ਵਿਸ਼ਵ ਅਥਲੈਟਿਕਸ: ਤੇਜਿੰਦਰਪਾਲ ਤੂਰ ਅਤੇ ਜੌਨਸਨ ਚੈਂਪੀਅਨਸ਼ਿਪ ’ਚੋਂ ਬਾਹਰ

ਭਾਰਤੀ ਗੋਲਾ ਸੁਟਾਵਾ ਤੇਜਿੰਦਰਪਾਲ ਸਿੰਘ ਤੂਰ ਅਤੇ 1500 ਮੀਟਰ ਦੌੜਾਕ ਜਿਨਸਨ ਜੌਨਸਨ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਆਪਣੇ ਮੁਕਾਬਲਿਆਂ ਦੇ ਫਾਈਨਲਜ਼ ਵਿੱਚ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ ਅਤੇ ਬਾਹਰ ਹੋ ਗਏ। ਦੋਵਾਂ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। 24 ਸਾਲ ਦੇ ਤੂਰ ਨੇ ਸੈਸ਼ਨ ਦੇ ਸਰਵੋਤਮ ਯਤਨ 20.43 ਮੀਟਰ ਨਾਲ ਗਰੁੱਪ ‘ਬੀ’ ਕੁਆਲੀਫਿਕੇਸ਼ਨ ਗੇੜ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ ਅਤੇ 34 ਮੁਕਾਬਲੇਬਾਜ਼ਾਂ ਵਿੱਚੋਂ 18ਵੇਂ ਨੰਬਰ ’ਤੇ ਰਿਹਾ।
ਜਿਨਸਨ ਪਹਿਲੇ ਗੇੜ ਦੀ ਹੀਟ ਵਿੱਚ ਤਿੰਨ ਮਿੰਟ 39.86 ਸੈਕਿੰਡ ਦੇ ਸਮੇਂ ਨਾਲ ਦਸਵੇਂ ਨੰਬਰ ’ਤੇ ਰਿਹਾ। 43 ਦੌੜਾਕਾਂ ਵਿੱਚ ਉਹ 34ਵਾਂ ਸਥਾਨ ਹੀ ਹਾਸਲ ਕਰ ਸਕਿਆ। ਤੂਰ ਗਰੁੱਪ ‘ਬੀ’ ਵਿੱਚ ਸਭ ਤੋਂ ਪਹਿਲਾਂ ਆਇਆ, ਪਰ ਗਰੁੱਪ ‘ਏ’ ਤੋਂ ਪਹਿਲਾਂ ਹੀ ਅੱਠ ਅਥਲੀਟ ਫਾਈਨਲ ਗੇੜ ਦੇ ਕੁਆਲੀਫਾਈਂਗ ਮਾਪਦੰਡ 20.90 ਮੀਟਰ ਨੂੰ ਪਾਰ ਕਰ ਚੁੱਕੇ ਸਨ। ਪੰਜਾਬ ਦੇ ਇਸ ਅਥਲੀਟ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 20.75 ਮੀਟਰ ਦਾ ਹੈ, ਜੋ ਕੌਮੀ ਰਿਕਾਰਡ ਵੀ ਹੈ। ਤੂਰ ਨੇ 20.43 ਮੀਟਰ ਨਾਲ ਸ਼ੁਰੂਆਤ ਕੀਤੀ, ਪਰ ਅਗਲਾ ਯਤਨਫਾਊਲ ਹੋ ਗਿਆ। ਤੀਜੇ ਅਤੇ ਆਖ਼ਰੀ ਯਤਨ ਵਿੱਚ ਉਹ 19.55 ਮੀਟਰ ਦੀ ਦੂਰੀ ਹੀ ਤੈਅ ਕਰ ਸਕਿਆ ਅਤੇ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਿਆ।
ਮੌਜੂਦਾ ਵਿਸ਼ਵ ਚੈਂਪੀਅਨ ਅਤੇ ਰੀਓ ਓਲੰਪਿਕ-2016 ਦੇ ਕਾਂਸੀ ਦਾ ਤਗ਼ਮਾ ਜੇਤੂ ਨਿਊਜ਼ੀਲੈਂਡ ਦਾ ਟੌਮਸ ਵਾਲਸ਼ 21.92 ਮੀਟਰ ਦੇ ਥਰੋਅ ਨਾਲ ਕੁਆਲੀਫਾਈਂਗ ਗੇੜ ਵਿੱਚ ਚੋਟੀ ’ਤੇ ਰਿਹਾ। ਤੂਰ ਨੇ ਜਕਾਰਤਾ 2018 ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਅਪਰੈਲ ਵਿੱਚ 20.22 ਮੀਟਰ ਦੇ ਥਰੋਅ ਨਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਭਾਰਤ ਦੇ 28 ਸਾਲਾ ਜਿਨਸਨ ਨੇ ਬੀਤੇ ਮਹੀਨੇ ਤਿੰਨ ਮਿੰਟ 35.24 ਸੈਕਿੰਡ ਦੇ ਸਮੇਂ ਨਾਲ ਆਪਣਾ ਕੌਮੀ ਰਿਕਾਰਡ ਤੋੜਿਆ ਸੀ, ਪਰ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸੇ ਲੈਅ ਨੂੰ ਜਾਰੀ ਰੱਖਣ ਵਿੱਚ ਅਸਫਲ ਰਿਹਾ।

Previous articleਪਹਿਲਾ ਟੈਸਟ: ਐਲਗਰ ਤੇ ਡੀਕੌਕ ਦੇ ਸੈਂਕੜੇ; ਦੱਖਣੀ ਅਫਰੀਕਾ ਦੀ ਵਾਪਸੀ
Next articleਮੋਦੀ ਖ਼ਿਲਾਫ਼ ਜੋ ਬੋਲੇਗਾ, ਜੇਲ੍ਹ ਜਾਵੇਗਾ: ਰਾਹੁਲ