ਸੋਨੀਪਤ (ਸਮਾਜਵੀਕਲੀ): ਲਵ ਮੈਰਿਜ ਦੇ ਪੰਜ ਦਿਨ ਮਗਰੋਂ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਪਤਨੀ ਨੇ ਘਰ ਵਿੱਚ ਫਾਹਾ ਲੈ ਕੇ ਅਤੇ ਉਸਦੇ ਪਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦਾ ਵਿਆਹ 27 ਮਈ ਨੂੰ ਹੀ ਹੋਇਆ ਸੀ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸੋਨੀਪਤ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਹੁੱਲੇੜੀ ਵਾਸੀ ਮਨਜੀਤ (25) ਫਿਲਹਾਲ ਸੋਨੀਪਤ ਦੇ ਮਿਊਰ ਵਿਹਾਰ ਵਿੱਚ ਰਹਿ ਰਿਹਾ ਸੀ। ਉਹ ਦਿੱਲੀ ਹਾਈਕੋਰਟ ਵਿੱਚ ਕਲਰਕ ਸੀ।
ਮਨਜੀਤ ਦੀ ਮੁਲਾਕਾਤ ਪਿੰਡ ਪਿਨਾਨਾ ਵਾਸੀ ਆਰਤੀ (24) ਨਾਲ ਹੋਈ ਸੀ। ਦੋਵਾਂ ਨੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ 27 ਮਈ ਨੂੰ ਲਵ-ਕਮ-ਅਰੇਂਜ ਵਿਆਹ ਕਰ ਲਿਆ ਸੀ। ਸਮਝਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦੋਵਾਂ ਵਿੱਚ ਤਕਰਾਰ ਹੋਈ ਅਤੇ ਅੱਜ ਸਵੇਰੇ ਆਰਤੀ ਨੇ ਘਰ ਖ਼ੁਦਕੁਸ਼ੀ ਕਰ ਲਈ। ਆਰਤੀ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਪਰਿਵਾਰ ਕੁੰਡੀ ਤੋੜ ਅੰਦਰ ਦਾਖ਼ਲ ਹੋਇਆ। ਸੂਚਨਾ ਮਿਲਣ ਮਗਰੋਂ ਪੁੱਜੀ ਪੁਲੀਸ ਨੇ ਐੱਫਐੱਸਐੱਲ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ। ਦੂਜੇ ਪਾਸੇ ਪੁਲੀਸ ਨੇ ਮਨਜੀਤ ਦੀ ਲਾਸ਼ ਸੋਨੀਪਤ-ਰਾਜਲੂਗੜੀ ਰੇਲਵੇ ਟਰੈਕ ਤੋਂ ਬਰਾਮਦ ਕੀਤੀ। ਮਨਜੀਤ ਨੇ ਰੇਲਗੱਡੀ ਦੇ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਰੇਲਵੇ ਪੁਲੀਸ ਨੇ ਉਸ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਸੋਨੀਪਤ ਭਿਜਵਾ ਦਿੱਤਾ ਹੈ।