ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੈਵਰਗੀਆ ਦੇ ਵਿਧਾਇਕ ਪੁੱਤ ਵੱਲੋਂ ਨਗਰ ਕੌਂਸਲ ਅਧਿਕਾਰੀ ਦੀ ਬੱਲੇ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਆਗੂਆਂ ਨੂੰ ਸਖਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ‘ਮਨਮਾਨੀ ਨਹੀਂ ਚਲੇਗੀ।’ ਮੋਦੀ ਵੱਲੋਂਂ ਦਿਖਾਏ ਸਖਤ ਰੌਂਅ ਬਾਅਦ ਆਕਾਸ਼ ਵਿਜੈਵਰਗੀਆ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਣ ਦੀ ਸੰਭਾਵਨਾ ਬਣ ਗਈ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪਾਰਲੀਮਾਨੀ ਪਾਰਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਚਾਹੇ ਕੋਈ ਵੀ ਹੋਵੇ ਅਤੇ ਕੋਈ ਕਿਸੇ ਦਾ ਵੀ ਪੁੱਤ ਹੋਵੇ, ਅਜਿਹਾ ਹੰਕਾਰੀ ਤੇ ਮਾੜਾ ਵਰਤਾਅ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੰਸਦ ਮੈਂਬਰ ਅਤੇ ਤਰਜਮਾਨ ਰਾਜੀਵ ਪ੍ਰਤਾਪ ਰੂਡੀ ਨੇ ਸ੍ਰੀ ਮੋਦੀ ਦੇ ਹਵਾਲੇ ਨਾਲ ਕਿਹਾ ਕਿ ਅਜਿਹਾ ਆਚਰਣ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸ੍ਰੀ ਰੂਡੀ ਨੇ ਆਕਾਸ਼ ਵਿਜੈਵਰਗੀਆ ਵੱਲੋਂ ਕੀਤੀ ਆਪਹੁਦਰੀ ਕਾਰਵਾਈ ਦੇ ਸੰਦਰਭ ਵਿਚ ਕਿਹਾ ਕਿ ਜੋ ਕੋਈ ਵੀ ਇਸ ਤਰ੍ਹਾਂ ਦਾ ਵਰਤਾਅ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨੇ ਅਨੁਸ਼ਾਸਨੀ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਉਨ੍ਹਾਂ ਦਾ ਉੱਤਰ ਹਾਂ ਵਿੱਚ ਸੀ। ਭਾਜਪਾ ਦੇ ਸੂਤਰਾਂ ਅਨੁਸਾਰ ਮੋਦੀ ਨੇ ਹਿੰਦੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ,‘ ਪਹਿਲੇ ਨਿਵੇਦਨ, ਫਿਰ ਆਵੇਦਨ ਅਤੇ ਫਿਰ ਦਨਾਦਨ।’ ਉਨ੍ਹਾਂ ਕਿਹਾ ਕਿ ਜੇ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਵੀ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵਿਜੈਵਰਗੀਆ ਵਿਰੁੱਧ ਕੇਸ ਦਰਜ ਹੋ ਗਿਆ ਸੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਮਾਨਤ ਉੱਤੇ ਰਿਹਾਅ ਹੋਣ ਬਾਅਦ ਉਸ ਨੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਸੀ।
HOME ਵਿਜੈਵਰਗੀਆ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ