ਵੇਲਿੰਗਟਨ: ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਹੈਮਿਲਟਨ ਵਿੱਚ ਮਿਲੀ ਹਾਰ ਮਗਰੋਂ ਉਸ ਦੀ ਟੀਮ ਵਿਸ਼ਵ ਕੱਪ ਦੇ ਮੁਸ਼ਕਲ ਹਾਲਾਤ ਦੇ ਮਦੇਨਜ਼ਰ ਖ਼ੁਦ ਨੂੰ ਪਰਖਣਾ ਚਾਹੁੰਦੀ ਸੀ। ਉਸ ਨੇ ਪੰਜਵੇਂ ਇੱਕ ਰੋਜ਼ਾ ਵਿੱਚ ਟੀਮ ਦੇ ਜਜ਼ਬੇ ਦੀ ਪ੍ਰਸੰਸਾ ਕੀਤੀ, ਜਿਸ ਕਾਰਨ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਲੜੀ 4-1 ਨਾਲ ਜਿੱਤੀ। ਰੋਹਿਤ ਨੇ ਮੈਚ ਖ਼ਤਮ ਹੋਣ ਮਗਰੋਂ ਕਿਹਾ, ‘‘ਜਦੋਂ ਅਸੀਂ ਚਾਰ ਵਿਕਟਾਂ ਗੁਆ ਲਈਆਂ ਤਾਂ ਸਾਡੇ ਵਿੱਚੋਂ ਕਿਸੇ ਨਾ ਕਿਸੇ ਨੂੰ ਮੈਦਾਨ ’ਤੇ ਟਿਕਣ ਦੀ ਲੋੜ ਸੀ। ਰਾਇਡੂ ਅਤੇ ਵਿਜੈ ਸ਼ੰਕਰ ਨੇ ਅਜਿਹਾ ਹੀ ਕੀਤਾ। ਦੋਵਾਂ ਵਿਚਾਲੇ ਸਾਂਝੇਦਾਰੀ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਟੀਮ ਦਾ ਜਜ਼ਬਾ ਸ਼ਾਨਦਾਰ ਰਿਹਾ।’’ ਰੋਹਿਤ ਨੇ ਕਿਹਾ, ‘‘ਸ਼ੁਰੂ ਵਿੱਚ ਚਾਰ ਵਿਕਟਾਂ ਗੁਆਉਣ ਮਗਰੋਂ ਚੀਜ਼ਾਂ ਆਸਾਨ ਨਹੀਂ ਸਨ। ਗੇਂਦਬਾਜ਼ਾਂ ਨੇ ਅਹਿਮ ਮੌਕਿਆਂ ’ਤੇ ਵਿਕਟਾਂ ਲਈਆਂ। ਮੈਂ ਇਸ ਤੋਂ ਵੱਧ ਦੀ ਉਮੀਦ ਨਹੀਂ ਕਰ ਸਕਦਾ।’’ ‘ਪਲੇਅਰ ਆਫ ਦਿ ਮੈਚ’ ਰਹੇ ਰਾਇਡੂ ਨੇ ਕਿਹਾ ਕਿ ਚੰਗੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਮੁਸ਼ਕਲ ਸੀ ਅਤੇ ਉਹ ਸਿਰਫ਼ ਆਪਣੀ ਵਿਕਟ ਬਚਾਅ ਕੇ ਅਖ਼ੀਰ ਤੱਕ ਖੇਡਣਾ ਚਾਹੁੰਦੇ ਸਨ।
Sports ਵਿਸ਼ਵ ਕੱਪ ਤੋਂ ਪਹਿਲਾਂ ਖ਼ੁਦ ਨੂੰ ਪਰਖਣਾ ਚਾਹੁੰਦਾ ਸੀ: ਰੋਹਿਤ