ਵਿਜੈਵਰਗੀਆ ਦੇ ਵਿਧਾਇਕ ਪੁੱਤ ਨੇ ਨਿਗਮ ਅਧਿਕਾਰੀ ਕੁੱਟੇ

ਪੁਰਾਣੇ ਮਕਾਨਾਂ ਨੂੰ ਢਾਹੁਣ ਲਈ ਪਹੁੰਚੀ ਇੰਦੌਰ ਨਗਰ ਨਿਗਮ ਦੀ ਟੀਮ ਨਾਲ ਵਿਵਾਦ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਇਕ ਅਧਿਕਾਰੀ ਨੂੰ ਬੱਲੇ ਨਾਲ ਕੁੱਟ ਦਿੱਤਾ। ਪੁਲੀਸ ਨੇ ਉਸ ਨੂੰ ਗੁੰਡਾਗਰਦੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਵਿਧਾਿੲਕ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਆਕਾਸ਼ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦਾ ਪੁੱਤਰ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਗੰਜੀ ਕੰਪਾਊਂਡ ਇਲਾਕੇ ’ਚ ਪੁਰਾਣੇ ਮਕਾਨਾਂ ਨੂੰ ਢਾਹੁਣ ਲਈ ਪੁੱਜੀ ਸੀ। ਉਥੇ ਰਹਿ ਰਹੇ ਲੋਕਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕ ਆਕਾਸ਼ ਉਥੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਭਾਰੀ ਹੰਗਾਮੇ ਦੌਰਾਨ ਵਿਜੈਵਰਗੀਆ ਦੇ ਸਮਰਥਕਾਂ ਨੇ ਨਗਰ ਨਿਗਮ ਟੀਮ ਵੱਲੋਂ ਲਿਆਂਦੀ ਗਈ ਜੇਸੀਬੀ ਮਸ਼ੀਨ ਦੀ ਚਾਬੀ ਕੱਢ ਲਈ।
ਭਾਜਪਾ ਵਿਧਾਇਕ ਕ੍ਰਿਕਟ ਦਾ ਬੱਲਾ ਲੈ ਕੇ ਆਇਆ ਅਤੇ ਮੋਬਾਈਲ ਫੋਨ ’ਤੇ ਗੱਲ ਕਰ ਰਹੇ ਨਿਗਮ ਅਧਿਕਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਭਾਜਪਾ ਵਿਧਾਇਕ ਦੇ ਹਮਾਇਤੀਆਂ ਨੇ ਵੀ ਉਸ ਨਾਲ ਕੁੱਟਮਾਰ ਕੀਤੀ ਅਤੇ ਗਾਲ੍ਹਾਂ ਕੱਢੀਆਂ। ਉਧਰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ।

Previous articleਰਾਹੁਲ ਗਾਂਧੀ ਪ੍ਰਧਾਨਗੀ ਛੱਡਣ ਲਈ ਬਜ਼ਿੱਦ
Next articleਮੁੱਖ ਮੰਤਰੀ ਵੱਲੋਂ ਪੁਲੀਸ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਤੋੜਨ ਦੀ ਹਦਾਇਤ