ਵਿਰੋਧੀ ਧਿਰਾਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਰੋਸ ਜ਼ਾਹਿਰ

ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਕਾਂਗਰਸ ਸਮੇਤ ਵਿਰੋਧੀ ਧਿਰ ਦੀਆਂ 14 ਪਾਰਟੀਆਂ ਦੇ ਮੈਂਬਰਾਂ ਨੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ’ਚ ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸੀਏਏ, ਐੱਨਆਰਸੀ ਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਉਨ੍ਹਾਂ ਇਸ ਗੱਲ ਨੂੰ ਸ਼ਰਮਨਾਕ ਕਰਾਰ ਦਿੱਤਾ ਕਿ ਸਰਕਾਰ ਸੀਏਏ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦੀ ਕੈਂਪਸ ’ਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਲ ਹੀ ਕੌਮੀ ਆਬਾਦੀ ਰਜਿਸਟਰ (ਐੱਨਪੀਆਰ), ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਲੋਕਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸੂਤਰਾਂ ਅਨੁਸਾਰ ਵਿਰੋਧੀ ਧਿਰਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਆਪਣੇ ਸੰਬੋਧਨ ਦੌਰਾਨ ਸੀਏਏ ਨਾਲ ਸਬੰਧਤ ਕੀਤੀਆਂ ਟਿੱਪਣੀਆਂ ਵਾਪਸ ਲੈਣ ਦੀ ਮੰਗ ਕਰਨਗੀਆਂ। ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀਆਂ ਸੀਟਾਂ ’ਤੇ ਬੈਠਣ ਦੀ ਥਾਂ ਕੇਂਦਰੀ ਹਾਲ ਦੇ ਇੱਕ ਬਲਾਕ ਵਿੱਚ ਇਕੱਠਿਆਂ ਬੈਠ ਕੇ ਰੋਸ ਜ਼ਾਹਿਰ ਕੀਤਾ। ਆਗੂਆਂ ਨੇ ਕਿਹਾ ਕਿ ਸੀਏਏ ਰਾਹੀਂ ਭਾਰਤ ਦੇ ਸੰਵਿਧਾਨ ’ਤੇ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਉਨ੍ਹਾਂ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਰਾਸ਼ਟਰਪਤੀ ਵੱਲੋਂ ਆਪਣੇ ਸੰਬੋਧਨ ਦੌਰਾਨ ਸੀਏਏ ਦਾ ਜ਼ਿਕਰ ਕੀਤੇ ਜਾਣ ’ਤੇ ਵੀ ਵਿਰੋਧੀ ਧਿਰ ਨੇ ਰੋਸ ਜ਼ਾਹਿਰ ਕੀਤਾ। ਸ੍ਰੀ ਕੋਵਿੰਦ ਨੇ ਸੀਏਏ ਬਾਰੇ ਜਦੋਂ ਟਿੱਪਣੀ ਕੀਤੀ ਤਾਂ ਵਿਰੋਧੀ ਧਿਰਾਂ ਦੇ ਆਗੂਆਂ ਨੇ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰੇ ਮਾਰੇ ਤੇ ਨਾਅਰੇ ਲਿਖੀਆਂ ਤਖ਼ਤੀਆਂ ਵੀ ਲਹਿਰਾਈਆਂ। ਰੋਸ ਜ਼ਾਹਿਰ ਕਰਨ ਵਾਲੀਆਂ ਪਾਰਟੀਆਂ ’ਚ ਕਾਂਗਰਸ, ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ), ਸਮਾਜਵਾਦੀ ਪਾਰਟੀ (ਸਪਾ), ਡੀਐੱਮਕੇ, ਰਾਸ਼ਟਰੀ ਜਨਤਾ ਦਲ (ਆਰਜੇਡੀ), ਸੀਪੀਆਈ (ਐੱਮ), ਸੀਪੀਆਈ, ਸ਼ਿਵ ਸੈਨਾ, ਝਾਰਖੰਡ ਮੁਕਤੀ ਮੋਰਚਾ, ਜਨਤਾ ਦਲ (ਸੈਕੁਲਰ), ਆਰਐੱਸਪੀ, ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਸ਼ਾਮਲ ਸਨ।

Previous articleਮੌੜ ਬੰਬ ਕਾਂਡ: ਸ਼ਰਧਾਂਜਲੀ ਸਮਾਰੋਹ ਦੌਰਾਨ ਸਰਕਾਰ ’ਤੇ ਵਰ੍ਹੇ ਪੀੜਤ ਪਰਿਵਾਰ
Next articleਡੀਐੱਸਪੀ ਸੋਨੀ ਨੂੰ ਨਾ ਮਿਲੀ ਅਗਾਊਂ ਜ਼ਮਾਨਤ