ਲੰਡਨ.ਰਾਜਵੀਰ ਸਮਰਾ (ਸਮਾਜਵੀਕਲੀ)— ਵਿਜੇ ਮਾਲਿਆ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਗੌੜੇ ਸ਼ਰਾਬ ਕਾਰੋਬਾਰੀ ਅਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਦੇ ਸੰਸਥਾਪਕ ਵਿਜੇ ਮਾਲਿਆ ਨੂੰ ਆਉਣ ਵਾਲੇ ਦਿਨਾਂ ‘ਚ ਕਿਸੇ ਵੀ ਸਮੇਂ ਭਾਰਤ ਲਿਆਂਦਾ ਜਾ ਸਕਦਾ ਹੈ ਕਿਉਂਕਿ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਗਈ ਹੈ।
ਸਰਕਾਰ ਦੇ ਚੋਟੀ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਵਿਜੇ ਮਾਲਿਆ ਦੀ 14 ਮਈ ਨੂੰ ਯੂ. ਕੇ. ਦੀ ਅਦਾਲਤ ‘ਚ ਉਸ ਦੀ ਭਾਰਤ ਹਵਾਲਗੀ ਦੇ ਵਿਰੁੱਧ ਦਾਇਰ ਅਪੀਲ ਰੱਦ ਹੋਣ ਮਗਰੋਂ ਇਹ ਕਾਰਵਾਈ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ। ਇਨਫੋਰਸਮੈਂਟ ਵਿਭਾਗ ਨਾਲ ਸੰਬੰਧਤ ਇਕ ਸੂਤਰ ਨੇ ਕਿਹਾ, ”ਜਲਦ ਹੀ ਮਾਲਿਆ ਨੂੰ ਆਉਣ ਵਾਲੇ ਦਿਨਾਂ ‘ਚ ਕਿਸੇ ਵੀ ਸਮੇਂ ਭਾਰਤ ਵਾਪਸ ਲਿਆਂਦਾ ਜਾਵੇਗਾ।”
ਹਾਲਾਂਕਿ, ਸੂਤਰ ਨੇ ਤਰੀਕ ਦਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਾਲਿਆ ਦੀ ਯੂ. ਕੇ. ਸੁਪਰੀਮ ਕੋਰਟ ‘ਚ ਅਪੀਲ ਰੱਦ ਹੋ ਚੁੱਕੀ ਹੈ ਅਤੇ ਉਸ ਨੂੰ ਭਾਰਤ ਲਿਆਉਣ ਸੰਬੰਧੀ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਹੈ। ਸੀ. ਬੀ. ਆਈ. ਅਤੇ ਈ. ਡੀ. ਦੀਆਂ ਟੀਮਾਂ ਪਹਿਲਾਂ ਹੀ ਮਾਲਿਆ ਦੀ ਭਾਰਤ ਹਵਾਲਗੀ ਦੀ ਪ੍ਰਕਿਰਿਆ ‘ਤੇ ਕੰਮ ਕਰ ਰਹੀਆਂ ਹਨ। ਸੀ. ਬੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਵਿਜੇ ਮਾਲਿਆ ਦੀ ਹਵਾਲਗੀ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਉਸ ਨੂੰ ਹਿਰਾਸਤ ‘ਚ ਲਵਾਂਗੇ ਕਿਉਂਕਿ ਸੀ. ਬੀ. ਆਈ. ਉਸ ਵਿਰੁੱਧ ਮਾਮਲਾ ਦਰਜ ਕਰਨ ਵਾਲੀ ਪਹਿਲੀ ਏਜੰਸੀ ਸੀ।
ਮਾਲਿਆ ‘ਤੇ ਹੈ 9,000 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ
ਸਾਬਕਾ ਸਾਂਸਦ ਅਤੇ ਯੂਨਾਈਟਿਡ ਬੇਵਰੇਜੇਜ਼ ਦੇ ਮਾਲਕ ਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਦੇ ਸੰਸਥਾਪਕ ਵਿਜੇ ਮਾਲਿਆ ‘ਤੇ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ। ਮਈ 2016 ‘ਚ ਮਾਲਿਆ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਤੋਂ ਭੱਜ ਗਿਆ ਸੀ। ਉਦੋਂ ਤੋਂ ਉਹ ਬ੍ਰਿਟੇਨ ‘ਚ ਰਹਿ ਰਿਹਾ ਹੈ। ਮਾਲਿਆ ਨੇ ਘੱਟੋ-ਘੱਟ 17 ਭਾਰਤੀ ਬੈਂਕਾਂ ਨਾਲ ਧੋਖਾਧੜੀ ਕਰਕੇ ਕਰਜ਼ ਲਏ ਸਨ, ਜੋ ਉਸ ਨੇ ਵਾਪਸ ਨਹੀਂ ਕੀਤਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕਰਜ਼ ਦਾ ਪੂਰਾ ਪੈਸਾ ਜਾਂ ਇਕ ਹਿੱਸਾ ਵਿਦੇਸ਼ ‘ਚ ਤਕਰੀਬਨ 40 ਕੰਪਨੀਆਂ ਦੇ ਖਾਤਿਆਂ ‘ਚ ਟਰਾਂਸਫਰ ਕਰ ਦਿੱਤਾ।