ਵਿਨੀ ਮਹਾਜਨ ਬਣੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ

ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈਏਐੱਸ ਅਧਿਕਾਰੀ ਸ੍ਰੀਮਤੀ ਵਿਨੀ ਮਹਾਜਨ ਨੂੰ ਸੂਬੇ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ

। ਸਰਕਾਰ ਵੱਲੋਂ ਅਚਨਚੇਤ ਕੀਤੀ ਇਸ ਕਾਰਵਾਈ ਨਾਲ ਪ੍ਰਸ਼ਾਸਕੀ ਤੇ ਸਿਆਸੀ ਹਲਕੇ ਹੈਰਾਨ ਹਨ। ਪ੍ਰਸ਼ਾਸਕੀ ਹਲਕਿਆਂ ਵਿੱਚ ਉਨ੍ਹਾਂ ਦੇ ਇਸ ਸਿਖ਼ਰਲੇ ਅਹੁਦੇ ’ਤੇ ਪਹੁੰਚਣ ਦੀ ਚਰਚਾ ਕਈ ਮਹੀਨਿਆਂ ਤੋਂ ਚੱਲ ਰਹੀ ਸੀ, ਪਰ ਮੌਜੂਦਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਸੇਵਾਮੁਕਤੀ ਤੋਂ ਦੋ ਮਹੀਨੇ ਦੇ ਵੀ ਵੱਧ ਸਮੇਂ ਤੋਂ ਪਹਿਲਾਂ ਹੋਈ ਇਸ ਕਾਰਵਾਈ ਨਾਲ ਸਾਰੇ ਹੈਰਾਨ ਹਨ।

ਮੁੱਖ ਸਕੱਤਰ ਦੇ ਅਹੁਦੇ ਲਈ 1984 ਬੈਚ ਦੇ ਆਈਏਐੱਸ ਅਧਿਕਾਰੀ ਕਰਨਬੀਰ ਸਿੰਘ ਸਿੱਧੂ ਵੱਲੋਂ ਵੀ ਜ਼ੋਰ-ਅਜ਼ਮਾਈ ਕੀਤੇ ਜਾਣ ਦੀ ਚਰਚਾ ਹੈ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਸ੍ਰੀਮਤੀ ਮਹਾਜਨ ਦੇ ਪਤੀ ਤੇ 1987 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ ਇਸ ਸਮੇਂ ਸੂਬੇ ਦੇ ਡੀਜੀਪੀ ਵਜੋਂ ਸੇਵਾ ਨਿਭਾਅ ਰਹੇ ਹਨ।

ਸ੍ਰੀਮਤੀ ਮਹਾਜਨ ਨੇ ਅੱਜ ਬਾਅਦ ਦੁਪਹਿਰ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਉਹ ਆਪਣੇ 33 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਹੁੰਦਿਆਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੀ ਤਾਇਨਾਤ ਰਹੇ ਹਨ। ਇਹ ਅਹੁਦਾ ਛੱਡ ਰਹੇ 1984 ਬੈਚ ਦੇ ਆਈਏਐੱਸ ਅਧਿਕਾਰੀ ਕਰਨ ਅਵਤਾਰ ਸਿੰਘ ਨੂੰ ਸਰਕਾਰ ਵੱਲੋਂ ਹਾਲ ਦੀ ਘੜੀ ਵਿਸ਼ੇਸ਼ ਮੁੱਖ ਸਕੱਤਰ, ਪ੍ਰਸ਼ਾਸਕੀ ਸੁਧਾਰ ਵਿਭਾਗ ਲਾਇਆ ਗਿਆ ਹੈ।

ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਜੋ ਕਿ 1985 ਬੈਚ ਦੇ ਆਈਏਐੱਸ ਅਧਿਕਾਰੀ ਹਨ, ਨੂੰ ਵੀ ਤਬਦੀਲ ਕੀਤੇ ਜਾਣ ਦੇ ਆਸਾਰ ਹਨ। ਇਸੇ ਤਰ੍ਹਾਂ ਸ੍ਰੀਮਤੀ ਮਹਾਜਨ ਇਸ ਤੋਂ ਪਹਿਲਾਂ ਉਦਯੋਗ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਦੇ ਵੀ ਵਧੀਕ ਮੁੱਖ ਸਕੱਤਰ ਹਨ। ਸਰਕਾਰ ਵੱਲੋਂ ਇਨ੍ਹਾਂ ਦੋਵਾਂ ਵਿਭਾਗਾਂ ਲਈ ਵੀ ਨਵੀਆਂ ਤਾਇਨਾਤੀਆਂ ਕੀਤੀਆਂ ਜਾਣੀਆਂ ਹਨ।

ਸੂਤਰਾਂ ਦਾ ਦੱਸਣਾ ਹੈ ਕਿ ਅਥਾਰਟੀ ਦਾ ਮੁਖੀ ਚੁਣੇ ਜਾਣ ਵਾਲੀ ਕਮੇਟੀ ਦੇ ਮੁਖੀ ਵਜੋਂ ਰਾਜ ਦੇ ਮੁੱਖ ਸਕੱਤਰ ਨੇ ਵੀ ਭੂਮਿਕਾ ਨਿਭਾਉਣੀ ਹੁੰਦੀ ਹੈ। ਇਸ ਲਈ ਤਕਨੀਕੀ ਤੌਰ ’ਤੇ ਇਹ ਅੜਿੱਕਾ ਖ਼ਤਮ ਕਰਨ ਅਤੇ ਨਿਯੁਕਤੀ ਲਈ ਰਾਹ ਪੱਧਰਾ ਕਰਨ ਲਈ ਸ੍ਰੀਮਤੀ ਮਹਾਜਨ ਦੀ ਨਿਯੁਕਤੀ ਅਤੇ ਕਰਨ ਅਵਤਾਰ ਸਿੰਘ ਦਾ ਤਬਾਦਲਾ ਮੰਨਿਆ ਜਾ ਰਿਹਾ ਹੈ।

Previous articleGujarat’s Covid tally goes over 30K, Ahmedabad crosses 20K
Next articleDomestic flight capacity increased to 45%