ਪੰਜਾਹ ਸਾਲ ਪਹਿਲੋਂ ਕਿਸੇ ਵਿਦਵਾਨ ਦਾ ਲਿਖਿਆ ਪੜਿਆ ਸੀ ਕਿ, ‘ਦੁਨੀਆ ਦੇ ਜਿਸ ਖਿੱਤੇ ਵਿਚ ਕਲਾ, ਸਿੱਖਿਆ ਤੇ ਸਿਆਸਤ ਵਪਾਰੀਆਂ ਦੇ ਹੱਥ ਵਿਚ ਆ ਜਾਵੇਗੀ, ਉਥੇ ਨਿਘਾਰ ਆਉਣ ਨੂੰ ਕੋਈ ਨਹੀਂ ਰੋਕ ਸਕਦਾ।’ ਉਦੋਂ ਤਾਂ ਨਹੀਂ ਸੀ ਸਮਝ ਲੱਗੀ, ਪਰ ਹੁਣ ਇਹ ਸ਼ਤ-ਪ੍ਰਤੀਸ਼ਤ ਸੱਚ ਸਾਬਤ ਹੋ ਗਈ ਹੈ। ਸਿਆਸੀ ਨਿਘਾਰ ਬਾਰੇ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਿੱਖਿਆ ਦਾ ਵਪਾਰੀਕਰਨ ਇਸੇ ਲਈ ਹੋ ਰਿਹਾ ਹੈ ਕਿ ਅਸੀਂ ਪਿਛਲੇ ਸੱਤ ਦਹਾਕੇ ਤੋਂ ਇਸ ਨੂੰ ਅਹਿਮੀਅਤ ਹੀ ਨਹੀਂ ਦਿੱਤੀ। ਵਿਕਸਿਤ ਦੇਸ਼ਾਂ ਤੇ ਸਾਡੇ ਵਿਚ ਇਹੋ ਫ਼ਰਕ ਹੈ ਕਿ ਉਥੇ ਮੁਢਲੀ, 12ਵੀਂ ਤਕ ਸਿੱਖਿਆ ਮੁਫ਼ਤ ਤੇ ਲਾਜ਼ਮੀ ਹੈ ਤੇ ਇਹ ਵੀ ਜ਼ਰੂਰੀ ਹੈ ਕਿ ਬੱਚੇ ਸਿਰਫ਼ ਆਪਣੇ ਇਲਾਕੇ ਦੇ ਨਿਰਧਾਰਤ ਸਕੂਲ ਵਿਚ ਹੀ ਜਾ ਸਕਦੇ ਹਨ। ਬੱਸਾਂ ਤੱਕ ਮੁਫ਼ਤ ਹਨ। ਸਕੂਲਾਂ ਵਿਚ ਬੱਚੇ ਦੇ ਸੁਭਾਅ ਅਨੁਸਾਰ ਦੋ ਸੌ ਦੇ ਕਰੀਬ ਵਿਸ਼ੇ ਸਿਖਾਏ ਤੇ ਪੜ੍ਹਾਏ ਜਾਂਦੇ ਹਨ। ਸਾਡਾ ਸਾਰਾ ਜ਼ੋਰ ਫ਼ੀਸਾਂ ਲੈਣ, ਤਨਖਾਹਾਂ ਲੈਣ ਅਤੇ ਕਿਸੇ ਬਜ਼ੁਰਗ ਦਾ ਨਾਂਅ ਚਮਕਾਉਣ ਉੱਤੇ ਹੀ ਲੱਗਾ ਰਹਿੰਦਾ ਹੈ। ਬੱਚੇ ਦੇ ਮਨੋਵਿਗਿਆਨ ਉੱਤੇ ਕੋਈ ਖੋਜ ਨਹੀਂ ਹੋਈ। ਝ, , ਣ ਤੇ ੜ ਖਾਲੀ ਹੀ ਸਿਖਾਈ ਜਾਂਦੇ ਹਾਂ। ਇਸੇ ਲਈ ਸਾਡੇ ਬੱਚੇ ਤੇ ਨੌਜਵਾਨ ਵਿਦੇਸ਼ਾਂ ਵਿਚ ਸਿਰਫ਼ ਪੜੇ ਲਿਖੇ ਕਾਮੇ ਹੀ ਬਣੀ ਜਾ ਰਹੇ ਹਨ। ਜਿੰਨਾ ਚਿਰ ਸਾਡਾ ਵਿਦਿਅਕ ਪੱਧਰ ਉੱਚਾ ਤੇ ਵਿਆਪਕ ਨਹੀਂ ਹੁੰਦਾ, ਅਸੀਂ ਨਿਘਾਰ ਦੀਆਂ ਹੋਰ ਸੀਮਾਵਾਂ ਵੀ ਵੇਖਾਂਗੇ।