ਨਵੀਂ ਦਿੱਲੀ (ਸਮਾਜ ਵੀਕਲੀ) : ਸੰਸਦ ਦੇ ਭਲਕੇ ਤੋਂ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਦੌਰਾਨ ਅਸਲ ਕਟਰੋਲ ਰੇਖਾ ’ਤੇ ਚੀਨ ਨਾਲ ਚੱਲ ਰਿਹਾ ਟਕਰਾਅ, ਕਰੋਨਾ ਮਹਾਮਾਰੀ ਨੂੰ ਨਜਿੱਠਣ ਦੇ ਢੰਗ ਅਤੇ ਆਰਥਿਕ ਮੰਦੀ ਜਿਹੇ ਅਹਿਮ ਮੁੱਦੇ ਭਾਰੂ ਰਹਿਣਗੇ।
ਵਿਰੋਧੀ ਧਿਰ ਨੇ ਇਨ੍ਹਾਂ ਮੁੱਦਿਆਂ ’ਤੇ ਬਹਿਸ ਦੀ ਮੰਗ ਕੀਤੀ ਹੈ ਪਰ ਸਰਕਾਰ ਦੀ ਨਜ਼ਰ 23 ਬਿੱਲਾਂ ਨੂੰ ਪਾਸ ਕਰਾਊਣ ਵੱਲ ਹੈ ਜਿਨ੍ਹਾਂ ’ਚੋਂ 11 ਆਰਡੀਨੈਂਸ ਹਨ। ਕਈ ਵਿਰੋਧੀ ਪਾਰਟੀਆਂ ਵੱਲੋਂ ਚਾਰ ਬਿੱਲਾਂ ਦਾ ਤਿੱਖਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ’ਚੋਂ ਤਿੰਨ ਖੇਤੀ ਆਰਡੀਨੈਂਸ ਅਤੇ ਬੈਂਕਿੰਗ ਰੈਗੂਲੇਸ਼ਨ ਸੋਧ ਬਿੱਲ ਹਨ। ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਬੈਠਕ ਦੌਰਾਨ ਇਹ ਮੰਗਾਂ ਊਠਾਈਆਂ ਪਰ ਇਨ੍ਹਾਂ ਮੁੱਦਿਆਂ ’ਤੇ ਬਹਿਸ ਲਈ ਅਜੇ ਸਮਾਂ ਤੈਅ ਨਹੀਂ ਕੀਤਾ ਗਿਆ ਹੈ।
ਕਮੇਟੀ ਦੀ 15 ਸਤੰਬਰ ਨੂੰ ਮੁੜ ਬੈਠਕ ਹੋਵੇਗੀ ਜਿਸ ’ਚ ਪਹਿਲੇ ਹਫ਼ਤੇ ਦੇ ਕੰਮਕਾਜ ਬਾਰੇ ਫ਼ੈਸਲਾ ਲਿਆ ਜਾਵੇਗਾ। ਅਜਿਹੀਆਂ ਮੰਗਾਂ ਕਾਂਗਰਸ ਨੇ ਰਾਜ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਬੈਠਕ ’ਚ ਵੀ ਊਠਾਈਆਂ। ਸ੍ਰੀ ਬਿਰਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਊਣ ਦਾ ਭਰੋਸਾ ਦਿੱਤਾ ਹੈ। ਬੈਠਕ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਅਰਜੁਨ ਮੇਘਵਾਲ ਅਤੇ ਵੀ ਮੁਰਲੀਧਰਨ ਸਮੇਤ ਹੋਰ ਆਗੂ ਮੌਜੂਦ ਸਨ। ਸ੍ਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ’ਤੇ ਬਹਿਸ ਕਰਾਊਣ ਲਈ ਤਿਆਰ ਹੈ।
ਚੀਨ ਨਾਲ ਤਣਾਅ ਦੇ ਮੁੱਦੇ ’ਤੇ ਸੰਸਦ ’ਚ ਬਹਿਸ ਕਰਾਊਣ ਬਾਰੇ ਪੁੱਛੇ ਜਾਣ ’ਤੇ ਊਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਅਤੇ ਮੁਲਕ ਦੇ ਰਣਨੀਤਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਕੋਈ ਫ਼ੈਸਲਾ ਲਿਆ ਜਾਵੇਗਾ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਕੁਝ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਦੇ ਦੇਹਾਂਤ ਕਾਰਨ ਸੋਮਵਾਰ ਨੂੰ ਪਹਿਲੇ ਦਿਨ ਲੋਕ ਸਭਾ ਦੀ ਕਾਰਵਾਈ ਊਨ੍ਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਇਕ ਘੰਟੇ ਲਈ ਊਠਾ ਦਿੱਤੀ ਜਾਵੇਗੀ। ਰਾਜ ਸਭਾ ’ਚ ਊਪ ਚੇਅਰਮੈਨ ਦੇ ਅਹੁਦੇ ਲਈ ਵੀ ਚੋਣ ਹੋਵੇਗੀ। ਲੋਕ ਸਭਾ ਵੱਲੋਂ ‘ਦਿ ਹੋਮਿਓਪੈਥੀ ਸੈਂਟਰਲ ਕਾਊਂਸਿਲ (ਸੋਧ) ਬਿੱਲ, 2020 ਅਤੇ ਦਿ ਇੰਡੀਅਨ ਮੈਡੀਸਿਨ ਸੈਂਟਰਲ ਕਾਊਂਸਿਲ (ਸੋਧ) ਬਿੱਲ, 2020’ ’ਤੇ ਬਹਿਸ ਹੋਵੇਗੀ ਜੋ ਆਰਡੀਨੈਂਸਾਂ ਦੀ ਥਾਂ ਲੈਣਗੇ।
ਊਧਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਵੱਲੋਂ 11 ਬਿੱਲਾਂ ’ਚੋਂ ਚਾਰ ਦਾ ਵਿਰੋਧ ਕੀਤਾ ਜਾਵੇਗਾ। ਊਨ੍ਹਾਂ ਕਿਹਾ ਕਿ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਅਤੇ ਹੋਰਾਂ ਖਿਲਾਫ਼ ਦਿੱਲੀ ਪੁਲੀਸ ਵੱਲੋਂ ਦੰਗਿਆਂ ਬਾਰੇ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਦਾ ਮੁੱਦਾ ਵੀ ਊਠਾਇਆ ਜਾਵੇਗਾ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਊਹ ਸੰਸਦ ’ਚ ਕਈ ਮੁੱਦਿਆਂ ’ਤੇ ਬਹਿਸ ਚਾਹੁੰਦੇ ਹਨ ਜਿਨ੍ਹਾਂ ਬਾਰੇ ਮੁਲਕ ਅਤੇ ਲੋਕ ਜਾਣਨਾ ਚਾਹੁੰਦੇ ਹਨ।
ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪਾਰਟੀ ਨੇ ਸਰਕਾਰ ਨੂੰ ਕਈ ਮੁੱਦਿਆਂ ’ਤੇ ਬਹਿਸ ਕਰਾਊਣ ਲਈ ਕਿਹਾ ਹੈ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਊਨ੍ਹਾਂ ਦੀ ਆਵਾਜ਼ ਨੂੰ ਵੀ ਸੰਸਦ ’ਚ ਸੁਣਿਆ ਜਾਵੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਊਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਅਮਰੀਕਾ ਗਏ ਹੋਏ ਹਨ ਅਤੇ ਊਨ੍ਹਾਂ ਦੇ ਅਗਲੇ ਹਫ਼ਤੇ ਇਜਲਾਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੀਪੀਐੱਮ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਸਰਕਾਰ ਵੱਲੋਂ 11 ਆਰਡੀਨੈਂਸਾਂ ਲਿਆਊਣ ਦਾ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਮੰਗ ਕੀਤੀ ਕਿ ਚੀਨ ਨਾਲ ਸਰਹੱਦ ’ਤੇ ਵਿਵਾਦ, ਕੋਵਿਡ, ਜੀਐੱਸਟੀ ਬਕਾਏ ਅਤੇ ਬੇਰੁਜ਼ਗਾਰੀ ਬਾਰੇ ਬਹਿਸ ਕੀਤੀ ਜਾਵੇ।