ਕਾਂਗਰਸ ਤੇ ਸ਼ਿਵ ਸੈਨਾ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਦਾ ਬਾਈਕਾਟ ਕਰਕੇ ਮਹਾਰਾਸ਼ਟਰ ਵਿੱਚ ਭਾਜਪਾ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।
ਮਹਾਰਾਸ਼ਟਰ ਵਿੱਚ ਵਿਗੜੀ ਸਿਆਸੀ ਸਥਿਤੀ ਦੇ ਰੋਸ ਵਜੋਂ ਕਾਂਗਰਸ, ਸ਼ਿਵ ਸੈਨਾ, ਡੀਐੱਮਕੇ, ਸਪਾ, ਐੱਨਸੀਪੀ, ਆਰਜੇਡੀ ਤੇ ਆਈਯੂਐੱਮਐੱਲ ਤੇ ਖੱਬੇਪੱਖੀ ਪਾਰਟੀਆਂ ਨੇ ਸੰਸਦ ਦੇ ਕੇਂਦਰੀ ਹਾਲ ਵਿੱਚ ਰੱਖੇ ਗਏ ਸੰਵਿਧਾਨ ਦਿਵਸ ਸਬੰਧੀ ਸਮਾਗਮ ਦਾ ਬਾਈਕਾਟ ਕਰਕੇ ਸੰਸਦ ਦੇ ਅੰਦਰ ਸਥਾਪਤ ਬੀ.ਆਰ. ਅੰਬੇਡਕਰ ਦੇ ਬੁੱਤ ਦੇ ਸਾਹਮਣੇ ਸਾਂਝੇ ਤੌਰ ’ਤੇ ਰੋਸ ਮੁਜ਼ਾਹਰਾ ਕੀਤਾ। ਸ਼ਿਵ ਸੈਨਾ ਨੇ ਪਹਿਲੀ ਵਾਰ ਕਾਂਗਰਸ ਦੀ ਹਮਾਇਤ ਕੀਤੀ। ਰੋਸ ਮੁਜ਼ਾਹਰੇ ਦੀ ਅਗਵਾਈ ਕਾਂਗਰਸ ਮੁਖੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਕੀਤੀ। ਸੋਨੀਆ ਗਾਂਧੀ ਨੇ ਇਸ ਮੌਕੇ ਸੰਵਿਧਾਨ ਦਾ ਮੁੱਖ ਬੰਦ ਪੜ੍ਹਿਆ ਤੇ ਸੰਵਿਧਾਨ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਲਈ ਡਟਣ ਦਾ ਅਹਿਦ ਲਿਆ। ਰੋਸ ਪ੍ਰਗਟਾਵੇ ਮੌਕੇ ਹੋਰਨਾਂ ਆਗੂਆਂ ਡੀਐੱਮਕੇ ਦੇ ਟੀ.ਆਰ. ਬਾਲੂ, ਸ਼ਿਵ ਸੈਨਾ ਦੇ ਅਰਵਿੰਦ ਸਾਵੰਤ, ਟੀਐੱਮਸੀ ਦੇ ਸੌਗਾਤਾ ਰੌਇ ਅਤੇ ਐੱਨਸੀਪੀ ਦੇ ਮਜੀਦ ਮੈਮਨ ਸ਼ਾਮਲ ਹੋਏ। ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸੰਵਿਧਾਨ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।
HOME ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਸਾਂਝੇ ਸੈਸ਼ਨ ਦਾ ਬਾਈਕਾਟ