ਪਹਿਲੇ ਮੈਚ ਵਿੱਚ ਓਮਾਨ ਹੱਥੋਂ ਦਿਲ ਤੋੜਨ ਵਾਲੀ ਹਾਰ ਝੱਲਣ ਮਗਰੋਂ ਭਾਰਤੀ ਫੁਟਬਾਲ ਟੀਮ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਫੀਫਾ ਵਿਸ਼ਵ ਕੱਪ ਦੇ ਇੱਥੇ ਮੰਗਲਵਾਰ ਰਾਤ ਨੂੰ ਹੋਏ ਕੁਆਲੀਫਾਇਰ ਮੈਚ ਵਿੱਚ ਏਸ਼ਿਆਈ ਕੱਪ ਜੇਤੂ ਕਤਰ ਨੂੰ ਬਰਾਬਰੀ ’ਤੇ ਰੋਕ ਦਿੱਤਾ। ਬੁਖ਼ਾਰ ਤੋਂ ਪੀੜਤ ਆਪਣੇ ਕਪਤਾਨ ਸੁਨੀਲ ਛੇਤਰੀ ਤੋਂ ਬਿਨਾਂ ਮੈਦਾਨ ਵਿੱਚ ਉਤਰੇ ਭਾਰਤੀ ਫੁਟਬਾਲਰਾਂ ਨੇ ਜਨਵਰੀ ਵਿੱਚ ਏਸ਼ਿਆਈ ਕੱਪ ਜਿੱਤਣ ਵਾਲੇ ਕਤਰ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ। ਪੂਰੇ ਮੈਚ ਵਿੱਚ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਸਿਤਾਰਾ ਬਣ ਕੇ ਚਮਕਿਆ ਅਤੇ ਗਰੁੱਪ ‘ਈ’ ਦੇ ਮੁਕਾਬਲੇ ਵਿੱਚ ਉਸ ਨੇ ਕਤਰ ਨੂੰ ਗੋਲ ਤੋਂ ਵਾਂਝਾ ਰੱਖਿਆ। ਤਾਜ਼ਾ ਫੀਫਾ ਦਰਜਾਬੰਦੀ ਵਿੱਚ 103 ਨੰਬਰ ’ਤੇ ਕਾਬਜ਼ ਭਾਰਤ ਨੇ ਵਿਸ਼ਵ ਵਿੱਚ 62ਵੇਂ ਨੰਬਰ ਦੀ ਟੀਮ ਕਤਰ ਨੂੰ ਉਸ ਦੇ ਹੀ ਮੈਦਾਨ ਵਿੱਚ ਡਰਾਅ ’ਤੇ ਰੋਕਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲੀਆ ਕੁੱਝ ਸਮੇਂ ’ਚ ਭਾਰਤ ਦਾ ਇਹ ਸਰਵੋਤਮ ਨਤੀਜਾ ਹੈ।
ਇਸ ਤੋਂ ਪਹਿਲਾਂ ਗੁਹਾਟੀ ਵਿੱਚ ਭਾਰਤ ਪੰਜ ਸਤੰਬਰ ਨੂੰ ਓਮਾਨ ਤੋਂ 1-2 ਗੋਲਾਂ ਨਾਲ ਹਾਰ ਗਿਆ ਸੀ। ਕਤਰ ਨਾਲ ਮੁਕਾਬਲੇ ਮਗਰੋਂ ਹੁਣ ਭਾਰਤ ਦਾ ਇੱਕ ਅੰਕ ਹੋ ਗਿਆ ਹੈ, ਜਦੋਂਕਿ ਕਤਰ ਦੇ ਚਾਰ ਅੰਕ ਹਨ। ਕਤਰ ਨੇ ਪਹਿਲੇ ਮੈਚ ਵਿੱਚ ਅਫ਼ਗਾਨਿਸਤਾਨ ਨੂੰ 6-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਪਿਛਲਾ ਅਧਿਕਾਰਤ ਮੈਚ ਸਤੰਬਰ 2007 ਦੌਰਾਨ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਖੇਡਿਆ ਗਿਆ, ਜਿਸ ਵਿੱਚ ਕਤਰ ਨੇ ਭਾਰਤ ਨੂੰ 6-0 ਗੋਲਾਂ ਨਾਲ ਹਰਾਇਆ ਸੀ। ਭਾਰਤੀ ਟੀਮ ਹੁਣ ਗਰੁੱਪ ‘ਈ’ ਵਿੱਚ ਤੀਜਾ ਮੈਚ 15 ਅਕਤੂਬਰ ਨੂੰ ਕੋਲਕਾਤਾ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ। ਇਸ ਮਗਰੋਂ 14 ਨਵੰਬਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਅਤੇ 19 ਨਵੰਬਰ ਨੂੰ ਮਸਕਟ ਵਿੱਚ ਓਮਾਨ ਖ਼ਿਲਾਫ਼ ਮੈਚ ਹੋਵੇਗਾ। ਫਿਰ ਟੀਮ ਅਗਲੇ ਸਾਲ 26 ਮਾਰਚ ਨੂੰ ਕਤਰ ਖ਼ਿਲਾਫ਼ ਆਪਣਾ ਘਰੇਲੂ ਮੈਚ ਖੇਡੇਗੀ। ਅੱਠ ਗਰੁੱਪ ਵਿੱਚ ਹਰੇਕ ਸੀਨੀਅਰ ਟੀਮ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਸਰਵੋਤਮ ਚਾਰ ਟੀਮਾਂ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਗੇੜ ਵਿੱਚ ਪਹੁੰਚਣਗੀਆਂ।