ਕ੍ਰਿਕਟ ਜਗਤ ਇੱਕ ਨਵੇਂ ਚੈਂਪੀਅਨ ਦੇ ਰੂਬਰੂ ਹੋਵੇਗਾ, ਜਦੋਂ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਅਤੇ ਹਮੇਸ਼ਾ ‘ਛੁਪਿਆ ਰੁਸਤਮ ਸਮਝੀ ਜਾਣ ਵਾਲੀ’ ਨਿਊਜ਼ੀਲੈਂਡ ਦੀਆਂ ਟੀਮਾਂ ਐਤਵਾਰ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਲਈ ਇੱਕ-ਦੂਜੇ ਨਾਲ ਭਿੜਨਗੀਆਂ। ਇੰਗਲੈਂਡ ਨੇ 1966 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਸੀ, ਪਰ ਕ੍ਰਿਕਟ ਵਿੱਚ ਉਸ ਦੀ ਝੋਲੀ ਖ਼ਾਲੀ ਰਹੀ ਹੈ। ਫੁਟਬਾਲ ਵਿੱਚ ਗੈਰੀ ਲਿਨਾਕੇਰ ਤੋਂ ਲੈ ਕੇ ਡੇਵਿਡ ਬੈਕਹਮ ਅਤੇ ਹੈਰੀ ਕੇਨ ਤੱਕ, ਕੋਈ ਉਸ ਮਗਰੋਂ ਇੰਗਲੈਂਡ ਲਈ ‘ਵਿਸ਼ਵ ਕੱਪ’ ਨਹੀਂ ਜਿੱਤ ਸਕਿਆ। ਮਹਿਲਾ ਫੁਟਬਾਲ ਟੀਮ ਵੀ ਸੈਮੀ-ਫਾਈਨਲ ਵਿੱਚ ਹਾਰ ਗਈ। ਇਯੋਨ ਮੌਰਗਨ ਦੀ ਕ੍ਰਿਕਟ ਟੀਮ ਦਾ ਸਫ਼ਰ ਵੀ ਉਤਰਾਅ-ਚੜ੍ਹਾਅ ਵਾਲਾ ਰਿਹਾ, ਪਰ ਇਹ ਮਜ਼ਬੂਤ ਦਾਅਵੇਦਾਰ ਵਜੋਂ ਬਣ ਕੇ ਉਭਰੀ। ਉਹ ਵੀ ਅਜਿਹੇ ਸਮੇਂ ਜਦੋਂ ਬਰਤਾਨੀਆ ਵਿੱਚ ਕ੍ਰਿਕਟ ਦਾ ਮੁਫ਼ਤ ਪ੍ਰਸਾਰਨ ਨਹੀਂ ਹੁੰਦਾ। ਐਤਵਾਰ ਨੂੰ ਹਾਲਾਤ ਵੱਖਰੇ ਹੋਣਗੇ, ਜਦੋਂ ਸਾਰੇ ਰਾਹ ਕ੍ਰਿਕਟ ਦੇ ਮੈਦਾਨ ਵੱਲ ਮੁੜਨਗੇ। ਪਹਿਲੀ ਵਾਰ ਦੇਸ਼ ਵਿੱਚ ਫੁਟਬਾਲ ਦੀ ਥਾਂ ਕ੍ਰਿਕਟ ਬਾਰੇ ਚਰਚਾ ਆਮ ਰਹੇਗੀ। ਪਹਿਲੀ ਵਾਰ ਇੰਗਲੈਂਡ ਵਿੱਚ ਕਿਸੇ ਇੱਕ ਰੋਜ਼ਾ ਟੀਮ ਨੇ ਆਪਣੀ ਜ਼ਬਰਦਸਤ ਖੇਡ ਨਾਲ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ। ਪਿਛਲੇ ਵਿਸ਼ਵ ਕੱਪ ਵਿੱਚ ਪਹਿਲੇ ਗੇੜ ’ਚੋਂ ਬਾਹਰ ਹੋਣ ਦੇ ਅਪਮਾਨ ਨੂੰ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਪ੍ਰੇਰਨਾ ਵਜੋਂ ਲਿਆ ਅਤੇ ਚੋਟੀ ’ਤੇ ਪਹੁੰਚ ਗਈ। ਇੰਗਲੈਂਡ ਦੇ ਜੌਨੀ ਬੇਅਰਸਟੋ, ਜੇਸਨ ਰਾਏ, ਜੋਅ ਰੂਟ, ਜੋਸ ਬਟਲਰ ਅਤੇ ਬੇਨ ਸਟੌਕਸ ਵਜੋਂ ਪੰਜ ਸਟਾਰ ਖਿਡਾਰੀ ਹਨ, ਜੋ ਇਹ ਯਕੀਨੀ ਬਣਾਉਣਗੇ ਕਿ ਮੇਜ਼ਬਾਨ ਟੀਮ 1979, 1987 ਅਤੇ 1992 ਮਗਰੋਂ ਹੁਣ ਖ਼ਿਤਾਬ ਤੋਂ ਨਾ ਖੁੰਝੇ। ਸਭ ਤੋਂ ਪਹਿਲਾਂ ਇੰਗਲੈਂਡ ਨੇ ਸਾਲ 1979 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਫਾਈਨਲ ਖੇਡਿਆ ਸੀ। ਇਸ ਮਗਰੋਂ 1987 ਵਿੱਚ ਈਡਨ ਗਾਰਡਨ ਵਿੱਚ ਖੇਡੇ ਫਾਈਨਲ ਵਿੱਚ ਐਲਨ ਬਾਰਡਰ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੇ ਉਸ ਨੂੰ ਹਰਾਇਆ ਸੀ। ਆਖ਼ਰੀ ਵਾਰ 1992 ਵਿੱਚ ਇਮਰਾਨ ਖ਼ਾਨ ਦੀ ਪਾਕਿਸਤਾਨੀ ਟੀਮ ਇੰਗਲੈਂਡ ਨੂੰ ਸ਼ਿਕਸਤ ਦੇ ਕੇ ਵਿਸ਼ਵ ਚੈਂਪੀਅਨ ਬਣੀ ਸੀ। ਇਸ ਵਾਰ ਜੇਸਨ ਰਾਏ (426 ਦੌੜਾਂ) ਅਤੇ ਬੇਅਰਸਟੋ (496 ਦੌੜਾਂ) ਸ਼ਾਨਦਾਰ ਲੈਅ ਵਿੱਚ ਹਨ ਅਤੇ ਹਰ ਗੇਂਦਬਾਜ਼ ਦੀਆਂ ਧੱਜੀਆਂ ਉਡਾਉਣ ਲਈ ਤਿਆਰ-ਬਰ-ਤਿਆਰ ਹਨ, ਜਦੋਂਕਿ ਜੋਅ ਰੂਟ (549 ਦੌੜਾਂ) ਨੇ ਮੱਧਕ੍ਰਮ ਨੂੰ ਮਜ਼ਬੂਤ ਕੀਤਾ ਹੈ। ਗੇਂਦਬਾਜ਼ੀ ਵਿੱਚ ਜੌਫਰਾ ਆਰਚਰ (19 ਵਿਕਟਾਂ), ਕ੍ਰਿਸ ਵੋਕਸ (13 ਵਿਕਟਾਂ) ਅਤੇ ਲਿਆਮ ਪਲੰਕੇਟ (ਅੱਠ ਵਿਕਟਾਂ) ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।ਦੂਜੇ ਪਾਸੇ, ਨਿਊਜ਼ੀਲੈਂਡ ਇਸ ਤੋਂ ਪਹਿਲਾਂ 2015 ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚਿਆ ਸੀ, ਪਰ ਉਸ ਨੂੰ ਆਸਟਰੇਲੀਆ ਤੋਂ ਹਾਰ ਝੱਲਣੀ ਪਈ ਸੀ। ਹੁਣ ਕਿਵੀ ਟੀਮ ਕੋਲ ਕੇਨ ਵਿਲੀਅਮਸਨ ਵਰਗਾ ਕਪਤਾਨ ਹੈ, ਜੋ ਸਮੇਂ-ਸਮੇਂ ’ਤੇ ਉਸ ਦੇ ਲਈ ਸੰਕਟਮੋਚਕ ਬਣਿਆ ਹੈ। ਸੈਮੀ-ਫਾਈਨਲ ਵਿੱਚ ਭਾਰਤ ਨੂੰ ਹਰਾਉਣ ਮਗਰੋਂ ਉਸ ਦੇ ਹੌਸਲੇ ਬੁਲੰਦ ਹੋਣਗੇ। ਕਿਵੀ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਮੈਟ ਹੈਨਰੀ ਇੰਗਲੈਂਡ ਟੀਮ ਦੇ ਬੱਲੇਬਾਜ਼ਾਂ ਨੂੰ ਕਿਵੇਂ ਕਾਬੂ ਕਰਦੇ ਹਨ, ਇਹ ਵੀ ਵੇਖਣਾ ਦਿਲਚਸਪ ਹੋਵੇਗਾ।
ਨਿਊਜ਼ੀਲੈਂਡ ਦੀ ਟੀਮ ਵਿੱਚ ਛੇ ਖਿਡਾਰੀ ਅਜਿਹੇ ਹਨ, ਜੋ ਪਿਛਲੀ ਵਾਰ ਵਿਸ਼ਵ ਕੱਪ ਫਾਈਨਲ ਖੇਡ ਚੁੱਕੇ ਹਨ। ਵਿਲੀਅਮਸਨ 548 ਦੌੜਾਂ ਬਣਾ ਚੁੱਕਿਆ ਹੈ, ਜਦਕਿ ਰੌਸ ਟੇਲਰ ਨੇ 335 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਮਿਸ਼ੇਲ ਸੇਂਟਨਰ, ਜਿੰਮੀ ਨੀਸ਼ਾਮ, ਕੋਲਿਨ ਡੀ ਗਰੈਂਡਹੋਮ ਨੇ ਟੀਮ ਦਾ ਭਰੋਸਾ ਜਿੱਤਿਆ ਹੈ। ਮੈਚ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ।
ਇੰਗਲੈਂਡ: ਇਯੋਨ ਮੌਰਗਨ (ਕਪਤਾਨ), ਮੋਈਨ ਅਲੀ, ਜੌਫਰਾ ਆਰਚਰ, ਜੌਨੀ ਬੇਅਰਸਟੋ, ਜੋਸ ਬਟਲਰ, ਟੌਮ ਕੁਰੇਨ, ਲਿਆਮ ਡਾਸਨ, ਲਿਆਮ ਪਲੰਕੇਟ, ਆਦਿਲ ਰਸ਼ੀਦ, ਜੋਅ ਰੂਟ, ਜੇਸਨ ਰਾਏ, ਬੇਨ ਸਟੌਕਸ, ਜੇਮਜ਼ ਵਿੰਸ, ਕ੍ਰਿਸ ਵੋਕਸ, ਮਾਰਕ ਵੁੱਡ। ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਰੌਸ ਟੇਲਰ, ਟੌਮ ਲੈਥਮ, ਟੌਮ ਬਲੰਡੇਲ, ਕੋਲਿਨ ਡੀ ਗਰੈਂਡਹੋਮ, ਜਿੰਮੀ ਨੀਸ਼ਾਮ, ਟ੍ਰੈਂਟ ਬੋਲਟ, ਲੌਕੀ ਫਰਗੂਸਨ, ਮੈਟ ਹੈਨਰੀ, ਮਿਸ਼ੇਲ ਸੇਂਟਨਰ, ਹੈਨਰੀ ਨਿਕੋਲਸ, ਟਿਮ ਸਾਊਦੀ, ਈਸ਼ ਸੋਢੀ।
Sports ਵਿਸ਼ਵ ਕੱਪ: ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ