ਏਅਰ ਇੰਡੀਆਂ ਨੇ 550 ਸਾਲਾ ਗੁਰੂ ਨਾਨਕ ਗੁਰਪੂਰਬ ਸ਼ਤਾਬਦੀ ਲਈ ਸ਼ੁਰੂ ਕੀਤੀ ਨਵੀਂ ਉਡਾਣ
ਲੰਡਨ ਸਟੈਨਸਟੇਡ ਦੀ ਬਜਾਏ ਲੰਡਨ ਹੀਥਰੋ ਤੋਂ ਉਡਾਣ ਸ਼ੁਰੂ ਕਰਨ ਦੀ ਕੀਤੀ ਮੰਗ।
ਏਅਰ ਇੰਡੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ ਤੋਂ ਲੰਡਨ ਦੇ ਸਟੈਨਸਟੇਡ ਏਅਰਪੋਰਟ ਲਈ ਹਫ਼ਤੇ ਵਿਚ ਤਿੰਨ ਦਿਨਾਂ ਲਈ ਸ਼ੁਰੂ ਕੀਤੀ ਗਈ ਸਿੱਧੀ ਉਡਾਣ ਦਾ ਵਿਦੇਸ਼ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੇ ਸਵਾਗਤ ਕੀਤਾ ਹੈ। ਅੰਮ੍ਰਿਤਸਰ ਤੋਂ ਇਹ ਉੜਾਣ ਸੋਮਵਾਰ, ਮੰਗਲ਼ਵਾਰ ਤੇ ਵੀਰਵਾਰ ਵਾਲੇ ਦਿਨ ਲੰਡਨ ਲਈ ਰਵਾਨਾ ਹੋਵੇਗੀ।
ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਸੇਵਾ ਟਰੱਸਟ ਯੂ. ਕੇ. ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਭਾਰਤ ਸਰਕਾਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ, ਅਤੇ ਏਅਰ ਇੰਡੀਆਂ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਣੀ ਦਾ ਧੰਨਵਾਦ ਕੀਤਾ ਹੈ।
ਉਹਨਾ ਕਿਹਾ ਕਿ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਧੇਰੇ ਸੈਰ-ਸਪਾਟਾ, ਵਪਾਰ, ਆਰਥਿਕ ਵਾਧੇ ਨੂੰ ਉਤਸ਼ਾਹ ਮਿਲੇਗਾ ਅਤੇ ਨਾਲ ਹੀ ਯਾਤਰੀਆਂ ਲਈ ਸਮੇਂ ਅਤੇ ਕੀਮਤ ਦੀ ਬਚਤ ਹੋਵੇਗੀ। ਇਹ ਲੰਡਨ ਤੋਂ ਪੰਜਾਬ ਲਈ ਜਾਣ ਵਾਲੇ ਯਾਤਰੀਆਂ, ਖ਼ਾਸਕਰ ਅੰਮ੍ਰਿਤਸਰ ਖਿੱਤੇ ਲਈ ਸਭ ਤੋਂ ਖ਼ੁਸ਼ੀ ਦੀ ਖ਼ਬਰ ਹੈ ਜੋ ਕਿ 550 ਸਾਲਾਂ ਦੇ ਗੁਰਪੁਰਬ ਸਮਾਗਮਾਂ ਦਾ ਕੇਂਦਰ ਹੋਵੇਗਾ। ਉਹਨਾਂ ਕਿਹਾ ਕਿ 550 ਸਾਲਾ ਗੁਰਪੂਰਬ ਦੇ ਅਵਸਰ ਤੇ ਅੰਮ੍ਰਿਤਸਰ 9 ਸਾਲਾਂ ਬਾਦ ਮੁੜ ਤੋਂ ਲੰਡਨ ਨਾਲ ਜੁੜ ਜਾਵੇਗਾ। ਏਅਰ ਇੰਡੀਆ ਵਲ਼ੋਂ ਹਫ਼ਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਤੋਂ ਸਿੱਧੀ ਬਰਮਿੰਘਮ ਅਤੇ ਤਿੰਨ ਦਿਨ ਦਿੱਲੀ ਰਾਹੀਂ ਬਰਮਿੰਘਮ ਲਈ ਵੀ ਉਡਾਣ ਚਲਾਈ ਜਾਂਦੀ ਹੈ।
ਇੱਥੇ ਵਰਨਣਯੋਗ ਹੈ ਕਿ ਅੰਮ੍ਰਿਤਸਰ ਦੇ ਜੰਮਪਲ ਤੇ ਹੁਣ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ, ਅੰਮ੍ਰਿਤਸਰ ਤੋਂ ਲੰਡਨ ਦੀ ਇਸ ਇਤਿਹਾਸਕ ਪਹਿਲੀ ਉਡਾਣ ਤੇ ਸਫਰ ਕਰਨ ਲਈ ਉਚੇਚੇ ਤੌਰ ਤੇ ਅਮਰੀਕਾ ਤੋਂ ਗੁਰੂ ਕੀ ਨਗਰੀ ਪਹੰਚੇ ਸਨ। ਜਹਾਜ਼ ਤੇ ੴ ਲਿਖੇ ਹੋਏ ਇਸ ਜਹਾਜ ਦੇ ਯਾਤਰੀਆਂ ਦਾ ਲੰਡਨ ਪਹੁੰਚਣ ਤੇ ਏਅਰ ਇੰਡੀਆ ਅਤੇ ਏਅਰਪੋਰਟ ਦੇ ਸਟਾਫ ਵਲੋਂ ਢੋਲ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਤੋਹਫਾ ਵੀ ਦਿੱਤਾ ਗਿਆ। ਸੇਖੋਂ ਉਪਰੰਤ ਲੰਡਨ ਤੋਂ ਪਹਿਲੀ ਉਡਾਣ ਵਿਚ ਅੰਮ੍ਰਿਤਸਰ ਲਈ ਰਵਾਨਾ ਹੋਏ।
ਸੇਵਾ ਟਰਸਟ ਯੂ.ਕੇ. ਅਤੇ ਅੰਮ੍ਰਿਤਸਰ ਵਿਕਾਸ ਮੰਚ ਲੰਮੇ ਸਮੇਂ ਤੋਂ ਲੰਡਨ ਹੀਥਰੋ ਲਈ ਸਿੱਧੀਆਂ ਉਡਾਣਾਂ ਦੀ ਸਾਂਝੀ ਮੁਹਿੰਮ ਨੂੰ ਚਲਾ ਰਹੇ ਹਨ ਤੇ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਸਾਂਝੇ ਤੌਰ ਤੇ ਹੋਰਨਾਂ ਨਾਲ ਇਸ ਮੰਗ ਨੂੰ ਬੁਲੰਦ ਕਰ ਸਕੇ। ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਹੀਥਰੋ ਦੇ ਨਜ਼ਦੀਕ ਵਸਦਾ ਹੈ। ਜੇਕਰ ਹੀਥਰੋ ਲਈ ਉਡਾਣ ਸ਼ੁਰੂ ਹੁੰਦੀ ਤਾਂ ਹੋਰ ਵੀ ਚੰਗਾ ਸੀ। ਅਸੀਂ ਯੂ.ਕੇ. ਅਤੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ, ਲੰਡਨ ਦੇ ਲਾਗਲੇ ਸ਼ਹਿਰਾਂ ਦੇ ਮੇਅਰ, ਵੱਖ-ਵੱਖ ਸੰਸਥਾਵਾਂ, ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਵੀ ਧੰਨਵਾਦੀ ਹਾਂ ਜਿੰਨਾਂ ਨੇ ਆਪਣੇ ਤੌਰ ‘ਤੇ ਅਤੇ ਸਾਂਝੇ ਬਿਆਨਾਂ ਰਾਹੀਂ ਇਸ ਮੰਗ ਨੂੰ ਏਅਰ ਇੰਡੀਆਂ, ਭਾਰਤ ਸਰਕਾਰ ਤੇ ਹੋਰਨਾਂ ਹਵਾਈ ਕੰਪਨੀਆਂ ਤੱਕ ਪਹੁੰਚਾਇਆ ਸੀ।
ਗੁਮਟਾਲਾ ਨੇ ਦੱਸਿਆ ਕਿ ਅਕਤੂਬਰ 2010 ਤੋਂ ਬਾਦ ਅੰਮ੍ਰਿਤਸਰ-ਲੰਡਨ ਹੀਥਰੋ-ਟੋਰਾਂਟੋ ਸਿੱਧੀ ਉਡਾਣ ਨੂੰ ਏਅਰ ਇੰਡੀਆਂ ਵੱਲੋਂ ਬਰਸਾਤਾ ਦਿੱਲੀ ਕਰ ਦਿੱਤਾ ਗਿਆ ਸੀ। ਇਸ ਨਾਲ ਨਾ ਸਿਰਫ ਯਾਤਰੀਆਂ ਨੂੰ ਦਿੱਲੀ ਰਾਹੀਂ ਸਫਰ ਦੀ ਖੱਜਲ ਖ਼ੁਆਰੀ ਝਲਣੀ ਪੈ ਰਹੀ ਸੀ ਬਲਕਿ ਪੰਜਾਬ ਤੋਂ ਫਲਾਂ ਅਤੇ ਸਬਜ਼ੀਆਂ ਦੇ ਕਾਰਗੋ ਤੇ ਵੀ ਅਸਰ ਪਿਆ ਸੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਇਸ ਦੇ ਫਿਰ ਤੋਂ ਸ਼ੁਰੂ ਹੋਣ ਦੀ ਆਸ ਬੱਝੀ ਹੈ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਵਧੀਆ ਮੁੱਲ ਮਿਲ ਸਕੇ।
ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ, ਕੈਨੇਡਾ ਵਾਸੀ ਅਨੰਤਦੀਪ ਢਿੰਲੋਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਪਰ ਸਾਡੀ ਮੰਗ ਹਾਲੇ ਵੀ ਅੰਮ੍ਰਿਤਸਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਨਾਲ ਜੋੜਣ ਦੀ ਹੈ ਤਾਂ ਜੋ ਪੰਜਾਬੀ ਦੁਨੀਆਂ ਦੀ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਏਵੀਏਸ਼ਨ ਕੇਂਦਰ ਹੀਥਰੋ ਹਵਾਈ ਅੱਡੇ ਰਾਹੀਂ ਏਅਰ ਇੰਡੀਆਂ ਦੀਆਂ ਯੂਰਪ, ਅਮਰੀਕਾ, ਕੈਨੇਡਾ ਦੀਆਂ ਭਾਈਵਾਲ ਹਵਾਈ ਕੰਪਨੀਆਂ ਏਅਰ ਕੈਨੇਡਾ, ਯਨਾਈਟਿਡ ਆਦਿ ਦੀਆਂ ਉਡਾਣਾਂ ਤੇ ਅਸਾਨੀ ਨਾਲ ਯੂਰਪ, ਟੋਰਾਂਟੋ, ਵੈਨਕੂਵਰ, ਨਿਉਯਾਰਕ ਆਦਿ ਲੈ ਸਕਣ। ਇਸ ਨਾਲ ਏਅਰ ਇੰਡੀਆਂ ਨੂੰ ਲੰਡਨ ਦੀ ਉਡਾਣ ਲਈ ਵੱਧ ਸਵਾਰੀਆਂ ਵੀ ਮਿਲਣੀਆਂ ।