ਰਵੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਪਹਿਲੀ ਜਿੱਤ ਦਰਜ ਕੀਤੀ, ਪਰ ਇਸ ਮਗਰੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਅੱਜ ਇੱਥੇ ਦੂਜੇ ਦਿਨ ਵੀ ਦੇਸ਼ ਦੇ ਗਰੀਕੋ ਰੋਮਨ ਪਹਿਲਵਾਨਾਂ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਤਿੰਨ ਭਾਰ ਵਰਗਾਂ ਵਿੱਚ ਓਲੰਪਿਕ ਕੋਟੇ ਦਾਅ ’ਤੇ ਲੱਗੇ ਹੋਏ ਸਨ, ਪਰ ਤਿੰਨਾਂ ਭਾਰਤੀਆਂ ਮਨੀਸ਼ (67 ਕਿਲੋ), ਸੁਨੀਲ ਕੁਮਾਰ (87 ਕਿਲੋ) ਅਤੇ ਰਵੀ (97 ਕਿਲੋ) ਸਖ਼ਤ ਟੱਕਰ ਦੇਣ ਵਿੱਚ ਅਸਫਲ ਰਹੇ। ਪਹਿਲੇ ਦਿਨ ਚਾਰ ਪਹਿਲਵਾਨ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕੇ, ਜਦਕਿ ਇਨ੍ਹਾਂ ਵਿੱਚੋਂ ਤਿੰਨ ਤਾਂ ਇੱਕ ਅੰਕ ਵੀ ਹਾਸਲ ਨਹੀਂ ਕੀਤਾ।
ਰਵੀ ਨੇ ਚੀਨੀ ਤਾਇਪੈ ਦੇ ਚੇਂਗ ਹਾਓ ਚੇਨ ਨੂੰ ਹਰਾਇਆ। ਭਾਰਤੀ ਪਹਿਲਵਾਨ ਨੇ 5-0 ਨਾਲ ਜਿੱਤ ਦਰਜ ਕੀਤੀ। ਰਵੀ ਨੂੰ ਹਾਲਾਂਕਿ ਚੈੱਕ ਗਣਰਾਜ ਦੇ ਆਰਤੁਰ ਓਮਾਰੋਵ ਖ਼ਿਲਾਫ਼ ਅਗਲੇ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ’ਚੋਂ ਬਾਹਰ ਨਿਕਲਣ ਕਾਰਨ ਰਵੀ ਨੇ ਦੋ ਅੰਕ ਗੁਆ ਲਏ ਅਤੇ ਫਿਰ ਵੱਧ ਰੱਖਿਆਤਮਕ ਖੇਡ ਲਈ ਵੀ ਇੱਕ ਅੰਕ ਉਸ ਖ਼ਿਲਾਫ਼ ਗਿਆ। ਓਮਾਰੋਵ ਨੇ ਇੱਕ ਝਟਕੇ ਵਿੱਚ ਮੁੱਕੇਬਾਜ਼ੀ ਪੂਰੀ ਕੀਤੀ ਅਤੇ ਪਹਿਲਾ ਰਾਊਂਡ ਖ਼ਤਮ ਹੋਣ ਤੋਂ 27 ਸੈਕਿੰਡ ਪਹਿਲਾਂ ਆਪਣੇ ਵਿਰੋਧੀ ਭਾਰਤੀ ਖਿਡਾਰੀ ਨੂੰ ਚਿੱਤ ਕਰ ਦਿੱਤਾ। ਓਮਾਰੋਵ ਨੂੰ ਇਸ ਮਗਰੋਂ ਕੁਆਰਟਰ ਫਾਈਨਲ ਵਿੱਚ ਸਰਬੀਆ ਦੇ ਮਿਹਾਇਲ ਕਜਈਆ ਤੋਂ 1-2 ਨਾਲ ਹਾਰ ਝੱਲਣੀ ਪਈ। ਇਸ ਤਰ੍ਹਾਂ ਰਵੀ ਦੀ ਤਗ਼ਮੇ ਦੀ ਉਮੀਦ ਵੀ ਖ਼ਤਮ ਹੋ ਗਈ।