ਵਿਦਿਆਰਥੀਆਂ ਵੱਲੋਂ ਉਪ-ਕੁਲਪਤੀ ਦਫ਼ਤਰ ਅੱਗੇ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਵਿਚ ਬੀਤੇ ਦਿਨ ਸੈਨੇਟ ਮੀਟਿੰਗ ਵਿਚ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੁਅਲ ਨਾਹਰ ਨੂੰ ਐਕਸਟੈਂਸ਼ਨ ਨਾ ਦੇਣ ਦੇ ਮੁੱਦੇ ਉੱਤੇ 12 ਵਿਦਿਆਰਥੀ ਜਥੇਬੰਦੀਆਂ ’ਤੇ ਅਧਾਰਿਤ ਸੰਗਠਨ ਪੀਯੂ ਫਾਰ ਡੈਮੋਕ੍ਰੇਸੀ (ਪੀਐਫਡੀ) ਦੇ ਬੈਨਰ ਹੇਠ ਸ਼ੁੱਕਰਵਾਰ ਸ਼ਾਮ ਉਪ-ਕੁਲਪਤੀ ਦਫ਼ਤਰ ਅੱਗੇ ਰੋਸ ਦਾ ਇਜ਼ਹਾਰ ਕੀਤਾ ਗਿਆ। ਵਿਦਿਆਰਥੀ ਵਲੋਂ ਕਵਿਤਾਵਾਂ ਅਤੇ ਗੀਤਾਂ ਨਾਲ ਯੂਨੀਵਰਸਿਟੀ ਮੈਨੇਜਮੈਂਟ ਦਾ ਵਿਰੋਧ ਕੀਤਾ ਗਿਆ ਅਤੇ ਉਪ-ਕੁਲਪਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਵਿਚ ਐੱਸਐਫ਼ਐੱਸ, ਆਈ.ਐੱਸ.ਏ, ਐੱਸ.ਓ.ਆਈ, ਪੀ.ਐੱਸ.ਯੂ. (ਲਲਕਾਰ), ਐਨ.ਐਸ.ਯੂ.ਆਈ, ਇਨਸੋ, ਸੱਥ, ਆਈਸਾ, ਹਿਮਸੂ ਵੱਲੋਂ ਭਾਗ ਲਿਆ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਡੀਨ (ਵਿਦਿਆਰਥੀ ਭਲਾਈ) ਨੂੰ ਬਿਨਾਂ ਕਿਸੇ ਵਜ੍ਹਾ ਦੇ ਐਕਸਟੈਂਸ਼ਨ ਨਾ ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਸੈਨੇਟ ਦੇ 48 ਮੈਂਬਰਾਂ ਵਲੋਂ ਐਕਸਟੈਂਸ਼ਨ ਦੇਣ ਲਈ ਦਿੱਤੇ ਸਮਰਥਨ ਦੇ ਬਾਵਜੂਦ ਐਕਸਟੈਂਸ਼ਨ ਨਾ ਦੇ ਕੇ ਉਪ-ਕੁਲਪਤੀ ਨੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਵਿਦਿਆਰਥੀ ਕੌਂਸਲ ਦੀ ਪ੍ਰਧਾਨ ਕਨੂਪ੍ਰਿਆ, ਐੱਸਐਫਐੱਸ ਵੱਲੋਂ ਵਰਿੰਦਰ, ਏ.ਐਸ.ਏ. ਵੱਲੋਂ ਗੁਰਦੀਪ ਸਿੰਘ, ਐਨ.ਐਸ.ਯੂ.ਆਈ. ਵੱਲੋਂ ਸਚਿਨ ਗਾਲਿਬ, ਐਸ.ਐਫ.ਆਈ. ਤੋਂ ਅਭਿਲਾਸ਼ ਆਦਿ ਨੇ ਕਿਹਾ ਕਿ ਦੂਸਰੀ ਜਥੇਬੰਦੀ ਏਬੀਵੀਪੀ ਡੀਨ (ਵਿਦਿਆਰਥੀ ਭਲਾਈ) ਦੇ ਮਸਲੇ ਨੂੰ ਵਿਦਿਆਰਥੀਆਂ ਹਿਤਾਂ ਨਾਲ ਜੋੜ ਕੇ ਦੇਖਣ ਦੀ ਬਜਾਇ ਜਾਣਬੁੱਝ ਕੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਨੇਟ ਮੀਟਿੰਗ ਵਿਚ ਬਹੁਮੱਤ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਪੀ.ਐਫ.ਡੀ. ਵੱਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਬਹੁਮੱਤ ਨੂੰ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

Previous articleਸੰਗਰੂਰ ’ਚ ਪਾਲਕੀ ਤੋੜਨ ਮਗਰੋਂ ਮਾਹੌਲ ਤਣਾਅਪੂਰਨ
Next articleਹਰਸਿਮਰਤ ਨੇ ਹੜ੍ਹ ਪੀੜਤਾਂ ਦੀ ਸਾਰ ਲਈ; ਮਦਦ ਦਾ ਭਰੋਸਾ ਦਿੱਤਾ