ਵਿਦੇਸ਼ੀ ਪੰਜਾਬੀ ਅਖ਼ਬਾਰਾਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਮੋਹਰੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

1970 ਦਹਾਕੇ ਵਿਚ ਪੰਜਾਬੀ ਪੱਤਰਕਾਰੀ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ ਸੀ। ਉਸ ਸਮੇਂ ਤਕ ਜੋ ਪੰਜਾਬੀ ਦੀਆਂ ਅਖ਼ਬਾਰਾਂ ਸਨ, ਉਨ੍ਹਾਂ ਦਾ ਕੰਮ ਖ਼ਬਰਾਂ ਤੇ ਸੰਪਾਦਕੀ ਤਕ ਸੀਮਿਤ ਸੀ, ਪਾਠਕਾਂ ਦੀ ਆਵਾਜ਼ ਲਈ ਕੋਈ ਖਾਸ ਕਾਲਮ ਨਹੀਂ ਸੀ ਸੰਪਾਦਕੀ ਅਦਾਰੇ ਵਲੋਂ ਜੋ ਪਰੋਸਿਆ ਜਾਂਦਾ ਸੀ, ਪਾਠਕਾਂ ਨੂੰ ਉਹੋ ਹੀ ਹਜ਼ਮ ਕਰਨਾ ਪੈਂਦਾ ਸੀ।

ਐਤਵਾਰ ਛੁੱਟੀ ਵਾਲੇ ਦਿਨ ਸਾਹਿਤ ਨੂੰ ਥੋੜ੍ਹੀ ਬਹੁਤ ਥਾਂ ਦਿੱਤੀ ਜਾਂਦੀ ਸੀ,ਸਾਹਿਤ ਵਿਚ ਵਿਅੰਗ ਨੂੰ ਜ਼ਿਆਦਾ ਮੁੱਖ ਰੱਖਿਆ ਜਾਂਦਾ ਸੀ, ਸਾਹਿਤ ਨਾਲ ਸਬੰਧਤ ਲੇਖ, ਕਹਾਣੀਆਂ, ਕਵਿਤਾਵਾਂ ਆਦਿ ਨੂੰ ਵੀ ਥਾਂ ਦਿੱਤੀ ਜਾਂਦੀ ਸੀ ਕੁੱਲ ਮਿਲਾ ਕੇ ਸਾਹਿਤ ਲਈ ਦੋ ਸਫੇ ਸੀਮਤ ਸਨ।ਲੇਖਕ ਵੀ ਅਖ਼ਬਾਰਾਂ ਨੇ ਆਪਣੇ ਰਾਖਵੇਂ ਹੀ ਰੱਖੇ ਹੋਏ ਸਨ, ਨਵੇਂ ਲੇਖਕਾਂ ਨੂੰ ਬਹੁਤਾ ਹੁਲਾਰਾ ਨਹੀਂ ਦਿੱਤਾ ਜਾਂਦਾ ਸੀ। ਸਾਹਿਤ ਲਈ ਉਸ ਸਮੇਂ ਮਹੀਨਾਵਾਰ ਰਸਾਲੇ(ਮੈਂਗਜੀਨ) ਹਫਤਾਵਾਰੀ ਤੇ ਪੰਦਰਵਾੜੇ ਦੇ ਅਖ਼ਬਾਰ ਨਿਕਲਦੇ ਸਨ।

ਜਿਨ੍ਹਾਂ ਵਿੱਚ ਪ੍ਰੀਤ ਲੜੀ,ਨਾਗਮਣੀ,ਆਰਸੀ ਤੇ ਕੌਮੀ ਏਕਤਾ ਮੁੱਖ ਸਨ, ਜੋ ਪੰਜਾਬੀ ਸਾਹਿਤ ਨਾਲ ਭਰਪੂਰ ਹੁੰਦੇ ਸਨ।ਸਥਾਪਤ ਲੇਖਕਾਂ ਦੇ  ਨਾਲ ਨਵੀਆਂ ਕਲਮਾਂ ਨੂੰ ਵੀ ਖੁੱਲ੍ਹੀ ਥਾਂ ਦਿੱਤੀ ਜਾਂਦੀ ਸੀ।ਜਿਸ ਵਿੱਚੋਂ ਅਨੇਕਾਂ ਨਵੇਂ ਲੇਖਕ ਪੈਦਾ ਹੋਏ,ਉਸ ਸਮੇਂ ਤਕ ਅਖਬਾਰਾਂ ਦੀ ਪਹੁੰਚ ਸ਼ਹਿਰਾਂ ਤੱਕ ਸੀਮਤ ਸੀ, ਜਿਨ੍ਹਾਂ ਵਿੱਚ ਨੌਕਰੀਸ਼ੁਦਾ ਪਾਠਕ ਜ਼ਿਆਦਾ ਹੁੰਦੇ ਸਨ।ਨੌਜਵਾਨ ਪੀੜ੍ਹੀ ਵਿੱਚ ਅਖ਼ਬਾਰਾਂ ਦੀ ਬਹੁਤੀ ਪੁੱਛਗਿੱਛ ਨਹੀਂ ਸੀ,ਹਾਂ ਕਾਲਜਾਂ ਸਕੂਲਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਅਖ਼ਬਾਰ ਪੜ੍ਹੇ ਜਾਂਦੇ ਸਨ।

ਨੌਜਵਾਨ ਪੀੜ੍ਹੀ ਜਿਨ੍ਹਾਂ ਵਿਚ ਮੁੱਖ ਵਿਦਿਆਰਥੀ ਹੁੰਦੇ ਸਨ, ਆਪਣੀ ਆਪਣੀ ਪਸੰਦ ਦੇ ਰਸਾਲੇ ਖਰੀਦ ਕੇ ਆਮ ਪੜ੍ਹਦੇ ਸਨ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਅਖ਼ਬਾਰਾਂ ਨਾਲੋਂ ਰਸਾਲਿਆਂ ਦੀ ਵਿੱਕਰੀ ਜ਼ਿਆਦਾ ਹੁੰਦੀ ਸੀ, ਤੇ ਪਸੰਦ ਵੀ ਪਾਠਕ ਦਿਲੋਂ ਪਿਆਰ ਕਰਦੇ ਸਨ, ਕਿਸ ਦਿਨ ਬਾਜ਼ਾਰ ਵਿਚ ਆਵੇਗਾ ਦੁਕਾਨਾਂ ਤੇ ਜਾਕੇ ਪੁੱਛਦੇ ਸਨ।

ਅਖ਼ਬਾਰਾਂ ਨੂੰ ਚਲਾਉਣ ਲਈ ਇਸ਼ਤਿਹਾਰਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਸਰਕਾਰ ਨੇ ਕੁਝ ਖਾਸ ਇਸ਼ਤਿਹਾਰ ਦੇਣ ਲਈ ਦੋ ਭਾਸ਼ਾਵਾਂ ਦੇ ਅਖਬਾਰਾਂ ਵਿਚ ਇਸ਼ਤਿਹਾਰ ਦੇਣਾ ਲਾਜ਼ਮੀ ਹੋ ਗਿਆ। ਇੱਕ ਆਪਣੇ ਰਾਜ ਦੀ ਭਾਸ਼ਾ ਤੇ ਦੂਸਰੀ ਕੇਂਦਰੀ ਸਰਕਾਰੀ ਭਾਸਾ਼ ਜਿਸ ਵਿੱਚ ਹਿੰਦੀ ਤੇ ਅੰਗਰੇਜ਼ੀ ਆਉਂਦੀ ਸੀ, ਇਸ ਜ਼ਰੂਰਤ ਕਰਕੇ ਅੰਗਰੇਜ਼ੀ ਤੇ ਹਿੰਦੀ ਅਖ਼ਬਾਰਾਂ ਨੂੰ ਪੰਜਾਬੀ ਭਾਸ਼ਾ ਦੇ ਅਖ਼ਬਾਰ ਕੱਢਣਾ ਲਾਜ਼ਮੀ ਹੋ ਗਿਆ ਤੇ ਪੰਜਾਬੀ ਅਖ਼ਬਾਰਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ ਚਾਲੂ ਕਰਨਾ ਅਖ਼ਬਾਰਾਂ ਦੀ ਗਿਣਤੀ ਵਧੀ।

ਰਸਾਲਿਆਂ ਦੀ ਵਿੱਕਰੀ ਦੇ ਆਧਾਰ ਤੇ ਅਖ਼ਬਾਰਾਂ ਨੇ ਪੰਜਾਬੀ ਸਾਹਿਤ ਨੂੰ ਪਹਿਲ ਦੇਣੀ ਚਾਲੂ ਕੀਤੀ, ਤਾਂ ਜੋ ਹਰ ਕੋਈ ਪੀੜ੍ਹੀ ਅਖਬਾਰਾਂ ਨਾਲ ਜੁੜ ਸਕੇ।  ਸੰਪਾਦਕੀ ਪੰਨੇ ਤੇ ਖ਼ਾਸ ਲੇਖ ਤੇ ਸੰਪਾਦਕ ਦੀ ਡਾਕ ਨੂੰ ਖੁੱਲ੍ਹੀ ਥਾਂ ਦਿੱਤੀ ਜਾਣ ਲੱਗੀ।ਐਤਵਾਰ ਨੂੰ ਸਾਹਿਤਕ ਰੰਗ ਨਾਲ ਭਰਪੂਰ ਚਾਰ ਪੰਨੇ ਹਰ ਕੋਈ ਅਖਬਾਰ ਨੇ ਚਾਲੂ ਕਰ ਦਿੱਤੇ ਬਾਕੀ ਦਿਨਾਂ ਵਿੱਚ ਇੱਕ ਪੰਨਾ ਸਾਹਿਤ ਜਾਂ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਹੁੰਦਾ ਸੀ। ਜੋ ਉਸ ਸਮੇਂ ਤੋਂ ਚਾਲੂ ਹੋਇਆ ਤੇ ਹੁਣ ਤੱਕ ਚੱਲ ਰਿਹਾ ਹੈ।

ਸਾਹਿਤ ਤੇ ਸਮਾਜਕ ਸਮਗਰੀ ਛਾਪਣ ਨਾਲ ਅਖਬਾਰਾਂ ਦੀ ਛਪਣ ਗਿਣਤੀ ਧੜਾ ਧੜ ਵਧ ਗਈ,ਸ਼ਹਿਰਾਂ ਤੋਂ ਪਿੰਡਾਂ ਵੱਲ ਅਖ਼ਬਾਰਾਂ ਨੇ ਆਪਣਾ ਮੁੱਖ ਕਰ ਲਿਆ ਹਰ ਅਖ਼ਬਾਰ ਦੇ ਆਪਣੇ ਆਪਣੇ ਪੱਧਰ ਦੇ ਝੰਡੇ ਗੱਡ ਲਏ।  ਜਿਸ ਨਾਲ ਰਸਾਲਾ ਵਰਗ ਖ਼ਾਤਮੇ ਵੱਲ ਵਧਣਾ ਚਾਲੂ ਹੋ ਗਿਆ।ਅੱਜ ਹਰ ਅਖ਼ਬਾਰ ਪਾਠਕਾਂ ਲਈ ਇੱਕ ਕਿਤਾਬ ਹੈ, ਰਸਾਲਿਆਂ ਦੇ ਨਾਲ ਕਿਤਾਬਾਂ ਦੀ ਮੰਗ ਵੀ ਘਟ ਗਈ ਹੈ। ਹੁਣ ਕੁਝ ਰਸਾਲੇ ਧੱਕੇ ਨਾਲ ਹੀ ਚੱਲ ਰਹੇ ਹਨ, ਕਿਤਾਬਾਂ ਦੀ ਮੰਗ ਨਹੀਂ ਪਰ ਇੱਕ ਰਿਵਾਜ ਜਾਂ ਵਿਖਾਵਾ ਕਰਕੇ ਕਿਤਾਬਾਂ ਹੁਣ ਆਪਣੇ ਆਪ ਨੂੰ ਲੇਖਕ ਵਿਖਾਉਣ ਲਈ ਸੀਮਿਤ ਗਿਣਤੀ ਵਿੱਚ ਛਪ ਰਹੀਆ ਹਨ।

ਜਿਸ ਲੇਖਕ ਦੀ ਜੇਬ ਭਾਰੀ ਹੈ ਉਹ ਕਿਤਾਬ ਛਪਵਾਉਂਦਾ ਹੈ,ਉਸ ਤੋਂ ਬਾਅਦ ਪਾਠਕਾਂ ਵਿੱਚ ਧੱਕੇ ਨਾਲ ਵੰਡਣੀਆਂ ਪੈਂਦੀਆਂ ਹਨ ਜਾਂ ਕੁਝ ਖਾਸ ਮੇਲਿਆਂ ਤੇ ਕਿਤਾਬਾਂ ਦੀ ਵਿਕਰੀ ਜ਼ਰੂਰ ਹੋ ਜਾਂਦੀ ਹੈ।ਪਰ ਪਾਠਕਾਂ ਦੀ ਮੰਗ ਬਹੁਤ ਥੋੜ੍ਹੀ ਹੈ ਰਸਾਲੇ ਦੇ ਲੇਖਕ  ਅਖਵਾਰਾਂ ਵੱਲ ਖਿੱਚੇ ਆ ਗਏ। ਕਿਉਂਕਿ ਅਖ਼ਬਾਰਾਂ ਵੱਲੋਂ ਸੇਵਾਫਲ ਵੀ ਦਿੱਤਾ ਜਾਂਦਾ ਹੈ ਰਚਨਾਵਾਂ ਸਬੰਧੀ ਚਿੱਠੀਆਂ ਛਪ ਦੀਆਂ ਹਨ, ਤੇ ਲੇਖਕਾਂ ਦਾ ਪੱਧਰ ਵੀ ਪਤਾ ਲੱਗ ਜਾਂਦਾ ਹੈ।

ਲੇਖਾਂ ਉੱਤੇ ਸਾਰਥਕ ਰੂਪ ਵਿਚ ਪ੍ਰਤੀਕਰਮ ਲੱਗਣਾ ਪੰਜਾਬੀ ਸਾਹਿਤ ਨੂੰ ਨਵਾਂ ਰੰਗ ਦੇ ਗਿਆ, ਅਖ਼ਬਾਰ ਅਦਾਰਾ ਪਾਠਕਾਂ ਦੇ ਨਾਲ ਲੇਖਕਾਂ ਨੂੰ ਵੀ ਬਹੁਤ ਇੱਜ਼ਤ ਮਾਣ ਦਿੰਦੇ ਸਨ ਪਾਠਕ ਸਾਰਥਿਕ ਸਲਾਹਾਂ ਨਾਲ ਕੋਈ ਚਿੱਠੀ ਲਿਖਦਾ ਤਾਂ ਘਰ ਨੂੰ ਚਿੱਠੀ ਦਾ ਜਵਾਬ ਡਾਕ ਰਾਹੀਂ ਦਿੱਤਾ ਜਾਂਦਾ ਸੀ ਤੇ ਚਿੱਠੀ ਅਖ਼ਬਾਰ ਵਿੱਚ ਛਪਦੀ ਸੀ। ਲੇਖਕ ਦੀ ਜੋ ਰਚਨਾ ਛਪਣੀ ਹੁੰਦੀ ਸੀ ਡਾਕ ਰਾਹੀਂ ਉਸ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ ਸੀ ਕਮਾਲ ਇਹ ਵੀ ਜੋ ਰਚਨਾ ਛਾਪਣੀ ਨਹੀ ਹੁੰਦੀ ਸੀ ਆਪਣੇ ਸੁਝਾਵਾਂ ਸਹਿਤ ਸੰਪਾਦਕ ਸਾਹਿਬ ਡਾਕ ਰਾਹੀਂ ਘਰ ਨੂੰ ਰਚਨਾਵਾਂ ਵਾਪਿਸ ਭੇਜ ਦਿੰਦੇ ਸਨ।

ਕੁੱਲ ਮਿਲਾ ਕੇ ਪਾਠਕ ਸੰਪਾਦਕੀ ਅਦਾਰਾ ਤੇ ਲੇਖਕਾਂ ਵਿੱਚ ਬਹੁਤ ਵਧੀਆ ਮੇਲ ਜੋਲ ਸੀ। ਚਿੱਠੀਆਂ ਲਿਖਣ ਵਾਲੇ ਅਨੇਕਾਂ ਪਾਠਕ ਲੇਖਕ ਬਣ ਗਏ ਇੱਕ ਮੈਂ ਵੀ ਹਾਂ ਸੰਪਾਦਕ ਸਾਹਿਬ ਨੇ ਮੈਨੂੰ ਦਫ਼ਤਰ ਬੁਲਾ ਕੇ ਕਿਹਾ ਕਿ ਤੁਸੀਂ ਚਿੱਠੀਆਂ ਬਹੁਤ ਸੋਹਣੀਆਂ ਲਿਖਦੇ ਹੋ ਜੋ ਰਚਨਾਵਾਂ ਸਬੰਧੀ ਸਾਰਥਕ ਆਲੋਚਨਾ ਹੁੰਦੀ ਹੈ ਤੁਸੀਂ ਪੂਰਾ ਲੇਖ ਹੀ ਲਿਖ ਕੇ ਭੇਜਿਆ ਕਰੋ, ਚਿੱਠੀ ਛਾਪਣੀ ਮੁਸ਼ਕਲ ਹੈ।ਡਾਕਟਰ ਪ੍ਰੋਫੈਸਰ ਨਾਮ ਲੇਖਕਾਂ ਦੀਆਂ ਰਚਨਾਵਾਂ ਤੇ ਪ੍ਰਤੀਕਰਮ ਬਹੁਤ ਜ਼ਿਆਦਾ ਲੱਗਣ ਲੱਗੇ।

ਜੋ ਉਨ੍ਹਾਂ ਨੂੰ ਚੁਬਣ ਲੱਗੇ ਸੰਪਾਦਕੀ ਅਦਾਰੇ ਤਕ ਉਨ੍ਹਾਂ ਦੀ ਪਹੁੰਚ ਸੀ,ਜਿਹੜੇ ਅਖ਼ਬਾਰਾਂ ਵਿੱਚ ਪ੍ਰਤੀਕਰਮ ਲੇਖ ਜਾਂ ਚਿੱਠੀ ਲਗਦੀ ਸੀ, ਉਹ ਸਾਰਾ ਕੁਝ ਬੰਦ ਕਰਵਾ ਦਿੱਤਾ| ਪੰਜਾਬ ਵਿੱਚ ਜਿੰਨੀਆਂ ਵੀ ਪੰਜਾਬੀ ਅਖ਼ਬਾਰਾਂ ਹਨ, ਕਿਸੇ ਰਚਨਾ ਦੀ ਸਾਰਥਕ ਆਲੋਚਨਾ ਕਰਨਾ ਵੀ ਬੰਦ ਕਰ ਦਿੱਤਾ ਗਿਆ ਹੈ! ਜਲੰਧਰ ਦੇ ਇਕ ਰੋਜ਼ਾਨਾ ਅਖਬਾਰ ਦੇ ਸੰਪਾਦਕ ਸਾਹਿਬ ਮੈਨੂੰ ਫੋਨ ਕਰਕੇ ਖਾਸ ਤੌਰ ਤੇ ਕਿਹਾ ਤੂੰ ਜੋ ਚਿੱਠੀ ਵਿਚ ਸ਼ਬਦ ਲਿਖੇ ਹਨ ਮੈਨੂੰ ਚੰਗੇ ਨਹੀਂ ਲੱਗਦੇ ਚਿੱਠੀ ਛਾਪਣੀ ਦੂਰ ਦੀ ਗੱਲ ਮੇਰੀਆਂ ਰਚਨਾਵਾਂ ਵੀ ਛਾਪਣੀਆਂ ਬੰਦ ਕਰ ਦਿੱਤੀਆਂ ਸਦਕੇ ਜਾਈਏ ਇਹੋ ਜਿਹੇ ਉੱਚ ਅਧਿਕਾਰੀਆਂ ਦੇ ਮੇਰਾ ਕਿੱਲੇ ਤੋਂ ਰੱਸਾ ਖੋਲ ਕੇ ਬਾਹਰ!

ਮਾਰਚ ਮਹੀਨੇ ਕਰੋਨਾ ਮਹਾਮਾਰੀ ਆ ਗਈ ਭਾਰਤ ਵਿੱਚ ਲਾਕਡਾਊਨ ਲਗਾ ਦਿੱਤਾ,ਲੋਕਾਂ ਤੇ ਮਹਾਂਮਾਰੀ ਦਾ ਜੋ ਅਸਰ ਹੋਇਆ ਸਭ ਜਾਣਦੇ ਹਾਂ! ਪਰ ਪੰਜਾਬੀ ਅਖਬਾਰਾਂ ਕਰੋਨਾ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਗਈਆਂ ਲਾਗ ਦੀ ਬਿਮਾਰੀ ਹੋਣ ਕਾਰਨ ਅਖ਼ਬਾਰਾਂ ਦੀ ਵਿਕਰੀ ਥੋੜ੍ਹੀ ਘਟ ਗਈ! ਅਖ਼ਬਾਰਾਂ ਦੇ ਸਾਹਿਤਕ ਪੰਨਿਆਂ ਤੇ ਕੋਰੋਨਾ ਦਾ ਕੁਝ ਜ਼ਿਆਦਾ ਹੀ ਅਸਰ ਹੋ ਗਿਆ, ਥਾਂ ਘੱਟ ਕਰ ਦਿੱਤੀ ਗਈ ਤੇ ਲੇਖਕ ਪੱਕੇ ਰੂਪ ਵਿਚ ਸਥਾਪਤ ਕਰ ਦਿੱਤੇ ਸ਼ਾਇਦ ਉਨ੍ਹਾਂ ਨੂੰ ਕਿਸੇ ਖਾਸ ਬਿਲਡਿੰਗਾਂ ਵਿਚ ਬੰਦ ਰੱਖਿਆ ਗਿਆ ਹੈ,ਰਚਨਾਵਾਂ ਕਰੋਨਾ ਲੈ ਕੇ ਨਾ ਆ ਜਾਣ ਹਰ ਅਖਬਾਰ ਨੇ ਰਾਖਵੇਂ ਲੇਖਕ ਹੀ ਛਪ ਰਹੇ ਹਨ!

ਆਮ ਮੇਰੇ ਜਿਹੇ ਬਾਹਰ ਕਰ ਦਿੱਤੇ ਗਏ ਨਵੀਆਂ ਕਲਮਾਂ ਲਈ ਕੋਈ ਥਾਂ ਹੀ ਨਹੀਂ ਹੈ, ਪੰਜਾਬ ਦੇ ਪੰਜਾਬੀ ਅਖ਼ਬਾਰਾਂ ਦੇ ਅਦਾਰਿਆਂ ਨੂੰ ਸਾਇਦ ਜਾਣਕਾਰੀ ਨਹੀਂ ਕਿ ਸਾਡੇ ਪਾਠਕ ਸਿਰਫ ਖ਼ਬਰਾਂ ਤੱਕ ਸੀਮਿਤ ਨਹੀਂ, ਸਤਰੰਗੀ ਅਖ਼ਬਾਰਾਂ ਜੋ ਸਾਹਿਤ ਨਾਲ ਪੂਰਨ ਰੂਪ ਵਿਚ ਰੰਗੀਆਂ ਹੁੰਦੀਆਂ ਸਨ ਉਨ੍ਹਾਂ ਦੀ ਜ਼ਰੂਰਤ ਹੈ!ਅਖ਼ਬਾਰਾਂ ਦੀ ਮੰਗ ਘਟੀ ਨਹੀਂ ਅਖ਼ਬਾਰੀ ਅਦਾਰਿਆ ਦੀ ਗਲਤੀ ਕਾਰਨ ਘਟੀ ਹੈ ਛਪਣ ਗਿਣਤੀ ਕਾਰਨ ਆਮਦਨ ਘਟੀ ਹੈ ਸਪਲੀਮੈਂਟ ਧੜਾ ਧੜ ਛਾਪੇ ਜਾ ਰਹੇ ਹਨ ਪਰ ਪਾਠਕਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ਚਾਰ ਦਹਾਕਿਆਂ ਤੋਂ ਅਖ਼ਵਾਰਾ ਜੋ ਇਕ ਕਿਤਾਬ ਦਾ ਰੂਪ ਧਾਰ ਚੁੱਕੀਆਂ ਸਨ ਉਹ ਨਹੀਂ ਮਿਲਣਗੀਆਂ ਤਾਂ ਪਾਠਕ ਨਹੀਂ ਮਿਲੇਗਾ?

ਕਰੋਨਾ ਮਹਾਂਮਾਰੀ ਕਾਰਨ ਅਖਵਾਰ ਜ਼ਿਆਦਾ ਆਨਲਾਈਨ ਹੋ ਗਏ ਹਨ। ਦਹਾਕਿਆਂ ਤੋਂ ਜੋ ਪਾਠਕ ਸਿਰਫ਼ ਪੰਜਾਬ ਤੇ ਪੰਜਾਬੀ ਅਖ਼ਬਾਰਾਂ ਤੱਕ ਸੀਮਿਤ ਸਨ,ਉਨ੍ਹਾਂ ਨੂੰ ਆਨਲਾਇਨ ਜਾ ਕੇ ਪਤਾ ਲੱਗਿਆ ਕਿ ਵਿਦੇਸ਼ਾਂ ਵਿਚ ਰੋਜ਼ਾਨਾ ਤੇ ਹਫ਼ਤਾਵਾਰੀ ਅਨੇਕਾਂ ਪੰਜਾਬੀ ਅਖ਼ਬਾਰ ਛਪਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਛਪਣ ਵਾਲੇ ਪੰਜਾਬੀ ਅਖਬਾਰਾਂ ਦੇ ਸੰਪਾਦਕ ਜਾਂ ਅਦਾਰਿਆਂ ਨਾਲ ਸਾਹਿਤ ਮਾਫ਼ੀਆ ਨੇ ਮਿਲ ਕੇ ਜੋ ਲੇਖਕਾਂ ਨੂੰ ਛਾਪਣਾ ਬੰਦ ਕਰਵਾ ਦਿੱਤਾ ਸੀ।

ਸਾਰੀ ਦੁਨੀਆਂ ਜਾਣਦੀ ਹੈ ਸਾਡੇ ਐੱਨ ਆਰ ਆਈ ਭੈਣ ਭਰਾ ਦੁਖ ਸੁਖ ਦੀ ਘੜੀ ਅੱਗੇ ਹੋ ਕੇ ਖੜ੍ਹਦੇ ਹਨ। ਪਹਿਲਾਂ ਉਨ੍ਹਾਂ ਦੀ ਸੇਵਾ ਧਾਰਮਕ ਸਥਾਨਾਂ ਤੱਕ ਸੀਮਤ ਸੀ ਹੁਣ ਹਸਪਤਾਲ ਅਤੇ ਸਕੂਲ ਨਵੇਂ ਰੂਪ ਵਿੱਚ ਸਥਾਪਤ ਕਰਨ ਲਈ ਮਨ ਅਤੇ ਧਨ ਨਾਲ ਆਪਣੇ ਘਰ ਪੰਜਾਬ ਵਿਚ ਆ ਖੜ੍ਹਦੇ ਹਨ। ਇਸੇ ਤਰ੍ਹਾਂ ਸਾਡੇ ਵਿਦੇਸ਼ੀ ਅਖ਼ਬਾਰਾਂ ਨੇ ਪਛਾੜੇ ਹੋਏ ਲੇਖਕਾਂ ਤੇ ਨਵੇਂ ਲੇਖਕਾਂ ਦਾ ਅੱਗੇ ਹੋ ਕੇ ਹੱਥ ਫੜਿਆ, ਹਰ ਅਖ਼ਬਾਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਹਰ ਸਮੇਂ ਤੱਤਪਰ ਹੈ।

ਮੁੱਖ  ਰੋਜ਼ਾਨਾ ਅਖ਼ਬਾਰ  ਡੇਲੀ ਹਮਦਰਦ,ਸਾਂਝੀ ਸੋਚ,ਪੰਜਾਬ ਟਾਇਮ ਡਰਬੀ,ਪੰਜਾਬੀ ਪੋਸਟ ਹਫ਼ਤਾਵਾਰੀ ਸਾਡੇ ਲੋਕ ਪ੍ਰੀਤਨਾਮਾ, ਪੰਜਾਬ ਮੇਲ ਯੂ ਐਸ ਏ, ਪੰਜਾਬੀ ਟ੍ਰਿਬਿਊੂੂਨ ਇੰਟਰਨੈਸ਼ਨਲ, ਖ਼ਬਰਨਾਮਾ, ਹਮਦਰਦ ਸਾਰੇ ਅਖ਼ਬਾਰ ਸਾਹਿਤ ਦੇ ਹਰ ਰੂਪ ਵਿਚ ਪੂਰਨ ਰੂਪ ਵਿੱਚ ਰੰਗੇ ਹੋਏ ਹਨ। ਹਰ ਕੋਈ ਲੇਖਕ ਜੋ ਪੂਰਨ ਰੂਪ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰੇਮੀ ਤੇ ਕਲਮ ਚਲਾਉਂਦਾ ਹੋਵੇ,ਬਿਨਾਂ ਕਿਸੇ ਦੇਰ ਤੋਂ ਉਸ ਨੂੰ ਪਹਿਲ ਦਿੰਦੇ ਹਨ।

ਇੱਥੇ ਸਾਡੇ ਬੁੱਧੀਜੀਵੀ ਸਾਹਿਤ ਸਭਾਵਾਂ ਨਾਅਰੇ ਲਗਾਉਂਦੀਆਂ ਹਨ ਕੇ ਪੰਜਾਬੀ ਬੋਲੀ ਖਤਰੇ ਵਿੱਚ ਹੈ,ਪਰ ਦੇਖੋ ਵਿਦੇਸ਼ੀ ਭੈਣ ਭਰਾ ਆਰਥਕ ਰੂਪ ਵਿੱਚ ਸਾਡੇ ਦੇਸ਼ ਨੂੰ ਮਜ਼ਬੂਤ ਕਰ ਰਹੇ ਹਨ। ਪੰਜਾਬੀ ਮਾਂ ਬੋਲੀਦੀ ਸੇਵਾ ਦੇ ਝੰਡੇ ਉਨ੍ਹਾਂ ਨੇ ਜੋ ਹਰ ਰੂਪ ਵਿੱਚ ਗੱਡੇ ਹੋਏ ਹਨ,ਬੁੱਧੀਜੀਵੀ ਤੇ ਸਾਹਿਤ ਸਭਾਵਾ ਵਾਲਿਓ ਉਧਰ ਨਿਗ੍ਹਾ ਮਾਰ ਕੇ ਦੇਖੋ ਤੁਹਾਡਾ ਸ਼ਰਮ ਨਾਲ ਸਿਰ ਝੁੱਕ ਜਾਵੇਗਾ।

ਵਿਦੇਸ਼ਾਂ ਵਿਚ ਜੋ ਦੇਖਿਆ ਤੇ ਹੱਡ ਬੀਤੀ  – ਤਿੰਨ ਦਹਾਕਿਆਂ ਤੋਂ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ। ਸਾਰਾ ਯੂਰਪ ਆਸਟ੍ਰੇਲੀਆ ਕੈਨੇਡਾ ਅਮਰੀਕਾ ਮੇਰੇ ਜਹਾਜ਼ ਕੱਚਾ ਤੇਲ ਲੈ ਕੇ ਜਾਂਦੇ ਹਨ ਪੰਜਾਬੀ ਲੋਕਾਂ ਨੂੰ ਮਿਲਣ ਦਾ ਆਮ ਸਮਾ ਮਿਲਦਾ ਰਹਿੰਦਾ ਹੈ।ਸਾਡੇ ਪੰਜਾਬੀ ਜਿੱਥੇ ਵੀ ਗਏ ਹਨ,ਆਪਣੀ ਮਾਂ ਬੋਲੀ ਪੰਜਾਬੀ ਤੇ ਵਿਰਸੇ ਨੂੰ ਨਾਲ ਲੈ ਕੇ ਗਏ  ਹਨ। ਆਪਾਂ ਪੰਜਾਬ ਚ ਰਹਿਣ ਵਾਲੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਤੋਂ ਹੌਲੀ ਹੌਲੀ ਸਰਕਦੇ ਜਾ ਰਹੇ ਹਾਂ, ਪਰ ਵਿਦੇਸ਼ਾਂ ਵਿੱਚ ਬੈਠੇ ਸਾਡੇ ਭੈਣ ਭਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਹਰ ਰੂਪ ਵਿੱਚ ਕਰ ਰਹੇ ਹਨ।

ਮਨੋਰੰਜਨ ਤੇ ਜਾਣਕਾਰੀ ਲਈ ਟੀ ਵੀ ਰੇਡੀਓ ਤੇ ਅਖ਼ਬਾਰ ਹਰ ਦੇਸ਼ ਵਿੱਚ ਮੌਜੂਦ ਹਨ। ਪੰਜਾਬ ਵਿਚ ਛਪਣ ਵਾਲੇ ਅਖ਼ਬਾਰ ਤਾਂ ਆਪਣੇ ਹਥਿਆਰ ਸੁੱਟਦੇ ਜਾ ਰਹੇ ਹਨ “ਖ਼ੁਦਾ ਰਹਿਮ ਕਰੇ” ਪਰ ਵਿਦੇਸ਼ੀ ਪੰਜਾਬੀ ਅਖ਼ਬਾਰ ਧੜਾ ਧੜ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਝੰਡੇ ਗੱਡਦੇ ਜਾ ਰਹੇ ਹਨ। ਜੇ ਪੰਜਾਬ ਵਿੱਚ ਛਪਦੇ ਪੰਜਾਬੀ ਅਖ਼ਬਾਰਾਂ ਦਾ ਕਰੋਨਾ ਦਾ ਬੁਖ਼ਾਰ ਨਾ ਉਤਰਿਆ ਤਾਂ ਵਿਦੇਸ਼ੀ ਅਖ਼ਬਾਰ ਹੀ ਪੰਜਾਬੀ ਪੱਤਰਕਾਰੀ ਵੀ ਕੁਰਸੀ ਦੀ ਥਾਂ ਮੱਲ ਲੈਣਗੇ।

ਇੱਥੋਂ ਦੇ ਪੰਜਾਬੀ ਅਖ਼ਬਾਰ ਜੋ ਸਾਹਿਤ ਦੇ ਮਾਫ਼ੀਆ ਦੇ ਝੰਡੇ ਥੱਲੇ ਝੁੱਕੇ ਹੋਏ ਹਨ, ਇਹ ਅਖ਼ਬਾਰ ਸਿਰਫ਼ ਖ਼ਬਰਾਂ ਤੱਕ ਹੀ ਸੀਮਤ ਰਹਿ ਜਾਣਗੇ।ਜਿਸ ਤਰ੍ਹਾਂ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ,ਉਹੀ ਹਾਲ ਪੰਜਾਬੀ ਲੇਖਕਾਂ ਦਾ ਹੈ।ਜਦੋਂ ਦਾ ਡਿਜੀਟਲ ਜ਼ਮਾਨਾ ਆਇਆ ਹੈ ਤਾਂ ਕਲਮ ਵਹੁਣ ਵਾਲੇ ਲੇਖਕਾਂ ਨੂੰ ਅਖਬਾਰਾਂ ਵਾਲੇ ਪੁੱਛਦੇ ਤੱਕ ਨਹੀਂ ਰਚਨਾ ਮਿਲ ਗਈ ਛਾਪਣੀ ਹੈ,ਕਿ ਨਹੀ ਇਸ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੁੰਦਾ ਪੰਜਾਬ ਦੇ ਅਖ਼ਬਾਰ ਚਿੱਠੀਆਂ ਲਈ ਵੀ ਸੀਮਤ ਪਾਠਕ ਹੀ ਰੱਖੇ ਹਨ।

ਕਰੋਨਾ ਮਹਾਮਾਰੀ ਦਾ ਅਸਰ ਭਾਰਤ ਤੇ ਜਿਆਦਾ ਨਹੀਂ ਹੋਇਆ ਜੋ ਅਖਬਾਰਾਂ ਤੇ ਹੋ ਗਿਆ ਹੈ ਅਖ਼ਬਾਰੀ ਅਦਾਰੇ ਵਾਲੇ ਚੰਗੀਆਂ ਰਚਨਾਵਾਂ ਖ਼ਰੀਦਣ ਲਈ ਮਜਬੂਰ ਹੋ ਜਾਣਗੇ। ਕਿਉਂਕਿ ਇਨ੍ਹਾਂ ਦਾ ਧੱਕਾ ਮਾਰਿਆ ਹੋਇਆ, ਪੰਜਾਬੀ ਮਾਂ ਬੋਲੀ ਦੀ ਕਲਮ ਜਿਸ ਨੂੰ ਆਈਲੈਟਸ ਜਾਂ ਵੀਜੇ਼ ਦੀ ਜ਼ਰੂਰਤ ਨਹੀਂ ਵਿਦੇਸਾਂ ਨੂੰ ਭੱਜੀ ਜਾ ਰਹੀ ਹੈ। ਸਾਡੇ ਪੰਜਾਬ ਛਪਣ ਵਾਲੇ ਪੰਜਾਬੀ ਅਖ਼ਬਾਰ ਬਹੁਤ ਜਲਦੀ ਲੰਗੜੇ ਹੋ ਜਾਣਗੇ ਕਸੂਰ ਪਾਠਕਾਂ ਜਾਂ ਲੇਖਕਾਂ ਦਾ ਨਹੀਂ ਅਖ਼ਬਾਰੀ ਅਦਾਰੇ ਤੇ ਸਾਹਿਤ ਮਾਫ਼ੀਆ ਦੀ ਮਿਲੀ ਭੁਗਤ ਹੈ।

ਜਿਸ ਨਾਲ ਇੱਥੋਂ ਦੇ ਪੰਜਾਬੀ ਅਖ਼ਬਾਰ ਆਈ ਸੀ ਯੂ ਉਤੇ ਚਲੇ ਗਏ ਹਨ।ਚੰਡੀਗੜ੍ਹ ਛਪਦੀ ਇੱਕ ਪੰਜਾਬੀ ਅਖ਼ਬਾਰ ਦੀ ਸਹਿ ਸੰਪਾਦਕ ਬੀਬਾ ਜੀ ਮੈਂ ਪੁੱਛਿਆ ਕੇ ਮੇਰੇ ਤੇ ਫਲਾਣੇ ਫਲਾਣੇ ਲੇਖਕਾਂ ਦੀਆਂ ਰਚਨਾਵਾਂ ਕਿਉਂ ਨੀ ਛਪ ਰਹੀਆਂ, ਉਸ ਨੇ ਕਿਹਾ ਵੀਰੇ ਮੇਰੇ ਕੋਲ ਕੋਈ ਜਵਾਬ ਨਹੀਂ। ਜੇ ਮੈਂ ਭਾਰਤ ਵਿਚ ਐੱਮ ਐੱਲ ਏ ਤੇ ਐਮ ਪੀ ਨੂੰ ਆਪਣੇ ਕੰਮ ਕਾਰ ਤਾਂ ਕੁਝ ਵੀ ਪਤਾ ਨਹੀਂ ਜੇ ਭੁੱਲ ਚੁੱਕ ਕੇ ਕੁਝ ਚੰਗਾ ਕੰਮ ਕਰ ਦੇਣਗੇ ਤਾਂ ਮੀਡੀਆ ਨੂੰ ਪੁੱਛਣ ਤੇ ਕਹਿਣਗੇ  ਇਹ “ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜੀ ਦੀ ਮੇਹਰਬਾਨੀ ਹੈ”ਸਦਕੇ ਜਾਈਏ ।

ਅਖ਼ਬਾਰੀ ਅਦਾਰਿਆਂ ਨੂੰ ਕਰੋਨਾ ਦਾ ਬਹਾਨਾ ਲਾ ਕੇ ਪਾਠਕਾਂ ਤੇ ਲੇਖਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਫੇਰ ਪਾਠਕਾਂ ਤੇ ਲੇਖਕਾਂ ਨੂੰ ਲੱਭਣ ਲਈ ਰੌਸ਼ਨੀ ਦੀ ਜ਼ਰੂਰਤ ਪਵੇਗੀ।

ਸ਼ਮਸ਼ਾਦ ਬੇਗਮ ਦਾ ਗੀਤ ਗੁਣ ਗਣਾਉਂਣਗੇ” ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ ਗਲੀ ਭੁੱਲ ਨਾ ਜਾਵੇ ਚੰਨ ਮੇਰਾ”

– ਰਮੇਸ਼ਵਰ ਸਿੰਘ

ਸੰਪਰਕ ਨੰਬਰ  -9914880392   

Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਚ ਕੈਂਪ ਦੌਰਾਣ ਸਮੁੱਚੇ ਸਟਾਫ ਦੇ ਕੋਰੋਨਾ ਸੈਂਪਲ ਲਏ
Next articleK’taka CM surveys flood-hit districts, assures more aid