ਵਿਧਾਇਕ ਚੀਮਾ ਨੇ ਸੌਂਪਿਆ ਕਿਸਾਨ ਬਲਦੇਵ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪੈ ਦਾ ਚੈਕ

ਕੈਪਸ਼ਨ- ਪਿੰਡ ਡਡਵਿੰਡੀ (ਕਪੂਰਥਲਾ ) ਵਿਖੇ ਬੀਬਾ ਨਰਿੰਦਰ ਕੌਰ ਨੂੰ 5 ਲੱਖ ਰੁਪੈ ਦਾ ਚੈਕ ਸੌਂਪਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ । ਨਾਲ ਐਸ.ਡੀ.ਐਮ ਡਾ. ਚਾਰੂਮਿਤਾ ਵੀ ਦਿਖਾਈ ਦੇ ਰਹੇ ਹਨ।

ਸਿੰਘੂ ਬਾਰਡਰ ’ਤੇ ਕਿਸਾਨੀ ਸੰਘਰਸ਼ ਦੌਰਾਨ ਹੋਈ ਸੀ ਮੌਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਪੰਜਾਬ ਸਰਕਾਰ ਵਲੋਂ 3 ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪੈ ਦੀ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਤਹਿਤ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਡਡਵਿੰਡੀ ਦੇ ਕਿਸਾਨ ਬਲਦੇਵ ਸਿੰਘ ਦੇ ਪਰਿਵਾਰ ਨੂੰ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ 5 ਲੱਖ ਰੁਪੈ ਦਾ ਚੈਕ ਦਿੱਤਾ ਗਿਆ। ਮ੍ਰਿਤਕ ਕਿਸਾਨ ਬਲਦੇਵ ਸਿੰਘ ਨਮਿਤ ਅੰਤਿਮ ਅਰਦਾਸ ਵਿਚ ਸ਼ਾਮਿਲ ਹੁੰਦਿਆਂ ਵਿਧਾਇਕ ਸ. ਚੀਮਾ ਤੇ ਐੈਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਪਿਛਲੇ 4 ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ਉੱਪਰ ਆਪਣੇ ਹੱਕਾਂ ਦੀ ਰਾਖੀ ਅਤੇ ਦੇਸ਼ ਅੰਦਰ ਸੰਵਿਧਾਨਕ ਵਿਵਸਥਾ ਨੂੰ ਬਚਾਉਣ ਖਾਤਰ ਲੜਾਈ ਲੜ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਵਲੋਂ ਕੀਤਾ ਜਾ ਰਿਹਾ ਵਤੀਰਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਅਜ਼ਾਈਂ ਨਹੀਂ ਜਾਣਗੀਆਂ ਅਤੇ ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਪੈਣਗੇ।ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਵਾਸੀ ਡਡਵਿੰਡੀ ਦੀ ਸਿੰਘੂ ਬਾਰਡਰ ਵਿਖੇ ਮੌਤ ਹੋ ਗਈ ਸੀ।ਵਿਧਾਇਕ ਚੀਮਾ ਵਲੋਂ ਮਿ੍ਤਕ ਕਿਸਾਨ ਬਲਦੇਵ ਸਿੰਘ ਦੀ ਪਤਨੀ ਨਰਿੰਦਰ ਕੌਰ ਨੂੰ ਚੈਕ ਸੌਂਪਿਆ ਗਿਆ।

Previous articleਹਾਉਸ ਵਾਈਫ
Next articleਸ਼ਰਧਾ ਜਾਂ ਦਿਖਾਵਾ ?