ਲੁਧਿਆਣਾ– ਕਰੋਨਾਵਾਇਰਸ ਕਾਰਨ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਲਈ ਹੁਕਮ ਜਾਰੀ ਕੀਤੇ ਹਨ ਪਰ ਸਿਹਤ ਵਿਭਾਗ ਦੀ ਕਾਰਵਾਈ ਤੋਂ ਡਰਦੇ ਵਿਦੇਸ਼ਾਂ ਤੋਂ ਪਰਤੇ ਕਈ ਲੋਕ ਹਾਲੇ ਸਾਹਮਣੇ ਨਹੀਂ ਆ ਰਹੇ। ਹੁਣ ਅਜਿਹੇ ਲੋਕਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਪੰਜਾਬ ਪੁਲੀਸ ਦੇ ਹਵਾਲੇ ਕੀਤੀ ਗਈ ਹੈ। ਲੁਧਿਆਣਾ ਵਿਚ ਅਜਿਹੇ 12 ਲੋਕਾਂ ਦੀ ਲਿਸਟ ਸਿਹਤ ਵਿਭਾਗ ਨੇ ਪੁਲੀਸ ਨੂੰ ਭੇਜੀ ਹੈ ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਏ ਹਨ ਪਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਦੀ ਸਕਰੀਨਿੰਗ ਕਰਨ ਲਈ ਉਨ੍ਹਾਂ ਵੱਲੋਂ ਪਾਸਪੋਰਟ ’ਤੇ ਦਿੱਤੇ ਗਏ ਪਤੇ ’ਤੇ ਪਹੁੰਚ ਕੀਤੀ ਤਾਂ ਉਹ ਲੋਕ ਉਥੇ ਮੌਜੂਦ ਨਹੀਂ ਸਨ। ਹੁਣ ਉਨ੍ਹਾਂ ਦੀ ਭਾਲ ਲਈ ਸਿਹਤ ਵਿਭਾਗ ਨੇ ਪੰਜਾਬ ਪੁਲੀਸ ਦੀ ਮਦਦ ਮੰਗੀ ਹੈ। ਜ਼ਿਲ੍ਹਾ ਸਿਹਤ ਵਿਭਾਗ ਨੇ ਪੁਲੀਸ ਵਿਭਾਗ ਨੂੰ ਅਜਿਹੇ ਅੱਜ 7 ਲੋਕਾਂ ਦੇ ਨਾਮ ਤੇ ਪਿਛਲੇ ਸਮੇਂ ਦੌਰਾਨ 5 ਲੋਕਾਂ ਦੇ ਨਾਂ ਤੇ ਪਤੇ ਦਿੱਤੇ ਹਨ ਜੋ ਕਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਵਿਦੇਸ਼ਾਂ ਦਾ ਦੌਰਾ ਕਰ ਕੇ ਵਾਪਸ ਆਏ ਹਨ। ਉਨ੍ਹਾਂ ਨੂੰ ਸਬੰਧਤ ਇਲਾਕੇ ਦੀ ਪੁਲੀਸ ਲੱਭਣ ਦਾ ਕੰਮ ਕਰ ਰਹੀ ਹੈ। ਸਿਹਤ ਵਿਭਾਗ ਵਲੋਂ ਜਿਨ੍ਹਾਂ 7 ਲੋਕਾਂ ਦੀ ਅੱਜ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ ਵਿਚ 3 ਔਰਤਾਂ ਵੀ ਹਨ। ਇੱਕ ਵਿਅਕਤੀ ਏਕਤਾ ਕਲੋਨੀ ਮੇਹਰਬਾਨ ਬਸਤੀ ਜੋਧੇਵਾਲ ਥਾਣਾ, ਇੱਕ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ, ਇੱਕ ਔਰਤ ਭਾਈ ਰਣਧੀਰ ਸਿੰਘ ਨਗਰ, ਇੱਕ ਜਨਤਾ ਐਨਕਲੇਵ ਬਸੰਤ ਐਵੇਨਿਊ, ਇੱਕ ਵਿਅਕਤੀ ਰਿਸ਼ੀ ਨਗਰ ਰਮਨ ਐਨਕਲੇਵ, ਇੱਕ ਵਿਅਕਤੀ ਕਰਤਾਰ ਨਗਰ ਮਾਡਲ ਟਾਊਨ ਤੇ ਇੱਕ ਔਰਤ ਬਚਿੱਤਰ ਨਗਰ ਗਿੱਲ ਜੀਐਨਈ ਕਾਲਜ ਨੇੜੇ ਦੀ ਵਸਨੀਕ ਦੱਸੀ ਜਾ ਰਹੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਹਾਲੇ ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾਵਾਇਰਸ ਦਾ ਕੋਈ ਕੇਸ ਪਾਜ਼ੇਟਿਵ ਨਹੀਂ ਆਇਆ ਹੈ ਐਡਵਾਇਜ਼ਰੀ ਮੁਤਾਬਕ ਵਿਦੇਸ਼ ਤੋਂ ਪਰਤਣ ਵਾਲਿਆਂਂ ਦੀ ਸਕਰੀਨਿੰਗ ਕਰਨ ਦੇ ਹੁਕਮ ਹਨ।
INDIA ਵਿਦੇਸ਼ ਤੋਂ ਪਰਤੇ ਲੁਧਿਆਣਾ ਜ਼ਿਲ੍ਹੇ ਦੇ 12 ਜਣੇ ਰੂਪੋਸ਼