ਜੰਮੂ -ਅਮਰੀਕਾ ਸਮੇਤ 15 ਮੁਲਕਾਂ ਦੇ ਸਫ਼ੀਰਾਂ ਨੇ ਅੱਜ ਇਥੇ ਵੱਖ ਵੱਖ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ ਜਦਕਿ ਮੁੱਖ ਸਕੱਤਰ ਬੀ ਵੀ ਆਰ ਸੁਬਰਾਮਣੀਅਨ ਅਤੇ ਡੀਜੀਪੀ ਦਿਲਬਾਗ ਸਿੰਘ ਦੀ ਅਗਵਾਈ ਹੇਠਲੀ ਉੱਚ ਪੱਧਰੀ ਟੀਮ ਨੇ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਮਗਰੋਂ ਉਥੇ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਸਮਾਜਿਕ ਜਥੇਬਦੀਆਂ ਦੇ ਜ਼ਿਆਦਾਤਰ ਵਫ਼ਦਾਂ ਨੇ ਸਫ਼ੀਰਾਂ ਨੂੰ ਦੱਸਿਆ ਕਿ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੀ ਹਮਾਇਤ ਕੀਤੀ ਹੈ। ਕਸ਼ਮੀਰ ’ਚ ਤਾਇਨਾਤ 15 ਕੋਰ ਦੇ ਮੁਖੀ ਲੈਫ਼ਟੀਨੈਂਟ ਜਨਰਲ ਕੇ ਜੇ ਐੱਸ ਢਿੱਲੋਂ ਦੀ ਅਗਵਾਈ ਹੇਠ ਥਲ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵਫ਼ਦ ਨੂੰ ਹੋਰ ਜਾਣਕਾਰੀ ਵੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਸਕੱਤਰ ਅਤੇ ਡੀਜੀਪੀ ਦੀ ਅਗਵਾਈ ਹੇਠ ਆਈ ਟੀਮ ਅੱਜ ਸਵੇਰੇ ਇਥੇ ਪੁੱਜੀ ਅਤੇ ਉਸ ਨੇ ਧਾਰਾ 370 ਹਟਾਉਣ ਮਗਰੋਂ ਸੁਰੱਖਿਆ ਹਾਲਾਤ ਦੇ ਵੱਖ ਵੱਖ ਪਹਿਲੂਆਂ ਅਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਏ ਜਾਣ ਬਾਰੇ ਦੱਸਿਆ। ਦੋਵੇਂ ਅਧਿਕਾਰੀਆਂ ਨੇ ਸਫ਼ੀਰਾਂ ਵੱਲੋਂ ਵੱਖ ਗ੍ਰਿਫ਼ਤਾਰੀਆਂ, ਇੰਟਰਨੈੱਟ ’ਤੇ ਪਾਬੰਦੀ ਅਤੇ ਅਮਨ ਕਾਨੂੰਨ ਦੀ ਹਾਲਤ ਸਮੇਤ ਹੋਰ ਮੁੱਦਿਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਕਫ਼ੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੀ ਪੁਲੀਸ ਅਤੇ ਸੁਰੱਖਿਆ ਬਲਾਂ ਨੇ ਮਿਸਾਲ ਪੇਸ਼ ਕੀਤੀ ਹੈ। ਵਿੱਤ ਕਮਿਸ਼ਨਰ, ਸਿਹਤ ਅਤੁਲ ਦੂਲੋ ਨੇ ਸਰਕਾਰ ਵੱਲੋਂ ਲੋਕਾਂ ਅਤੇ ਮਰੀਜ਼ਾਂ ਲਈ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਬਾਅਦ ’ਚ ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ, ਜੇਐਂਡਕੇ ਗੁੱਜਰ ਯੂਨਾਈਟਿਡ ਫਰੰਟ, ਪੀਓਕੇ ਰਫਿਊਜੀਜ਼, ਵਾਲਮੀਕੀ ਸਮਾਜ, ਵਕੀਲਾਂ ਅਤੇ ਹੋਰਾਂ ਸਮੇਤ ਵੱਖ ਵੱਖ ਵਫ਼ਦਾਂ ਦੀ ਸਫ਼ੀਰਾਂ ਨਾਲ ਮੀਟਿੰਗ ਹੋਈ। ਸਫ਼ੀਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਜ਼ਿਆਦਾਤਰ ਵਫ਼ਦਾਂ ਨੇ ਧਾਰਾ 370 ਹਟਾਉਣ ਦਾ ਸਵਾਗਤ ਕਰਦਿਆਂ ਫਿਰਕਿਆਂ ਲਈ ਲਾਹੇਵੰਦ ਦੱਸਿਆ। ਗੁੱਜਰਾਂ ਦੇ ਯੂਨਾਈਟਿਡ ਫੋਰਮ ਦੇ ਚੇਅਰਮੈਨ ਗੁਲਾਮ ਨਬੀ ਖਤਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਸਫ਼ੀਰਾਂ ਨੂੰ ਆਖਿਆ ਕਿ ਧਾਰਾ 370 ਹਟਣ ਨਾਲ ਉਨ੍ਹਾਂ ਨੂੰ ਜੰਗਲਾਂ ’ਤੇ ਹੱਕ ਮਿਲ ਗਿਆ ਹੈ ਅਤੇ ਭਾਈਚਾਰੇ ਨੂੰ ਰਾਖਵਾਂਕਰਨ ਮਿਲੇਗਾ। ਰਾਜੌਰੀ ਜ਼ਿਲ੍ਹੇ ਦੇ ਵਕੀਲ ਆਸਿਫ਼ ਚੌਧਰੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਵਿਕਾਸ ਅਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਗਏ ਹਨ। ਪੀਓਕੇ ਰਫਿਊਜੀਆਂ ਦੇ ਆਗੂ ਨਰਿੰਦਰ ਸਿੰਘ ਨੇ ਵੀ ਸਫ਼ੀਰਾਂ ਨੂੰ ਦੱਸਿਆ ਕਿ ਉਨ੍ਹਾਂ ਧਾਰਾ 370 ਹਟਾਉਣ ਦਾ ਸਵਾਗਤ ਕੀਤਾ ਹੈ। ਪੱਛਮੀ ਪਾਕਿਸਤਾਨ ਰਫਿਊਜੀਆਂ ਦੇ ਜਥੇਬੰਦੀ ਦੇ ਚੇਅਰਮੈਨ ਲਾਭਾ ਰਾਮ ਗਾਂਧੀ ਨੇ ਕਿਹਾ ਕਿ ਸੱਤ ਦਹਾਕਿਆਂ ਮਗਰੋਂ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਬਾਅਦ ’ਚ ਵਫ਼ਦ ਨੇ ਜਗਤੀ ਇਲਾਕੇ ਦਾ ਦੌਰਾ ਵੀ ਕੀਤਾ ਜਿਥੇ ਕਸ਼ਮੀਰੀ ਪੰਡਤ ਵਸੇ ਹੋਏ ਹਨ। ਇਥੇ ਜਦੋਂ ਟੀਮ ਪੁੱਜੀ ਤਾਂ ਲੋਕਾਂ ਨੇ ‘ਇਸਲਾਮਿਕ ਦਹਿਸ਼ਤਗਰਦੀ ਤੋਂ ਕਸ਼ਮੀਰ ਨੂੰ ਮੁਕਤ ਕਰੋ’ ਵਾਲੇ ਪੋਸਟਰ ਫੜੇ ਹੋਏ ਸਨ। ਸਫ਼ੀਰਾਂ ਨੇ ਕਸ਼ਮੀਰ ’ਚ ਇਸਲਾਮਿਕ ਦਹਿਸ਼ਤਗਰਦੀ ਦੇ ਪੈ ਰਹੇ ਮਾੜੇ ਅਸਰ ਬਾਰੇ ਉਨ੍ਹਾਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੇ ਦੁਖੜੇ ਸੁਣੇ। ਵਫ਼ਦ ’ਚ ਅਮਰੀਕਾ, ਅਰਜਨਟੀਨਾ, ਦੱਖਣੀ ਕੋਰੀਆ, ਫਿਜੀ, ਵਿਅਤਨਾਮ, ਨਾਇਜੀਰੀਆ, ਬੰਗਲਾਦੇਸ਼, ਗੁਆਇਨਾ, ਮਾਲਦੀਵ, ਨਾਰਵੇ, ਪੇਰੂ, ਫਿਲਪੀਨਜ਼, ਨਾਈਜਰ ਅਤੇ ਟੋਗੋ ਦੇ ਸਫ਼ੀਰ ਸ਼ਾਮਲ ਹਨ।
HOME ਵਿਦੇਸ਼ੀ ਸਫ਼ੀਰਾਂ ਵੱਲੋਂ ਜੰਮੂ ’ਚ ਵੱਖ ਵੱਖ ਜਥੇਬੰਦੀਆਂ ਨਾਲ ਮੁਲਾਕਾਤ