ਵਿਗਿਆਨ ਦੇ ਖੇਤਰ ’ਚ ਔਰਤਾਂ ਦੀ ਭਾਗੀਦਾਰੀ ਅਜੇ ਵੀ ਘੱਟ: ਸਮ੍ਰਿਤੀ

ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਗਿਆਨ ਦੇ ਖੇਤਰ ਵਿਚ ਔਰਤਾਂ ਦੀ ਭਾਗੀਦਾਰੀ ਅਜੇ ਵੀ ਘੱਟ ਹੈ। ਉਨ੍ਹਾਂ ਕਿਹਾ ਕਿ 2 ਲੱਖ 80 ਹਜ਼ਾਰ ਦੇ ਕਰੀਬ ਵਿਗਿਆਨੀ ਤੇ ਇੰਜਨੀਅਰ ਦੇਸ਼ ਭਰ ਵਿਚ ਖੋਜਾਂ ਤੇ ਹੋਰ ਵਿਕਾਸ ਦੇ ਕੰਮ ਕਰ ਰਹੇ ਹਨ ਪਰ ਇਸ ਵਿਚ ਔਰਤਾਂ ਦੀ ਗਿਣਤੀ ਸਿਰਫ਼ 39 ਹਜ਼ਾਰ ਹੈ। ਉਹ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਚੱਲ ਰਹੀ ਇੰਡੀਅਨ ਸਾਇੰਸ ਕਾਂਗਰਸ ਦੇ ਇਕ ਹਿੱਸੇ ਵਜੋਂ ਮਹਿਲਾ ਸਾਇੰਸ ਕਾਂਗਰਸ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਲਿੰਗ ਬਰਾਬਰੀ ਸਿਰਫ਼ ਮਹਿਲਾਵਾਂ ਦੀ ਜ਼ਿੰਮੇਵਾਰੀ ਹੀ ਨਹੀਂ ਹੈ, ਇਹ ਪੁਰਸ਼ਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਅਜਿਹਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਇਹ ਵੱਡੀ ਚੁਣੌਤੀ ਹੈ ਕਿ ਜਦੋਂ ਲੜਕੇ-ਲੜਕੀਆਂ ਉਚੇਰੀ ਸਿੱਖਿਆ ਤੇ ਖ਼ਾਸ ਕਰਕੇ ਸਾਇੰਸ ਦੇ ਖੇਤਰ ਵਿਚ ਜਾਂਦੇ ਹਨ ਤਾਂ ਅੰਗਰੇਜ਼ੀ ਉਨ੍ਹਾਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ। ਉਨ੍ਹਾਂ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਸਾਇੰਸ ਦੇ ਵਿਸ਼ੇ ਨੂੰ ਮਾਤ ਭਾਸ਼ਾਵਾਂ ਵਿਚ ਤਿਆਰ ਕੀਤਾ ਜਾਵੇ ਤਾਂ ਹੋਰ ਬਿਹਤਰ ਨਤੀਜੇ ਆ ਸਕਦੇ ਹਨ। ਇਸ ਮੌਕੇ ਸਮ੍ਰਿਤੀ ਇਰਾਨੀ ਨੇ ਔਰਤਾਂ ਦੀ ਸਾਇੰਸ ਕਾਂਗਰਸ ਲਈ ਸੋਵੀਨਰ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਬਾਹਰ ਬਣੇ ਰੋਬੋਟ ਦਾ ਉਦਘਾਟਨ ਕਰਨ ਸਮੇਂ ਵੀ ਉਨ੍ਹਾਂ ਨੇ ਉਸ ਵਿਚ ਲੜਕੀਆਂ ਦੀ ਭਾਗੀਦਾਰੀ ਬਾਰੇ ਪੁੱਛਿਆ।

Previous articleਬੰਦ ਨਜ਼ਰਾਂ ਖੋਲ੍ਹਣ ਲਈ ਕਿਸਾਨਾਂ ਨੇ ਅਧਿਕਾਰੀਆਂ ਨੂੰ ਕੀਤਾ ਨਜ਼ਰਬੰਦ
Next article106 Indian Science Congress: विज्ञान सम्मेलन में कितना विज्ञान है?