ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਸੂਬੇ ਦੀ ਵਿਧਾਨ ਸਭਾ ਭੰਗ ਕਰਨ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਚੱਲ ਰਹੀ ਸੀ ਤੇ ਦੋ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਲਈ ਸਥਿਰ ਸਰਕਾਰ ਬਣਾਉਣੀ ਅਸੰਭਵ ਸੀ। ਸ੍ਰੀ ਮਲਿਕ ਨੇ ਆਪਣੇ ਫ਼ੈਸਲਾ ਸਹੀ ਤੇ ਸੰਵਿਧਾਨ ਦੇ ਅਨੁਸਾਰ ਦਸਦਿਆਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਇਹ ਨਿਰਦੇਸ਼ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਸਨ। ਵਿਰੋਧੀ ਧਿਰ ਵੱਲੋਂ ਅਦਾਲਤ ਜਾਣ ਦੀ ਚਿਤਾਵਨੀ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਲਤ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ। ਇਹ ਉਨ੍ਹਾਂ ਦਾ ਅਧਿਕਾਰ ਹੈ।
ਅੱਜ ਰਾਜ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਨੂੰ ਪਿਛਲੇ 15-20 ਦਿਨਾਂ ਤੋਂ ਵਿਧਾਇਕਾਂ ਦੀ ਵੱਡੇ ਪੱਧਰ ’ਤੇ ਖਰੀਦੋ ਫਰੋਖ਼ਤ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਵਿਧਾਇਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਅੰਦਰ ਖਾਤੇ ਉਨ੍ਹਾਂ ਨਾਲ ਕਈ ਸਮਝੌਤੇ ਵੀ ਹੋ ਰਹੇ ਸਨ।’ ਉਨ੍ਹਾਂ ਕਿਹਾ, ‘ਜੇਕਰ ਮੈਂ ਸਰਕਾਰ ਬਣਾਉਣ ਲਈ ਕੋਈ ਮੌਕਾ ਦਿੰਦਾ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਸਨ। ਵੱਖ ਵੱਖ ਸਿਆਸੀ ਨਜ਼ਰੀਏ ਰੱਖਣ ਵਾਲੀਆਂ ਪਾਰਟੀਆਂ ਵੱਲੋਂ ਸਥਿਰ ਸਰਕਾਰ ਨਹੀਂ ਬਣਾਈ ਜਾ ਸਕਦੀ।’ ਉਨ੍ਹਾਂ ਕਿਹਾ, ‘ਮੇਰਾ ਕੋਈ ਨਿੱਜੀ ਹਿੱਤ ਨਹੀਂ ਹੈ ਅਤੇ ਮੇਰੇ ਲਈ ਸੂਬਾ ਸਭ ਤੋਂ ਪਹਿਲਾਂ ਹੈ। ਇਸ ਲਈ ਮੈਂ ਜੰਮੂ ਕਸ਼ਮੀਰ ਦੇ ਸੰਵਿਧਾਨ ਅਨੁਸਾਰ ਵਿਧਾਨ ਸਭਾ ਭੰਗ ਕਰ ਦਿੱਤੀ। ਮੇਰੀ ਸੋਚ ਮੁਤਾਬਕ ਇਹੀ ਠੀਕ ਸੀ।’
HOME ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਸਹੀ: ਮਲਿਕ