ਲੰਡਨ, 22 ਮਈ (ਰਾਜਵੀਰ ਸਮਰਾ ) (ਸਮਾਜਵੀਕਲੀ) – ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਸਿਹਤ ਕਾਮਿਆਂ ਦੀ ਸਾਲਾਨਾ ਮੈਡੀਕਲ (ਐਨ.ਐਚ.ਐਸ.) ਫੀਸ ਖ਼ਤਮ ਕਰਨ ਲਈ ਗ੍ਰਹਿ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਹੈ | ਯੂ.ਕੇ. ਵਿਚ ਸਿਹਤ ਸੇਵਾਵਾਂ ਹਾਸਲ ਕਰਨ ਲਈ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਵਲੋਂ ਸਾਲਾਨਾ 400 ਪੌਾਡ ਫੀਸ ਅਦਾ ਕਰਨੀ ਪੈਂਦੀ ਹੈ, ਜਦਕਿ ਇਹ ਫੀਸ ਅਕਤੂਬਰ ਤੋਂ ਵੱਧ ਕੇ 625 ਪੌਾਡ ਅਦਾ ਕਰਨੀ ਹੋਵੇਗੀ |
ਲੇਬਰ ਪਾਰਟੀ ਵਲੋਂ ਇਸ ਫੀਸ ਦਾ ਵਿਰੋਧ ਕਰਦਿਆਂ ਮੰਗ ਕੀਤੀ ਜਾ ਰਹੀ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿਹਤ ਕਾਮੇ ਆਪਣੀ ਜ਼ਿੰਦਗੀ ਦਾਅ ‘ਤੇ ਲਾ ਰਹੇ ਹਨ ਤੇ ਉਨ੍ਹਾਂ ਨੂੰ ਅਜਿਹੀ ਫੀਸ ਦੇਣ ਦੀ ਲੋੜ ਨਹੀਂ ਹੋਣੀ ਚਾਹੀਦੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਗ੍ਰਹਿ ਵਿਭਾਗ ਨੂੰ ਸਿਹਤ ਕਾਮਿਆਂ ਅਤੇ ਬਿਰਧ ਆਸ਼ਰਮਾਂ ਦੇ ਕਾਮਿਆਂ ਦੀ ਫੀਸ ਖ਼ਤਮ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਲੇਬਰ ਪਾਰਟੀ ਵਲੋਂ ਵੱਡੀ ਜਿੱਤ ਕਿਹਾ ਜਾ ਰਿਹਾ ਹੈ | ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਕਾਫੀ ਦੇਰ ਤੋਂ ਸਰਕਾਰ ‘ਤੇ ਦਬਾਅ ਪਾ ਰਹੇ ਸੀ, ਅਖੀਰ ਸਰਕਾਰ ਨੂੰ ਝੁਕਣਾ ਪਿਆ ਹੈ |