ਪਰਵਾਸੀ ਪੰਜਾਬਣਾਂ ਨਾਲ ਵਿਆਹ ਕਰਾਉਣ ਦਾ ਝਾਂਸਾ ਦਿੰਦਾ ਸੀ ਗਰੋਹ;
ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ
ਜ਼ਿਲ੍ਹਾ ਪੁਲੀਸ ਨੇ ਮਾਲਵੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪਰਵਾਸੀ ਪੰਜਾਬਣਾਂ ਨਾਲ ਵਿਆਹ ਦਾ ਝਾਂਸਾ ਦੇ ਕੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੀ ਅਗਵਾਈ ਕਰ ਰਹੀ ਨਰਿੰਦਰ ਪੁਰੇਵਾਲ ਨਾਮ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਨਰਿੰਦਰਪੁਰੇਵਾਲ ਜਲੰਧਰ ਦੀ ਵਸਨੀਕ ਹੈੇ। ਉਹ ਕੁਝ ਸਮਾਂ ਵਿਦੇਸ਼ ਵੀ ਰਹਿ ਕੇ ਆਈ ਹੈ। ਉਸ ਨੇ ਕਥਿਤ ਤੌਰ ‘ਤੇ ਪੰਜਾਬ ਦੀਆਂ ਕੁਝ ਕੁੜੀਆਂ ਨੂੰ ਆਪਣੇ ਨਾਲ ਰਲਾ ਕੇ ਇੱਕ ਗਰੋਹ ਬਣਾਇਆ ਹੋਇਆ ਹੈ। ਉਹ ਇਨ੍ਹਾਂ ਲੜਕੀਆਂ ਦੇ ਕੰਪਿਊਟਰ ਰਾਹੀਂ ਜਾਅਲੀ ਪਾਸਪੋਰਟ, ਵੀਜ਼ੇ, ਕੈਨੇਡਾ ਤੇ ਹੋਰ ਦੇਸ਼ਾਂ ਦੇ ਨਾਗਰਿਕਤਾ ਕਾਰਡ ਤਿਆਰ ਕਰਦੀ ਸੀ। ਇਹ ਫਰਜ਼ੀ ਦਸਤਾਵੇਜ਼ ਅਜਿਹੇ ਨੌਜਵਾਨਾਂ ਨੂੰ ਦਿਖਾਏ ਜਾਂਦੇ ਸਨ, ਜੋ ਵਿਦੇਸ਼ ਵੱਸਣ ਦੇ ਚਾਹਵਾਨ ਸਨ। ਨਰਿੰਦਰ ਪੁਰੇਵਾਲ ਨੇ ਸਰਦੂਲ ਸਿੰਘ ਵਾਸੀ ਪਿੰਡ ਗੋਲੇਵਾਲਾ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਸ ਤੋਂ 35 ਲੱਖ ਰੁਪਏ ਲਏ ਅਤੇ ਉਸ ਦੇ ਲੜਕੇ ਦੀ ਮਨਪ੍ਰੀਤ ਧਾਲੀਵਾਲ ਨਾਮ ਦੀ ਲੜਕੀ ਨਾਲ ਸ਼ਾਦੀ ਕਰਵਾ ਦਿੱਤੀ। ਮੁਲਜ਼ਮ ਔਰਤ ਨੇ ਦਾਅਵਾ ਕੀਤਾ ਸੀ ਕਿ ਮਨਪ੍ਰੀਤ ਧਾਲੀਵਾਲ ਕੈਨੇਡਾ ਦੀ ਪੱਕੀ ਨਾਗਰਿਕ ਹੈ। ਅਸਲੀਅਤ ਵਿੱਚ ਮਨਪ੍ਰੀਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਕਦੇ ਵੀ ਵਿਦੇਸ਼ ਨਹੀਂ ਗਈ। ਇਸੇ ਤਰ੍ਹਾਂ ਜੈਤੋ ਦੇ ਵਸਨੀਕ ਗੁਰਚਰਨ ਸਿੰਘ ਵਾਸੀ ਦਬੜੀਖਾਨਾ ਨਾਲ 56 ਲੱਖ ਰੁਪਏ ਦੀ ਠੱਗੀ ਵੱਜਣ ਦੀ ਜ਼ਿਲ੍ਹਾ ਪੁਲੀਸ ਨੇ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜਬਚਨ ਸਿੰਘ ਨੇ ਕਿਹਾ ਕਿ ਗੁਰਚਰਨ ਸਿੰਘ ਦੇ ਲੜਕੇ ਸੁਖਬੀਰ ਸਿੰਘ ਦੀ ਸਿਮਰਨ ਸੈਣੀ ਨਾਮ ਦੀ ਲੜਕੀ ਨਾਲ ਸ਼ਾਦੀ ਕਰਵਾ ਕੇ ਉਸ ਤੋਂ 55 ਲੱਖ ਰੁਪਏ ਲਏ ਜਦੋਂ ਕਿ ਸਿਮਰਨ ਸੈਣੀ ਕਦੇ ਵੀ ਵਿਦੇਸ਼ ਨਹੀਂ ਗਈ। ਪੁਲੀਸ ਅਧਿਕਾਰੀ ਐੱਸ.ਪੀ. ਗੁਰਮੀਤ ਕੌਰ ਨੇ ਕਿਹਾ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਇਹ ਗੈਂਗ ਪੂਰੀ ਤਰਾਂ ਸਰਗਰਮ ਹੈ ਅਤੇ ਇਨ੍ਹਾਂ ਖਿਲਾਫ਼ 18 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਪੁਰੇਵਾਲ ਦੀਆਂ ਚਾਰ ਸ਼ਾਦੀਆਂ ਹੋ ਚੁੱਕੀਆਂ ਹਨ ਅਤੇ ਉਹ ਇਸ ਤੋਂ ਪਹਿਲਾਂ ਦਰਜਨਾਂ ਨੌਜਵਾਨਾਂ ਨੂੰ ਠੱਗ ਚੁੱਕੀ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਪੀੜਤ ਪਰਿਵਾਰਾਂ ਨੇ ਪੈਸੇ ਨਰਿੰਦਰ ਪੁਰੇਵਾਲ ਅਤੇ ਉਸ ਦੇ ਕਰੀਬੀਆਂ ਦੇ ਖਾਤੇ ਵਿੱਚ ਪਾਏ ਸਨ। ਮੁਲਜ਼ਮ ਨਰਿੰਦਰਪੁਰੇਵਾਲ, ਪਰਮਪਾਲ ਸਿੰਘ, ਸਿਮਰਨ ਸੈਣੀ ਅਤੇ ਮਨਪ੍ਰੀਤ ਧਾਲੀਵਾਲ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਐੱਸ.ਪੀ. ਗੁਰਮੀਤ ਕੌਰ ਨੇ ਦੱਸਿਆ ਕਿ ਨਰਿੰਦਰ ਪੁਰੇਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਖ ਮੁਲਜ਼ਮ ਨਰਿੰਦਰ ਪੁਰੇਵਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ।