ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਦੀ ਹੈਟ੍ਰਿਕ ਦੀ ਬਦੌਲਤ ਕਰਨਾਟਕ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਬੀਜੇਡੀ ਪ੍ਰਣਾਲੀ ਨਾਲ ਤਾਮਿਲਨਾਡੂ ਨੂੰ 60 ਦੌੜਾਂ ਨਾਲ ਹਰਾ ਕੇ ਵਿਜੈ ਹਜ਼ਾਰੇ ਇੱਕ ਰੋਜ਼ਾ ਟਰਾਫ਼ੀ ਦਾ ਚੌਥੀ ਵਾਰ ਖ਼ਿਤਾਬ ਹਾਸਲ ਕਰ ਲਿਆ। ਕਰਨਾਟਕ ਦੀ ਟੀਮ ਇਸ ਤੋਂ ਪਹਿਲਾਂ ਤਿੰਨ ਵਾਰ (2013-14, 2014-15 ਅਤੇ 2017-18) ਚੈਂਪੀਅਨ ਬਣੀ ਸੀ।
ਆਪਣੇ 30ਵੇਂ ਜਨਮਦਿਨ ਨੂੰ ਯਾਦਗਾਰ ਬਣਾਉਂਦਿਆਂ ਫਾਈਨਲ ਵਿੱਚ ਮਿਥੁਨ ਨੇ 34 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਿਸ ਕਾਰਨ ਤਾਮਿਲਨਾਡੂ ਦੀ ਪਾਰੀ 49.5 ਓਵਰਾਂ ਵਿੱਚ 252 ਦੌੜਾਂ ’ਤੇ ਢੇਰ ਹੋ ਗਈ। ਮਿਥੁਨ ਨੇ 50ਵੇਂ ਓਵਰ ਦੀ ਤੀਜੀ, ਚੌਥੀ ਅਤੇ ਪੰਜਵੀਂ ਗੇਂਦ ’ਤੇ ਸ਼ਾਹਰੁਖ਼ ਖ਼ਾਨ, ਐੱਮ ਮੁਹੰਮਦ ਅਤੇ ਮੁਰੂਗਨ ਅਸ਼ਵਿਨ ਦੀਆਂ ਵਿਕਟਾਂ ਝਟਕਾ ਕੇ ਹੈਟ੍ਰਿਕ ਪੂਰੀ ਕੀਤੀ। ਪੰਜ ਵਾਰ ਦੇ ਚੈਂਪੀਅਨ ਤਾਮਿਲਨਾਡੂ ਲਈ ਅਭਿਨਵ ਮੁਕੁੰਦ ਨੇ 85 ਦੌੜਾ ਅਤੇ ਬਾਬਾ ਅਪਰਾਜਿਤ ਨੇ 66 ਦੌੜਾਂ ਬਣਾਈਆਂ। ਦੋਵਾਂ ਨੇ ਤੀਜੀ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਕੀਤੀ।
ਵਿਜੈ ਸ਼ੰਕਰ (38 ਦੌੜਾਂ) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ। ਸ਼ਾਹਰੁਖ਼ ਨੇ ਵੀ 27 ਦੌੜਾਂ ਦਾ ਯੋਗਦਾਨ ਪਾਇਆ। ਕਰਨਾਟਕ ਨੇ ਟੀਚੇ ਦਾ ਪਿੱਛਾ ਕਰਦਿਆਂ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ। ਟੀਮ ਨੇ ਜਦੋਂ 23 ਓਵਰਾਂ ਵਿੱਚ ਇੱਕ ਵਿਕਟ ’ਤੇ 146 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਮੈਚ ਰੋਕਣਾ ਪਿਆ।
ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ 52 ਦੌੜਾਂ ਅਤੇ ਮਯੰਕ ਅਗਰਵਾਲ 69 ਦੌੜਾਂ ’ਤੇ ਨਾਬਾਦ ਸਨ। ਦੋਵਾਂ ਨੇ ਦੂਜੀ ਵਿਕਟ ਲਈ 112 ਦੌੜਾਂ ਦੀ ਭਾਈਵਾਲੀ ਕੀਤੀ। ਇਸ ਦੌਰਾਨ ਭਾਰਤੀ ਟੈਸਟ ਟੀਮ ਦਾ ਸਲਾਮੀ ਬੱਲੇਬਾਜ਼ ਅਗਰਵਾਲ ਜ਼ਿਆਦਾ ਹਮਲਾਵਰ ਰਿਹਾ, ਜਿਸ ਨੇ 55 ਗੇਂਦਾਂ ਦੀ ਨਾਬਾਦ ਪਾਰੀ ਦੌਰਾਨ ਤਿੰਨ ਛੱਕੇ ਅਤੇ ਸੱਤ ਚੌਕੇ ਮਾਰੇ। ਲਗਪਗ 40 ਮਿੰਟ ਤੱਕ ਮੀਂਹ ਰੁਕਣ ਮਗਰੋਂ ਅੰਪਾਇਰਾਂ ਨੇ ਮੈਚ ਨੂੰ ਇੱਥੇ ਸਮਾਪਤ ਕਰ ਦਿੱਤਾ। ਉਸ ਸਮੇਂ ਕਰਨਾਟਕ ਬੀਜੇਡੀ ਪ੍ਰਣਾਲੀ ਨਾਲ ਤਾਮਿਲਨਾਡੂ ਤੋਂ 60 ਦੌੜਾਂ ਅੱਗੇ ਸੀ।
ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਕੌਮੀ ਚੋਣ ਕਮੇਟੀ ਨੇ ਬੰਗਲਾਦੇਸ਼ ਖ਼ਿਲਾਫ਼ ਟੀ-20 ਲੜੀ ਲਈ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਰਾਹੁਲ ਨੇ ਵਿਜੈ ਹਜ਼ਾਰੇ ਦੇ ਸੈਮੀ-ਫਾਈਨਲ ਅਤੇ ਫਾਈਨਲ ਵਿੱਚ ਵਿਕਟਕੀਪਰ ਦੀ ਭੂਮਿਕਾ ਨਿਭਾਈ ਹੈ। ਟੀਮ ਵਿੱਚ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਵਰਗੇ ਮਾਹਿਰ ਵਿਕਟਕੀਪਰਾਂ ਦੀ ਵੀ ਚੋਣ ਹੋਈ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਲੋਕੇਸ਼ ਰਾਹੁਲ ਟੀਮ ਵਿੱਚ ਉਸ ਤਰ੍ਹਾਂ ਦੀ ਭੂਮਿਕਾ ਨਿਭਾ ਸਕੇਗਾ, ਜਿਵੇਂ ਰਾਹੁਲ ਦ੍ਰਾਵਿੜ ਨੇ 1999 ਵਿਸ਼ਵ ਕੱਪ ਅਤੇ ਫਿਰ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ 2002 ਤੋਂ ਇੱਕ ਰੋਜ਼ਾ ਵਿੱਚ ਲਗਾਤਾਰ ਵਿਕਟਕੀਪਰ ਦੀ ਭੂਮਿਕਾ ਨਿਭਾਈ ਸੀ।
ਜਿੱਤ ਮਗਰੋਂ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਨੇ ਕਿਹਾ, ‘‘ਅਸੀਂ ਇਸ ਨਤੀਜੇ ਤੋਂ ਖ਼ੁਸ਼ ਹਾਂ। ਟੀਮ ਵਿੱਚ ਖਿਡਾਰੀਆਂ ਦੀ ਮਾਨਸਿਕਤਾ ਹਰ ਹਾਲਤ ਵਿੱਚ ਜਿੱਤ ਦਰਜ ਕਰਨ ਦੀ ਸੀ। ਉਮੀਦ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਜਾਰੀ ਰੱਖਾਂਗੇ।’’
ਤਾਮਿਲਨਾਡੂ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਵੀ ਟੂਰਨਾਮੈਂਟ ਵਿੱਚ ਟੀਮ ਦੇ ਪ੍ਰਦਰਸ਼ਨ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਸ਼ਾਨਦਾਰ ਕ੍ਰਿਕਟ ਖੇਡੀ। ਇੱਕ ਦਿਨ ਖ਼ਰਾਬ ਖੇਡਣ ਨਾਲ ਟੀਮ ਕਮਜੋਰ ਨਹੀਂ ਹੁੰਦੀ। ਇਸ ਨਾਲ ਟੀ-20 ਟੂਰਨਾਮੈਂਟ ਅਤੇ ਰਣਜੀ ਟਰਾਫ਼ੀ ਲਈ ਹੌਸਲਾ ਵਧੇਗਾ।’’
Sports ਵਿਜੈ ਹਜ਼ਾਰੇ ਟਰਾਫ਼ੀ: ਕਰਨਾਟਕ ਚੌਥੀ ਵਾਰ ਬਣਿਆ ਚੈਂਪੀਅਨ