ਕਾਂਗਰਸੀ ਆਗੂ ਵੱਲੋਂ ਕੇਂਦਰ ਅਤੇ ਯੂਪੀ ਦੀ ਭਾਜਪਾ ਸਰਕਾਰ ਦੀ ਤੁਲਨਾ ਬਰਤਾਨਵੀ ਹਕੂਮਤ ਨਾਲ
ਲਖ਼ਨਊ– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਤੁਲਨਾ ਬ੍ਰਿਟਿਸ਼ ਹਕੂਮਤ ਨਾਲ ਕਰਦਿਆਂ ਕਿਹਾ ਕਿ ਅੱਜ ਦੇਸ਼ ’ਚ ਉਸੇ ਤਰ੍ਹਾਂ ਦੀਆਂ ਤਾਕਤਾਂ ਸੱਤਾ ’ਤੇ ਕਾਬਜ਼ ਹਨ ਜਿਨ੍ਹਾਂ ਖ਼ਿਲਾਫ਼ ਆਜ਼ਾਦੀ ਦੀ ਲੜਾਈ ਲੜੀ ਗਈ ਸੀ। ਕਾਂਗਰਸ ਦੇ 135ਵੇਂ ਸਥਾਪਨਾ ਦਿਵਸ ਮੌਕੇ ਇੱਥੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ‘ਅੱਜ ਦੇਸ਼ ਸੰਕਟ ਵਿਚ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਸਰਕਾਰ ਵਿਰੋਧੀ ਸੁਰਾਂ ਉੱਠ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਨੂੰ ਜਬਰ ਤੇ ਭੈਅ ਨਾਲ ਦਬਾਉਣਾ ਚਾਹੁੰਦੀ ਹੈ।’ ਉਨ੍ਹਾਂ ਕਿਹਾ ਕਿ ਜਦ ਵੀ ਅਜਿਹੀ ਸਥਿਤੀ ਬਣਦੀ ਹੈ, ਕਾਂਗਰਸ ਚੁਣੌਤੀ ਕਬੂਲਦੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਹਿੰਸਾ ਤੇ ਡਰ ਲਈ ਕੋਈ ਜਗ੍ਹਾ ਨਹੀਂ ਹੈ। ਪ੍ਰਿਯੰਕਾ ਨੇ ਭਾਜਪਾ ’ਤੇ ਸਮਾਜ ’ਚ ਵੰਡ ਪਾਉਣ ਤੇ ਜਨਤਾ ਦੀ ਆਵਾਜ਼ ਦੱਬਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਉਹੀ ਤਾਕਤਾਂ ਹਨ ਜਿਨ੍ਹਾਂ ਨਾਲ ਇਤਿਹਾਸਕ ਟਕਰਾਅ ਰਿਹਾ ਹੈ। ਅੱਜ ਵੀ ਉਸੇ ਵਿਚਾਰਧਾਰਾ ਨਾਲ ਲੜਨਾ ਪੈ ਰਿਹਾ ਹੈ, ਜਿਨ੍ਹਾਂ ਨਾਲ ਆਜ਼ਾਦੀ ਵੇਲੇ ਲੜੇ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਸੰਵਿਧਾਨ ਖ਼ਿਲਾਫ਼ ਕਾਨੂੰਨ ਬਣਾਉਂਦੀ ਹੈ ਤੇ ਫਿਰ ਵਿਰੋਧ ਕਰਨ ਵਾਲਿਆਂ ਦਾ ਦਮਨ ਕਰਦੀ ਹੈ। ਯੂਪੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਲੋਕ ਮਾਰੇ ਗਏ ਹਨ ਤੇ ਕਈਆਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਕਸੂਰ ਸਿਰਫ਼ ਐਨਾ ਹੈ ਕਿ ਉਹ ਗਲਤ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ‘ਜੇ ਅੱਜ ਆਵਾਜ਼ ਨਹੀਂ ਚੁੱਕਾਂਗੇ ਤਾਂ ਕਾਇਰ ਸਾਬਿਤ ਹੋਵਾਂਗੇ।’ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਪ੍ਰਿਯੰਕਾ ਨੇ ਕਿਹਾ ‘ਜੋ ਡਰਦਾ ਹੈ ਉਹ ਆਪਣੇ ਦੁਸ਼ਮਨ ਦਾ ਮੂੰਹ ਜਾਂ ਤਾਂ ਹਿੰਸਾ ਨਾਲ ਬੰਦ ਕਰਦਾ ਹੈ ਜਾਂ ਫਿਰ ਪਿੱਛੇ ਹੱਟ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਦੀ ਆਵਾਜ਼ ਨੂੰ ਹਿੰਸਾ ਨਾਲ ਦੱਬਣ ਦਾ ਯਤਨ ਕੀਤਾ ਤੇ ਹੁਣ ਪਿੱਛੇ ਹੱਟ ਰਹੀ ਹੈ।
HOME ਵਿਰੋਧੀ ਸੁਰਾਂ ਦਬਾਉਣਾ ਚਾਹੁੰਦੀ ਹੈ ਭਾਜਪਾ: ਪ੍ਰਿਯੰਕਾ