ਪੰਜਾਬ ਵਿਜੀਲੈਂਸ ਬਿਉਰੋ ਨੇ ਚੌਲ ਮਿੱਲ ਮਾਲਕਾਂ ਦੀ ਸ਼ਿਕਾਇਤ ਉਂੱਤੇ ਸਥਾਨਕ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (ਪਨਸਪ) ਅਧਿਕਾਰੀਆਂ ਖ਼ਿਲਾਫ਼ ਛੜਾਈ ਕੀਤੇ ਝੋਨੇ ਦੇ ਬਿੱਲ ਪਾਸ ਕਰਨ ਬਦਲੇ ਵੱਢੀ ਮੰਗਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਜਾਂਚ ਸ਼ੁਰੂ ਹੋਣ ਨਾਲ ਪਨਸਪ ਅਧਿਕਾਰੀਆਂ ’ਚ ਤਰਥੱਲੀ ਮੱਚ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਬਿਉਰੋ ਇੰਸਪੈਕਟਰ ਸੱਤਪ੍ਰੇਮ ਨੇ ਸ਼ਿਕਾਇਤ ਦੀ ਪੁਸ਼ਟੀ ਕਰਦੇ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸਥਾਨਕ ਜ਼ਿਲ੍ਹਾ ਚੌਲ ਮਿੱਲ ਮਾਲਕਾਂ ਦੀ ਜਥੇਬੰਦੀ ਦੇ ਆਗੂ ਪ੍ਰੇਮ ਸਿੰਗਲ ਨੇ ਪਨਸਪ ਅਧਿਕਾਰੀਆਂ ਖ਼ਿਲਾਫ਼ ਕਥਿਤ ਵੱਢੀ ਮੰਗਣ ਬਾਰੇ ਵਿਜੀਲੈਂਸ ਬਿਉਰੋ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੀ ਪੁਸ਼ਟੀ ਕਰਦੇ ਦੱਸਿਆ ਕਿ ਪਨਸਪ ਅਧਿਕਾਰੀ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੌਲ ਮਿੱਲ ਮਾਲਕ ਝੋਨੇ ਦੀ ਛੜਾਈ ਕਰਕੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਕੋਲ ਜਮ੍ਹਾਂ ਕਰਵਾ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਨਸਪ ਅਧਿਕਾਰੀ ਚੌਲਾਂ ਦਾ ਬਿੱਲ ਪਾਸ ਕਰਨ ਬਦਲੇ ਕਥਿਤ ਵੱਢੀ ਮੰਗਦੇ ਹਨ ਤੇ ਉਨ੍ਹਾਂ ਵੱਲੋਂ ਵੱਢੀ ਨਾ ਦੇਣ ਕਾਰਨ ਉਨ੍ਹਾਂ ਦੇ ਬਿੱਲ ਪਾਸ ਨਹੀਂ ਕੀਤੇ ਗਏ। ਉਨ੍ਹਾਂ ਪੱਖਪਾਤ ਦਾ ਦੋਸ਼ ਲਾਉਂਦੇ ਕਿਹਾ ਕਿ ਕਈ ਖਾਸ ਚੌਲ ਮਿੱਲ ਮਾਲਕ ਕਥਿਤ ਵੱਢੀ ਦੇ ਕੇ ਬਿੱਲ ਪਾਸ ਕਰਵਾ ਕੇ ਲੈ ਗਏ ਹਨ। ਉਨ੍ਹਾਂ ਦੇ ਬਿੱਲ ਪਾਸ ਕਰਨ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਚੌਲ ਮਿੱਲ ਜਥੇਬੰਦੀ ਆਗੂ ਨੇ ਕਿਹਾ ਕਿ ਵੱਢੀ ਦੀ ਇਹ ਕੋਈ ਛੋਟੀ ਖੇਡ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਅਧਿਕਾਰੀ ਸਿਰਫ਼ ਚੌਲ ਮਿੱਲ ਮਾਲਕਾਂ ਤੋਂ ਬਿੱਲ ਪਾਸ ਕਰਨ ਬਦਲੇ ਹੀ ਨਹੀਂ ਸਗੋਂ ਮਿੱਲਾਂ ’ਚ ਝੋਨੇ ਦਾ ਵੱਧ ਕੋਟਾ ਅਲਾਟ ਕਰਨ ਬਦਲੇ ਤੇ ਅਨਾਜ ਦੀ ਮੰਡੀਆਂ ’ਚੋਂ ਲਦਾਈ ਤੇ ਚੁਕਾਈ ਵਿੱਚੋਂ ਵੀ ਹਰ ਸੀਜ਼ਨ ’ਚ ਲੱਖਾਂ ਰੁਪਏ ਕਮਿਸ਼ਨ ਲੈਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੱਢੀ ਲੈਣ ਦਾ ਇਹ ਗੋਰਖਧੰਦਾਂ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਨਸਪ ਜ਼ਿਲ੍ਹਾ ਮੈਨੇਜਰ ਪਰਮਿੰਦਰਜੀਤ ਸਿੰਘ ਬੋਪਾਰਾਏ ਨੇ ਚੌਲ ਮਿੱਲ ਜਥੇਬੰਦੀ ਆਗੂ ਪ੍ਰੇਮ ਸਿੰਗਲ ਵੱਲੋਂ ਵੱਢੀ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਸਟਾਫ਼ ਦੀ ਮੰਡੀਆਂ ’ਚ ਕਣਕ ਖਰੀਦ ਤੋਂ ਇਲਾਵਾ ਕੁਝ ਮੁਲਾਜ਼ਮਾਂ ਦੀਆਂ ਚੋਣ ਡਿਉਟੀਆਂ ਲੱਗੀਆਂ ਹੋਣ ਕਾਰਨ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੂਜੀਆਂ ਸੁਬਾਈ ਏਜੰਸੀਆਂ ਦੇ ਮੁਕਾਬਲੇ ਚੌਲ ਮਿੱਲਾਂ ਨੂੰ ਪਨਸਪ ਭੁਗਤਾਨ ਕਰਨ ’ਚ ਸਭ ਤੋਂ ਮੋਹਰੀ ਹੈ।
INDIA ਵਿਜੀਲੈਂਸ ਜਾਂਚ ਦੇ ਘੇਰੇ ’ਚ ਆਏ ਪਨਸਪ ਅਧਿਕਾਰੀ