ਸਮਾਜ ਵੀਕਲੀ
ਅੱਜ ਮੈਂ ਉਸ ਵਿਸ਼ੇ ਤੇ ਗੱਲ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਪੁਰਾਣੇ ਸਮੇ ਤੋਂ ਚੱਲਿਆ ਆ ਰਿਹਾ ਹੈ |ਉਹ ਹੈ ਧੀਆਂ ਉਤੇ ਹੁੰਦਾ ਆ ਰਿਹਾ ਸੋਹਰੇ ਪਰਿਵਾਰ ਵਲੋਂ ਅਤਿਆਚਾਰ | ਕਿਹਾ ਜਾਂਦਾ ਹੈ ਕਿ ਕੁੜੀਆਂ ਪਰਾਇਆ ਧਨ ਹੁੰਦੀਆਂ ਹਨ,ਪਰ ਕੁੜੀਆਂ ਅਜਿਹਾ ਧਨ ਹਨ ਜਿਨ੍ਹਾਂ ਦੇ ਬਿਨਾ ਸੰਸਾਰ ਚਲਣਾ ਸੰਭਵ ਨਹੀਂ |
ਅੱਜ ਵੀ ਬਹੁਤ ਸਾਰੀਆਂ ਧੀਆਂ ਵਿਆਹ ਤੋਂ ਬਾਅਦ ਬਹੁਤ ਹੀ ਮੁਸ਼ਕਿਲ ਦੌਰ ਵਿੱਚੋ ਗੁਜਰਦੀਆਂ ਹਨ|ਵਿਆਹ ਸਮੇ ਵਿਚੋਲਿਆਂ ਵਲੋਂ ਰੱਖੇ ਗਏ ਵਿੱਚ ਓਹਲੇ ਦਾ ਹੀ ਇਹ ਸਾਰਾ ਨਤੀਜਾ ਹੈ |ਲੋਕ ਵਿਚੋਲਿਆਂ ਦੀਆ ਗੱਲਾਂ ਪੂਰਾ ਵਿਸ਼ਵਾਸ ਕਰ ਲੈਂਦੇ ਹਨ ,ਅੱਖਾਂ ਮੀਚ ਕੇ ਯਕੀਨ ਕਰਦੇ ਹਨ |ਜਿਵੇਂ ਕੇ ਵਿਚੋਲੇ ਰੱਬ ਹੋਣ |
ਇਹ ਸੁਣ ਕੇ ਬਹੁਤ ਹੀ ਦੁੱਖ ਲੱਗਦਾ ਹੈ ਜਦੋ ਕਿਸੇ ਧੀ ਨੂੰ ਵਿਆਹ ਤੋਂ ਬਾਅਦ ਪ੍ਰੇਸ਼ਾਨ ਕੀਤਾ ਜਾਂਦਾ ਹੈ |ਘਰ ਦੀ ਨੌਕਰ ਸਮਜ਼ ਕੇ ਜੁੱਤੀ ਥੱਲੇ ਰੱਖਿਆ ਜਾਂਦਾ ਹੈ |ਇਕ ਕੁੜੀ ਦਾ ਵਿਆਹ ਘਰ ਦੇ ਬਹੁਤ ਹੀ ਮੁਸ਼ਕਿਲ ਦੇ ਨਾਲ ਕਰਜਾ ਚੁੱਕ ਕੇ ਕਰਦੇ ਹਨ ਤਾਕਿ ਸੋਹਰੇ ਪਰਿਵਾਰ ਵਾਲੇ ਸਾਡੀ ਕੁੜੀ ਨੂੰ ਹਮੇਸ਼ਾ ਖੁਸ਼ ਰੱਖਣ ਉਸ ਦੇ ਇਜੱਤ ਕਾਰਨ ਪਰ ਅਫਸੋਸ,ਅਜਿਹਾ ਨਹੀਂ ਹੁੰਦਾ |ਅਜੇ ਘਰਦਿਆਂ ਦਾ ਕਰਜਾ ਉਤਰਿਆ ਵੀ ਨਹੀਂ ਹੁੰਦਾ ਸੋਹਰੇ ਪਰਿਵਾਰ ਵਾਲੇ ਧੀਆਂ ਨਾਲ ਬੁਰਾ ਸਲੂਕ ਕਰਨਾ ਸ਼ੁਰੂ ਵੀ ਕਰ ਦੀਂਦੇ ਹਨ | ਇਹ ਸੋਚ ਬਿਲਕੁਲ ਗ਼ਲਤ ਹੈ ਕਿ ਵਿਆਹ ਬਹੁਤ ਜ਼ਿਆਦਾ ਵਧੀਆ ਕਰਨ ਅਤੇ ਜ਼ਿਆਦਾ ਦਹੇਜ ਦੇਣ ਨਾਲ ਹੀ ਸੋਹਰਾ ਪਰਿਵਾਰ ਕੁੜੀ ਨੂੰ ਖੁਸ਼ ਰੱਖੇਗਾ | ਇਸ ਨਾਲ ਭੁੱਖੀ ਸੋਚ ਰੱਖਣ ਵਾਲੇ ਲੋਕਾਂ ਦੀ ਸੋਚ ਓਨੀ ਹੀ ਜਾਇਦਾ ਲਾਲਚੀ ਹੁੰਦੀ ਜਾਵੇਗੀ | ਓਹਨਾ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹਨਾਂ ਨੇ ਜਿਸ ਧੀ ਨੂੰ ਸਾਰੇ ਜ਼ਿੰਦਗੀ ਪਾਲ ਕੇ ਤੁਹਾਨੂੰ ਦੇ ਦਿੱਤਾ ,ਤੁਸੀ ਓਹਨਾ ਕੋਲੋਂ ਹੋਰ ਕੀ ਲੈਣ ਦੀ ਆਸ ਰੱਖੀ ਬੈਠੇ ਹੋ | ਆਪਣੇ ਸਮਾਜ ਵਿੱਚ ਇਹ ਹੁੰਦਾ ਸੁਣ ਕੇ ਬਹੁਤ ਹੀ ਸ਼ਰਮਸਾਰ ਮਹਿਸੂਸ ਹੁੰਦਾ ਹੈ ਕਿ ਧੀਆਂ ਨੂੰ ਦਹੇਜ ਲਈ ਬਹੁਤ ਤੰਗ ਕੀਤਾ ਜਾਂਦਾ ਹੈ,ਤੇ ਓਹਨਾ ਨੂੰ ਦਬਾ ਕੇ ਰੱਖਿਆ ਜਾਂਦਾ ਹੈ |ਬਹੁਤੀਆਂ ਧੀਆਂ ਤਾ ਇਹ ਜ਼ੁਲਮ ਇਸ ਲਈ ਸਹਿ ਲੈਂਦੀਆਂ ਹਨ ਕਿਉਕਿ ਓਹਨਾ ਨੂੰ ਪਤਾ ਹੁੰਦਾ ਹੈ ਕਿ ਸਾਡੇ ਘਰਦਿਆਂ ਨੇ ਵਿਆਹ ਬੜੀ ਮੁਸ਼ਕਿਲ ਦੇ ਨਾਲ ਕਰਜ਼ਾ ਚੱਕ ਕੇ ਕੀਤਾ ਹੈ |
ਧੀਆਂ ਉੱਪਰ ਹੁੰਦੇ ਅਤਿਆਚਾਰ ਦਾ ਇਕ ਕਾਰਨ ਨਸ਼ਾ ਵੀ ਹੈ | ਇਕ ਸਰਵੇ ਦੇ ਮੁਤਾਬਿਕ ਪੂਰੀ ਦੁਨੀਆ ਵਿੱਚ 227 ਮਿਲੀਅਨ ਲੋਕ ਨਸ਼ਾ ਕਰਦੇ ਹਨ | ਨਸ਼ੇ ਦੇ ਵਿੱਚ ਰਹਿਣ ਵਾਲੇ ਪਤੀ ਆਪਣੀ ਪਤਨੀ ਦੀ ਕੁੱਟਮਾਰ ਕਰਦੇ ਹਨ | ਨਸ਼ੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਿਸ਼ਤੇ ਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ | ਜਿਹੜੇ ਮਰਦ ਕਮਜ਼ੋਰ ਹੁੰਦੇ ਹਨ ਉਹ ਆਪਣੀ ਮਰਦਾਨਗੀ ਨੂੰ ਦਿਖਾਉਣ ਲਈ ਘਰਵਾਲੀ ਨਾਲ ਲੜਦੇ ਹਨ ਲੇਕਿਨ ਜਿਹੜੇ ਮਰਦ ਬਹਾਦੁਰ ਹੁੰਦੇ ਹਨ ਉਹ ਹਾਲਤਾਂ ਦੇ ਨਾਲ ਲੜ ਕੇ ਕਿਸੇ ਵੀ ਮੁਸੀਬਤ ਦਾ ਹੱਲ ਕੱਢ ਲੈਂਦੇ ਹਨ |ਇਕ ਪਾਸੇ ਧੀਆਂ ਨੂੰ ਕੰਜਕਾਂ ਸਮਜ਼ ਕੇ ਪੂਜਿਆ ਜਾਂਦਾ ਹੈ ਅਤੇ ਦੂਜੇ ਪਾਸੇ ਓਹਨਾ ਉੱਪਰ ਅਤਿਆਚਾਰ ਕੀਤਾ ਜਾਂਦਾ ਹੈ |
WHO ਦੇ ਸਰਵੇ ਦੇ ਅਨੁਸਾਰ 3 ਵਿੱਚੋ 1 (35%) ਔਰਤ ਪੂਰੀ ਦੁਨੀਆ ਵਿੱਚ ਆਪਣੇ ਹੀ ਘਰ ਦੇ ਅੰਦਰ ਅਤਿਆਚਾਰ ਸਹਿ ਰਹੀਆਂ ਹਨ |ਜਿਸ ਵਜਹ ਨਾਲ ਦਿਮਾਗੀ ਹਾਲਤ ਦਾ ਖਰਾਬ ਹੋਣਾ,ਭਾਵਾਤਮਕ ਪ੍ਰੇਸ਼ਾਨੀ,ਆਤਮਹੱਤਿਆ ਦੇ ਵਿਚਾਰ ਮਨ ਵਿੱਚ ਉਜਾਗਰ ਹੁੰਦੇ ਹਨ | ਸਾਡੇ ਦੇਸ਼ ਵਿੱਚ ਹਰ ਸਾਲ 1,00,000 ਔਰਤਾਂ ਦਹੇਜ਼ ਦੀ ਮੰਗ ਪੂਰੀ ਨਾ ਹੋਣ ਤੇ ਮਾਰ ਦਿਤੀਆਂ ਜਾਂਦੀਆਂ ਹਨ |
ਧੀਆਂ ਨੂੰ ਬਚਪਨ ਤੋਂ ਹੀ ਬੋਝ ਸਮਜਿਆ ਜਾਂਦਾ ਹੈ | ਜਿਸ ਕਰਕੇ ਬਹੁਤੀ ਵਾਰ ਧੀ ਆਪਣੇ ਦੁੱਖ ਦਾ ਵਰਨਣ ਆਪਣੇ ਮਾਂ-ਪਿਓ ਦੇ ਸਾਹਮਣੇ ਨਹੀਂ ਕਰ ਪਾਉਂਦੀ| ਉਹ ਸੋਚ ਲੈਂਦੀ ਹੈ ਕਿ ਸ਼ਇਦ ਮੈਨੂੰ ਇਹ ਜ਼ੁਲਮ ਸਹਿਣਾ ਹੀ ਪੈਣਾ ਹੈ |ਸਾਡੇ ਦੇਸ਼ ਵਿਚ ਨਾਰੀ ਸ਼ਕਤੀਕਰਨ ਦੀ ਕਮੀ ਹੈ |ਮੇਰੇ ਆਪਣੇ ਤਜੁਰਬੇ ਦੇ ਅਨੁਸਾਰ ਉੱਚ ਸਿੱਖਿਆ ਹਾਸਿਲ ਕਰ ਰਹੀਆਂ ਵਿਦਿਆਰਥਣਾਂ ਨੂੰ ਪੁੱਛਣ ਤੇ ਕਿ ਓਹਨਾ ਨੇ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਕੀ ਕੰਮ ਕਰਨਾ ਹੈ ਤਾ ਬਹੁਤਿਆਂ ਦਾ ਜਵਾਬ ਇੱਕੋ ਹੀ ਮਿਲਦਾ ਹੈ ਕਿ ਘਰਦੇ ਵਿਆਹ ਲਈ ਮੁੰਡਾ ਦੇਖ ਰਹੇ ਹਨ |ਉੱਚ ਸਿਖਿਆ ਤਾਂ ਹਾਸਿਲ ਕਰ ਲਈ ਜਾਂਦੀ ਹੈ ਪਰ ਉਹਨਾਂ ਨੂੰ ਆਪਣੇ ਹੱਕਾਂ ਦੇ ਬਾਰੇ ਜਾਗਰੂਕਤਾ ਨਹੀਂ ਹੁੰਦੀ | ਉਹਨਾਂ ਦਾ ਜ਼ਿੰਦਗੀ ਵਿੱਚ ਕੁੱਝ ਬਣਨ ਦਾ ਅਰਮਾਨ ਮੈਨੂੰ ਓਹਨਾ ਦੇ ਚੇਹਰਿਆਂ ਦਬਿਆ ਹੋਇਆ ਦੇਖ ਕੇ ਬਹੁਤ ਦੁੱਖ ਹੁੰਦਾ ਹੈ | ਮਾਪੇ ਉਹਨਾਂ ਦਾ ਧਿਆਨ ਵਿਆਹ ਵੱਲ ਕਰ ਦਿੰਦੇ ਹਨ |ਫਿਰ ਮਜਬੂਰਨ ਓਹਨਾ ਨੂੰ ਵਿਆਹ ਕਰਾਉਣਾ ਪੈਂਦਾ ਹੈ ਅਤੇ ਸਾਰੀ ਜ਼ਿੰਦਗੀ ਆਪਣੇ ਪਤੀ ਅਤੇ ਸੋਹਰੇ ਪਰਿਵਾਰ ਦਾ ਜ਼ੁਲਮ ਸਹਿਣਾ ਪੈਂਦਾ ਹੈ ਕਿਉਕਿ ਉਸ ਦੀ ਸਾਰੀ ਜ਼ਿੰਦਗੀ ਉਹਨਾਂ ਉੱਪਰ ਹੀ ਨਿਰਭਰ ਹੁੰਦੀ ਹੈ |ਮੇਰੀ ਮਾਪਿਆਂ ਅੱਗੇ ਬੇਨਤੀ ਹੈ ਕਿ ਉੱਚ ਸਿੱਖਿਆ ਹਾਸਿਲ ਕਰਾਉਣ ਤੋਂ ਬਾਅਦ ਧੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਜਰੂਰ ਦਿੱਤਾ ਜਾਵੇ ਤਾਕਿ ਵਿਆਹ ਤੋਂ ਬਾਅਦ ਉਹ ਮਾਹੌਲ ਦੇ ਮੁਤਾਬਿਕ ਲੋੜ ਪੈਣ ਤੇ ਖੁੱਦ ਪੈਸਾ ਕਮਾ ਸਕਣ| ਕਿਸੇ ਉੱਪਰ ਨਿਰਭਰ ਨਾ ਹੋਣਾ ਪਵੇ |ਜਿਹੜੀਆਂ ਕੁੜੀਆਂ ਵਿਆਹ ਤੋਂ ਬਾਅਦ ਨੌਕਰੀ ਕਰਦੀਆਂ ਵੀ ਹਨ ਉਹਨਾਂ ਤੋਂ ਇਸ ਦੇ ਬਾਵਜ਼ੂਦ ਘਰ ਦੇ ਸਾਰੇ ਕੰਮ ਕਰਨ ਦੀ ਵੀ ਉਮੀਦ ਰੱਖੀ ਜਾਂਦੀ ਹੈ | ਚਾਹੇ ਉਹ ਆਪਣੇ ਘਰਵਾਲੇ ਦੇ ਬਰਾਬਰ ਹੀ ਕਿਉ ਨਾ ਕੰਮ ਕਰਦੀ ਹੋਵੇ | ਇਸ ਸੋਚ ਵਿਚ ਬਦਲਾਵ ਲਿਆਉਣਾ ਵੀ ਜ਼ਰੂਰੀ ਹੈ|
ਸਾਡੇ ਸਮਾਜ ਦੀ ਇਕ ਬੁਰੀ ਗੱਲ ਇਹ ਵੀ ਹੈ ਕਿ ਇਕ ਤਲਾਕਸ਼ੁਦਾ ਔਰਤ ਨੂੰ ਤਲਾਕਸ਼ੁਦਾ ਮਰਦ ਦੇ ਮੁਕਾਬਲੇ ਘੱਟ ਇੱਜ਼ਤ ਦਿੱਤੀ ਜਾਂਦੀ ਹੈ ਅਤੇ ਤਲਾਕਸ਼ੁਦਾ ਔਰਤ ਨੂੰ ਦੋਬਾਰਾ ਵਿਆਹ ਕਰਵਾਉਣ ਤੇ ਮੁਸ਼ਕਿਲ ਵੀ ਆਉਂਦੀ ਹੈ| ਜਿਸ ਵਜ੍ਹਾ ਕਰਕੇ ਦੋਬਾਰਾ ਵਿਆਹ ਕਰਨ ਦੇ ਵਿਚਾਰ ਵਿੱਚ ਬਹੁਤ ਕਮੀ ਹੋ ਰਹੀ ਹੈ | ਜਿਆਦਾਤਰ ਧੀਆਂ ਅਤਿਆਚਾਰ ਨਾ ਸਹਿਣ ਕਰ ਸਕਣ ਕਰਕੇ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਨਾਲ ਰਹਿਣਾ ਹੀ ਸਵੀਕਾਰ ਕਰ ਲੈਂਦੀਆਂ ਹਨ | ਮਾਪੇ ਵੀ ਆਪਣੀਆਂ ਧੀਆਂ ਨੂੰ ਇਹ ਸਿਖਾਉਣ ਕਿ ਤਾਜੁਬ ਵਿੱਚ ਮਰਨ ਤੋਂ ਬਾਅਦ ਵਾਪਿਸ ਆਉਣ ਨਾਲੋਂ ਅਸਫਲ ਵਿਆਹ ਤੋਂ ਬਾਅਦ ਆਪਣੇ ਆਪ ਆਪਣੇ ਘਰ ਵਾਪਿਸ ਆ ਜਾਣਾ ਚੰਗਾ ਹੈ|
ਅੰਤ ਵਿੱਚ ਚੰਦ ਸਤਰਾਂ ਕਹਿਣਾ ਚਾਹਵਾਂਗੀ :
“ਧੀਆਂ ਨੂੰ ਕਰੋ ਆਪਣੇ ਪੈਰਾਂ ਤੇ ਖੜੇ ,
ਤਾਕਿ ਉਹਨਾਂ ਦੀ ਜ਼ਿੰਦਗੀ ਕਦੇ
ਵੀ ਕਿਸੇ ਦੇ ਪੈਰਾਂ ਹੇਠਾਂ ਨਾ ਰੁਲੇ”
Asst. ਪ੍ਰੋ. ਰਿੰਕਲ,
ਟਾਂਡਾ ਉਰਮੁੜ, ਪੰਜਾਬ