ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ

ਬਰਤਾਨੀਆ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਅੱਜ ਦੱਸਿਆ ਕਿ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬਰਤਾਨਵੀ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬਰਤਾਨਵੀ ਹਾਈ ਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ  ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਉੱਧਰ, ਭਾਰਤ ਸਰਕਾਰ ਨੇ ਬਰਤਾਨਵੀ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਨੂੰ ਭਾਰਤ ਨੂੰ ਸੌਂਪੇ ਜਾਣ ਬਾਰੇ ਬਰਤਾਨੀਆ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਉਹ ਘਪਲੇਬਾਜ਼ਾਂ ਦੇ ਪੱਖ ’ਚ ਲਾਮਬੰਦ ਹੋ ਰਿਹਾ ਹੈ। ਜੇਤਲੀ ਨੇ ਅੱਜ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਮਾਲਿਆ ਨੂੰ ਭਾਰਤ ਲਿਆਉਣ ਦੇ ਰਸਤੇ ਵਿੱਚ ਪੈਂਦੇ ਇਕ ਹੋਰ ਅੜਿੱਕੇ ਨੂੰ ਪਾਰ ਕਰ ਲਿਆ ਹੈ ਜਦੋਂ ਕਿ ਵਿਰੋਧੀ ਧਿਰਾਂ ਸ਼ਾਰਦਾ ਘੁਟਾਲੇਬਾਜ਼ਾਂ ਦੇ ਪੱਖ ਵਿੱਚ ਇਕੱਠੀਆਂ ਹੋ ਰਹੀਆਂ ਹਨ।

Previous articleTrump to nominate David Bernhardt as US secretary of interior
Next articleEgypt court sentences 8 to death for attempting to kill al-Sisi