ਚੰਡੀਗੜ੍ਹ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇੱਥੇ ‘ਪੰਜਾਬ ਮੰਗਦਾ ਜਵਾਬ’ ਬੈਨਰ ਹੇਠ ਰੈਲੀ ਕਰਕੇ ਪ੍ਰਦਰਸ਼ਨ ਕੀਤਾ। ਰੈਲੀ ਮਗਰੋਂ ਜਦੋਂ ਅਕਾਲੀ ਆਗੂ ਘਿਰਾਓ ਲਈ ਵਿਧਾਨ ਸਭਾ ਵੱਲ ਵਧਣ ਲੱਗੇ ਤਾਂ ਚੰਡੀਗੜ੍ਹ ਪੁਲੀਸ ਨੇ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਚੰਡੀਗੜ੍ਹ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਅਕਾਲੀ ਆਗੂਆਂ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਵੀ ਲਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ ਇੱਥੋਂ ਦੇ ਸੈਕਟਰ-25 ਦੇ ਮੈਦਾਨ ਵਿੱਚ ਰੈਲੀ ਕੀਤੀ ਗਈ, ਜਿਸ ’ਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਖ਼ਿਲਾਫ਼ ਪੰਜਾਬ ’ਚ 12 ਮਾਰਚ ਤੋਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਸੁਖਬੀਰ ਨੇ ਰੈਲੀ ਵਿੱਚ ਵਾਅਦੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਭ ਫਲ ਸਬਜ਼ੀਆਂ ’ਤੇ ਐੱਮਐੱਸਪੀ ਦਿੱਤੀ ਜਾਵੇਗੀ ਤੇ ਖੇਤੀ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ। ਸ਼ਹਿਰੀ ਖਪਤਕਾਰਾਂ ਨੂੰ ਬਿਜਲੀ ਬਿੱਲ ਅੱਧੇ ਕੀਤੇ ਜਾਣਗੇ ਤੇ ਐੱਸਸੀ/ਬੀਸੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਬਾਦਲ ਨੇ ਕਿਹਾ ਕਿ ਘਰ-ਘਰ ਨੌਕਰੀ ਅਤੇ ਬੇਕਾਰੀ ਭੱਤੇ ਤੋਂ ਇਲਾਵਾ ਦਰਜਨਾਂ ਵਾਅਦੇ ਕੈਪਟਨ ਸਰਕਾਰ ਨੇ ਚਾਰ ਵਰ੍ਹਿਆਂ ਮਗਰੋਂ ਵੀ ਪੂਰੇ ਨਹੀਂ ਕੀਤੇ ਅਤੇ ਉਲਟਾ 5 ਲੱਖ ਪਰਿਵਾਰਾਂ ਦੀ ਬੁਢਾਪਾ ਪੈਨਸ਼ਨ ਰੱਦ ਕਰ ਦਿੱਤੀ, ਆਟਾ ਦਾਲ ਸਕੀਮ ਦੇ 6 ਲੱਖ ਲਾਭਪਾਤਰੀਆਂ ਦੇ ਨੀਲੇ ਕਾਰਡ ਵੀ ਰੱਦ ਕਰ ਦਿੱਤੇ। ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ’ਤੇ ਆਪਣੇ ਹਿੱਸੇ ਦੇ ਟੈਕਸਾਂ ਵਿੱਚ ਕਮੀ ਕਰਨੀ ਚਾਹੀਦੀ ਹੈ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਕਰੀਬ ਤਿੰਨ ਲੱਖ ਕਿਸਾਨਾਂ ਖ਼ਿਲਾਫ਼ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਮੋਹ ਨਹੀਂ ਹੈ। ਇਸ ਮੌਕੇ ਰੈਲੀ ਨੂੰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਤੋਤਾ ਸਿੰਘ, ਗੁਲਜ਼ਾਰ ਸਿੰਘ ਰਣੀਕੇ ਨੇ ਵੀ ਸੰਬੋਧਨ ਕੀਤਾ, ਜਦੋਂ ਕਿ ਸਟੇਜ ’ਤੇ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਰੋਜ਼ੀ ਬਰਕੰਦੀ, ਨਿਰਮਲ ਸਿੰਘ ਕਾਹਲੋਂ, ਵਿਰਸਾ ਸਿੰਘ ਵਲਟੋਹਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਡਾ. ਉਪਿੰਦਰਜੀਤ ਕੌਰ, ਅਕਾਲੀ ਵਿਧਾਇਕ ਐੱਨਕੇ ਸ਼ਰਮਾ, ਯੂਥ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਰਵੀ ਕਰਨ ਸਿੰਘ ਕਾਹਲੋਂ ਅਤੇ ਡਾ. ਦਲਬੀਰ ਸਿੰਘ ਵੇਰਕਾ ਹਾਜ਼ਰ ਸਨ।