ਪਿਛਲੇ ਦਿਨੀਂ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ, ਵਿਨੀਪੈਗ ਵੱਲੋਂ ਵਿਨੀਪੈਗ ਪਬਲਿਕ ਲਾਇਬ੍ਰੇਰੀ, 765 ਕੀਵਾਟਿਨ ਸਟਰੀਟ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਨਫਰੰਸ ਕਰਵਾਈ ਗਈ। ਇਸ ਵਿਚ ਭਾਰਤ ਦੀ ਦੁਰਦਸ਼ਾ ਦੇ ਪ੍ਰਮੁੱਖ ਕਾਰਨ ਜਾਤ ਪ੍ਰਥਾ ’ਤੇ ਵਿਚਾਰ-ਚਰਚਾ ਕੀਤੀ ਗਈ। ਦੱਸਿਆ ਗਿਆ ਕਿ ਕਿਵੇਂ ਪੰਜ ਹਜ਼ਾਰ ਸਾਲ ਤੋਂ ਸਿਆਸਤਦਾਨਾਂ ਅਤੇ ਸਰਮਾਏਦਾਰਾਂ ਦੀ ਜੁੰਡਲੀ ਇਸ ਨੂੰ ਧਰਮ ਦੀ ਪੁੱਠ ਚਾੜ੍ਹ ਕੇ ਅਛੂਤਾਂ, ਲਿਤਾੜਿਆਂ ਅਤੇ ਨਪੀੜਿਆਂ ਵਰਗਾਂ ਦੀ ਲੁੱਟ ਲਈ ਹੱਥਕੰਡੇ ਵਜੋਂ ਵਰਤਦੀ ਆਈ ਹੈ। ਇਸ ਕਾਰਨ ਕੁਝ ਲੋਕ ਅੱਜ ਵੀ ਜ਼ਿੱਲਤ, ਤਿਰਸਕਾਰ,ਭੇਦ-ਭਾਵ ਅਤੇ ਛੂਆ-ਛੂਤ ਵਾਲ਼ਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਸ ਮੌਕੇ ਹੋਰ ਵਿਸ਼ੇ ਜਿਵੇਂ ਨਸਲਵਾਦ ਸਣੇ ਉੱਤਰੀ ਅਮਰੀਕਾ ਦੇ ਮੂਲ ਨਿਵਾਸੀਆਂ ਦੀ ਦੁਰਦਸ਼ਾ ਦੀ ਗੱਲ ਕੀਤੀ ਗਈ। ਨਿਊਜ਼ੀਲੈਂਡ ਵਿਚ ਮਸਜਿਦ ਵਿਚ ਹੋਏ ਹਮਲੇ ਨੂੰ ਨਫ਼ਰਤ ਤਹਿਤ ਕੀਤਾ ਅਪਰਾਧ ਅਤੇ ਦਹਿਸ਼ਤਗਰਦਾਨਾ ਘਟਨਾ ਗਰਦਾਨਦਿਆਂ ਨਿਖੇਧੀ ਕੀਤੀ ਗਈ। ਜਸਵੀਰ ਮੰਗੂਵਾਲ ਨੇ ਆਪਣੀ ਕਵਿਤਾ ਨਾਲ਼ ਸਮਾਰੋਹ ਦਾ ਆਰੰਭ ਕੀਤਾ। ਬੀਰਬਲ ਭਦੌੜ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਵਿਚਾਰਧਾਰਾ ਦੀ ਮੌਜੂਦਾ ਹਾਲਤਾਂ ਦੇ ਸੰਦਰਭ ਵਿਚ ਵਿਆਖਿਆ ਕੀਤੀ। ਬਲਜੀਤ ਖ਼ਾਨ ਨੇ ਜਾਤੀਵਾਦ ’ਤੇ ਪਰਚਾ ਪੜ੍ਹਿਆ। ਸਭਾ ਦੇ ਮੈਂਬਰ ਕਮਲ ਅਤੇ ਹਰਨੇਕ ਨੇ ਕਿਤਾਬਾਂ ਦੀ ਸਟਾਲ ਲਗਾਈ। ਸਭਾ ਦੇ ਹੋਰ ਮੈਂਬਰ ਮਹਿੰਦਰ ਸਿੰਘ ਸਰਾਂ, ਜਸਵਿੰਦਰ ਕੌਰ, ਜਲ ਧਾਲੀਵਾਲ, ਛਿੰਦਰ ਕੌਰ, ਨੀਲਮ ਸੁਧਾਰ, ਜੀਤਾਂ, ਮੁਖਤਿਆਰ ਸਿੰਘ, ਅਵਤਾਰ ਸਿੱਧੂ, ਰੂਪ ਸਿੰਘ, ਵਿਜੈ ਸਾਂਪਲਾ, ਸੁਖਮੰਦਰ ਸਿੰਘ, ਮੁਖਤਿਆਰ ਸਿੰਘ ਚਾਹਿਲ ਤੇ ਹਰਨੇਕ ਬਰਾੜ ਆਦਿ ਵੀ ਇਸ ਪ੍ਰੋਗਰਾਮ ਵਿਚ ਹਾਜ਼ਰ ਸਨ। ਇਸ ਮੌਕੇ ਪੰਜਾਬੀ ਦੇ ਜੁਝਾਰੂ ਅਤੇ ਪ੍ਰਗਤੀਵਾਦੀ ਕਵੀ ਅਵਤਾਰ ਪਾਸ਼ ਨੂੰ ਉਸ ਦੀ 31ਵੀਂ ਬਰਸੀ ’ਤੇ ਯਾਦ ਕੀਤਾ ਗਿਆ। ਸਟੇਜ ਦਾ ਸੰਚਾਲਨ ਮੰਗਤ ਸਹੋਤਾ ਨੇ ਕੀਤਾ।
INDIA ਵਿਨੀਪੈੱਗ ’ਚ ਸ਼ਹੀਦਾਂ ਨੂੰ ਸਮਰਪਿਤ ਕਾਨਫਰੰਸ ਕਰਵਾਈ