ਵਿਧਾਨ ਸਭਾ ’ਚ ਗੂੰਜਦੀ ਰਹੀ ਪੰਜਾਬੀ ’ਵਰਸਿਟੀ

ਚੰਡੀਗੜ੍ਹ (ਸਮਾਜ ਵੀਕਲੀ) : ਐਤਕੀਂ ਪੰਜਾਬ ਵਿਧਾਨ ਸਭਾ ’ਚ ਪੰਜਾਬੀ ਯੂਨੀਵਰਸਿਟੀ ਦੀ ਗੂੰਜ ਪੈਂਦੀ ਰਹੀ। ਸਰਕਾਰ ਤਰਫ਼ੋਂ ਪੰਜਾਬੀ ’ਵਰਸਿਟੀ ਦੀ ਬਾਂਹ ਫੜੀ ਨਹੀਂ ਜਦੋਂਕਿ ਗੁਰੂ ਨਾਨਕ ਦੇਵ ’ਵਰਸਿਟੀ ਦੇ ਹਾਲਾਤ ਵੱਖਰੇ ਹਨ। ਗੁਰੂ ਨਾਨਕ ’ਵਰਸਿਟੀ ਨਾਲੋਂ ਪੰਜਾਬੀ ’ਵਰਸਿਟੀ ਕਿਤੇ ਪਿੱਛੇ ਚਲੀ ਗਈ ਹੈ। ਉਚੇਰੀ ਸਿੱਖਿਆ ਮਹਿਕਮੇ ਤਰਫ਼ੋਂ ਜੋ ਅੰਕੜੇ ਸਾਂਝੇ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਪੰਜਾਬੀ ’ਵਰਸਿਟੀ ਦੀਆਂ ਮੌਜੂਦਾ ਸਮੇਂ 235.49 ਕਰੋੜ ਦੀਆਂ ਦੇਣਦਾਰੀਆਂ ਹਨ ਤੇ ’ਵਰਸਿਟੀ ਦੇ ਕੁੱਲ ਖਰਚ ਦਾ ਕਰੀਬ 50 ਫ਼ੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਆਉਂਦਾ ਹੈ। ਦੂਜੇ ਪਾਸੇ ਗੁਰੂ ਨਾਨਕ ਦੇਵ ’ਵਰਸਿਟੀ ਦੀ ਕੋਈ ਦੇਣਦਾਰੀ ਨਹੀਂ ਹੈ ਅਤੇ ਇਸ ’ਵਰਸਿਟੀ ਦੇ ਕੁੱਲ ਖਰਚ ਦਾ 30.44 ਫੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਪ੍ਰਾਪਤ ਹੁੰਦਾ ਹੈ।

ਪੰਜਾਬ ਬਜਟ ’ਚ ਪੰਜਾਬੀ ’ਵਰਸਿਟੀ ਲਈ 90 ਕਰੋੜ ਰੁਪਏ ਰੱਖੇ ਗਏ ਹਨ। ‘ਆਪ’ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ’ਵਰਸਿਟੀ ਨੂੰ ਘੱਟੋ ਘੱਟ 500 ਕਰੋੋੜ ਰੁਪਏ ਦੀ ਫੌਰੀ ਲੋੜ ਹੈ। ਸਰਕਾਰ ਨੇ ਪੰਜਾਬੀ ’ਵਰਸਿਟੀ ਨੂੰ ਖੋਜ ਕਾਰਜਾਂ ਲਈ ਲੰਘੇ ਤਿੰਨ ਵਰ੍ਹਿਆਂ ਦੌਰਾਨ ਧੇਲਾ ਨਹੀਂ ਦਿੱਤਾ ਹੈ ਜਦੋਂ ਕਿ ਗੁਰੂ ਨਾਨਕ ’ਵਰਸਿਟੀ ਨੂੰ ਇਨ੍ਹਾਂ ਤਿੰਨੋਂ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਖੋਜ ਲਈ 33.27 ਕਰੋੜ ਰੁਪਏ ਜਾਰੀ ਕੀਤੇ ਹਨ।

ਭਾਰਤ ਸਰਕਾਰ ਵੱਲੋਂ 2017-18 ਤੋਂ ਸਾਲ 2019-20 ਦੌਰਾਨ ਪੰਜਾਬੀ ’ਵਰਸਿਟੀ ਨੂੰ 33.25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦੋਂਕਿ ’ਵਰਸਿਟੀ ਨੂੰ ਵੱਖ ਵੱਖ ਸਰੋਤਾਂ ਤੋਂ ਖੋਜ ਕੰਮਾਂ ਲਈ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ 33.22 ਕਰੋੋੜ ਰੁਪਏ ਹਾਸਿਲ ਹੋਏ ਹਨ। ਦੂਜੇ ਪਾਸੇ ਗੁਰੂ ਨਾਨਕ ਦੇਵ ’ਵਰਸਿਟੀ ਨੂੰ ਵੱਖ-ਵੱਖ ਸਰੋਤਾਂ ਤੋਂ ਖੋਜ ਕਾਰਜਾਂ ਲਈ 120.65 ਕਰੋੋੜ ਰੁਪਏ ਮਿਲੇ ਹਨ ਜਦੋਂਕਿ ਕੇਂਦਰ ਸਰਕਾਰ ਤੋਂ ਇਸ ਵਰਸਿਟੀ ਨੂੰ 87.37 ਕਰੋੋੜ ਰੁਪਏ ਪ੍ਰਾਪਤ ਹੋਏ ਹਨ।

ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਸਦਨ ਵਿਚ ’ਵਰਸਿਟੀ ਨੂੰ ਮਾਲੀ ਦਲਦਲ ’ਚੋਂ ਕੱਢਣ ਲਈ ਗੁਹਾਰ ਲਾਈ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬੀ ’ਵਰਸਿਟੀ ਨੂੰ ‘ਭਰਤੀ ਕੇਂਦਰ’ ਨਾ ਬਣਾਇਆ ਜਾਵੇ ਬਲਕਿ 2500 ਮੁਲਾਜ਼ਮਾਂ ਵਾਧੂ ਮੁਲਾਜ਼ਮਾਂ ਨੂੰ ਦੂਸਰੇ ਵਿਭਾਗਾਂ ਵਿੱਚ ਸ਼ਿਫਟ ਕੀਤਾ ਜਾਵੇ। ਸੂਤਰ ਅਨੁਸਾਰ ਪੰਜਾਬੀ ’ਵਰਸਿਟੀ ਇਸ ਪੜਾਅ ’ਤੇ ਪੁੱਜ ਗਈ ਹੈ ਕਿ ’ਵਰਸਿਟੀ ਵੱਲੋਂ ਦਿੱਤੇ ਗਏ ਛੋਟੇ ਛੋਟੇ ਚੈੱਕ ਵੀ ਬਾਊਂਸ ਹੋਣ ਲੱਗੇ ਹਨ। ’ਵਰਸਿਟੀ ਨੇ ਕਰੀਬ 150 ਕਰੋੜ ਰੁਪਏ ਦਾ ਕਰਜ਼ਾ ਵੀ ਚੁੱਕਿਆ ਹੋਇਆ ਹੈ। ਸਦਨ ਵਿਚ ਪੰਜਾਬੀ ’ਵਰਸਿਟੀ ਬਾਰੇ ਹਾਕਮ ਧਿਰ ਨੇ ਚੁੱਪ ਵੱਟੀ ਰੱਖੀ।

Previous articleਮਿੱਡ-ਡੇਅ ਮੀਲ ਕੁੱਕ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ
Next articleਖੇਤੀ ਕਾਨੂੰਨਾਂ ਲਈ ਅਕਾਲੀ ਦਲ ਤੇ ਕਾਂਗਰਸ ਬਰਾਬਰ ਦੀ ਜ਼ਿੰਮੇਵਾਰ: ਚੀਮਾ