦਾ ਸਮਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖਿਡਾਰੀ ਆਪਣਾ ਧਿਆਨ ਕੇਂਦਰਿਤ ਕਰਨ ਤੇ ਇਕਾਈ ਵਜੋਂ ਖੇਡਣ। ਉਨ੍ਹਾਂ ਆਸ ਪ੍ਰਗਟਾਈ ਕਿ ਸੱਟਾਂ ਦੀ ਜ਼ਿਆਦਾ ਸਮੱਸਿਆ ਨਹੀਂ ਹੋਵੇਗੀ ਜਿਸ ਨਾਲ ਕਿ ਉਨ੍ਹਾਂ ਨੂੰ ਹੋਰਨਾਂ ਖਿਡਾਰੀਆਂ ਵੱਲ ਨਹੀਂ ਦੇਖਣਾ ਪਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਜ਼ਿਆਦਾ ਮੈਚ ਨਹੀਂ ਬਚੇ ਹਨ। ਉਨ੍ਹਾਂ ਕੋਲ 13 ਮੈਚ ਹਨ, ਇਸ ਵਾਸਤੇ ਉਹ ਹਰ ਸਮੇਂ ਸਰਵੋਤਮ ਟੀਮ ਨੂੰ ਖਿਡਾਉਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਮੈਚਾਂ ਵਿੱਚ ਆਸਟਰੇਲੀਆ ਖ਼ਿਲਾਫ਼ ਉਸ ਦੀ ਸਰਜ਼ਮੀਂ ’ਤੇ ਤਿੰਨ ਮੈਚਾਂ ਦੀ ਲੜੀ ਅਤੇ ਫਿਰ ਨਿਊਜ਼ੀਲੈਂਡ ਵਿੱਚ ਪੰਜ ਮੈਚਾਂ ਦੀ ਲੜੀ ਹੈ। ਆਸਟਰੇਲਿਆਈ ਟੀਮ ਵੀ ਇਸ ਦੇ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤ ਆਏਗੀ। ਭਾਰਤ, ਆਸਟਰੇਲੀਆ ਖ਼ਿਲਾਫ਼ 6 ਦਸੰਬਰ ਤੋਂ ਐਡਿਲੈਡ ’ਚ ਚਾਰ ਟੈਸਟ ਮੈਚਾਂ ਦੀ ਲੜੀ ਖੇਡੇਗਾ। ਸ਼ਾਸਤਰੀ ਨੇ ਕਿਹਾ ਕਿ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿੱਚ ਆਪਣੇ ਤਜਰਬੇ ਤੋਂ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਰੂਪਾਂ ’ਚ ਕਾਫੀ ਸੁਧਾਰ ਨਜ਼ਰ ਆਉਂਦਾ ਹੈ ਅਤੇ ਉਹ ਇੰਗਲੈਂਡ ’ਚ ਲੜੀ ਦੇ ਨਤੀਜੇ ਤੋਂ ਬਾਅਦ ਵੀ ਅਜਿਹਾ ਆਖ ਰਹੇ ਹਨ। ਖਿਡਾਰੀ ਆਪਣੇ ਪਿਛਲੇ ਦੌਰਿਆਂ ਦੇ ਤਜਰਬਿਆਂ ਤੋਂ ਸਿੱਖਣਗੇ। ਇਹ ਸਿੱਖਣ ਦੀ ਪ੍ਰਕਿਰਿਆ ਹੈ।
Sports ਵਿਸ਼ਵ ਕੱਪ ਤੱਕ ਟੀਮ ਨਾਲ ਛੇੜਛਾੜ ਨਹੀਂ: ਸ਼ਾਸਤਰੀ