ਢੰਡਾਰੀ ਕਲਾਂ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜਯ ਦੀ ਖ਼ੁਦਕੁਸ਼ੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਧਨੰਜਯ ਨੂੰ ਇਨਸਾਫ਼ ਦਿਵਾਉਣ ਲਈ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅੱਜ ਉਸ ਦੇ ਸਕੂਲ ਦੇ ਬਾਹਰ ਧਰਨੇ ’ਤੇ ਬੈਠ ਗਏ। ਵਿਦਿਆਰਥੀਆਂ ਨੇ ਸਕੂਲ ਦੇ ਮੁੱਖ ਗੇਟ ਨੇੜੇ ਧਰਨਾ ਲਾਇਆ ਅਤੇ ਮਾਮਲੇ ’ਚ ਨਾਮਜ਼ਦ ਸਕੂਲ ਡਾਇਰੈਕਟਰ ਪ੍ਰਭੂ ਦੱਤ, ਉਸ ਦੀ ਪਤਨੀ ਪ੍ਰਿੰਸੀਪਲ ਸਰੋਜ ਸ਼ਰਮਾ ਤੇ ਅਧਿਆਪਕ ਪੂਨਮ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਈ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਇੱਥੇ ਅਕਸਰ ਵਿਦਿਆਰਥੀਆਂ ਨਾਲ ਕੁੱਟਮਾਰ ਹੁੰਦੀ ਹੈ। ਇਹ ਸਕੂਲ ਬੰਦ ਹੋਣਾ ਚਾਹੀਦਾ ਹੈ। ਕਾਫ਼ੀ ਸਮੇਂ ਤੱਕ ਸਕੂਲ ਦੇ ਬਾਹਰ ਪ੍ਰਦਰਸ਼ਨ ਕਰਨ ਮਗਰੋਂ ਵਿਦਿਆਰਥੀਆਂ ਨੇ ਕੌਮੀ ਮਾਰਗ ’ਤੇ ਧਰਨਾ ਲਾਇਆ। ਪੁਲੀਸ ਨੇ ਵਿਦਿਆਰਥੀਆਂ ਨੂੰ ਸਮਝਾ ਕੇ ਉੱਥੋਂ ਭੇਜ ਦਿੱਤਾ। ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲੀਸ ਨੇ ਸਕੂਲ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ।
ਧਨੰਜਯ ਦੇ ਸਕੂਲ ਤੇ ਹੋਰਨਾਂ ਸਕੂਲਾਂ ਦੇ ਵਿਦਿਆਰਥੀ ਅੱਜ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਢੰਡਾਰੀ ਕਲਾਂ ਸਕੂਲ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਨੇ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪ੍ਰਦਰਸ਼ਨ ’ਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਸਕੂਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਇਸੇ ਦੌਰਾਨ ਐੱਸਡੀਐੱਮ ਪੱਛਮੀ ਅਮਰਿੰਦਰ ਸਿੰਘ ਮੱਲ੍ਹੀ ਸਕੂਲ ਦੇ ਬਾਹਰ ਪੁੱਜੇ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਹ ਸਕੂਲ ਸਟਾਫ਼ ਨੂੰ ਮਿਲੇ ਤੇ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ। ਐੱਸਡੀਐੱਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀ ਡਿਊਟੀ ਲਾਈ ਹੈ। ਉਨ੍ਹਾਂ ਵੱਲੋਂ ਰਿਪੋਰਟ ਬਣਾ ਕੇ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
INDIA ਵਿਦਿਆਰਥੀ ਖ਼ੁਦਕੁਸ਼ੀ ਮਾਮਲਾ: ਸਕੂਲੀ ਬੱਚਿਆਂ ਨੇ ਆਵਾਜਾਈ ਰੋਕੀ