ਮੁੰਬਈ– ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ 1.7 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨਣ ਦੇ ਇਕ ਦਿਨ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਪਰਾਲੇ ਕੀਤੇ ਹਨ। ਕਰੋਨਾਵਾਇਰਸ ਨਾਲ ਜੂਝ ਰਹੇ ਮੁਲਕ ਦੇ ਲੋਕਾਂ ਲਈ ਆਰਬੀਆਈ ਨੇ ਅੱਜ ਮੋਰਚਾ ਸੰਭਾਲ ਲਿਆ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਅਰਚਥਚਾਰੇ ’ਚ ਨਕਦੀ ਦੇ ਸੰਕਟ ਨੂੰ ਦੂਰ ਕਰਨ ਅਤੇ ਕਰਜ਼ ਸਸਤਾ ਕਰਨ ਲਈ ਰੈਪੋ ਰੇਟ ਅਤੇ ਬੈਂਕਾਂ ਦੇ ਰਾਖਵੇਂ ਨਕਦੀ ਅਨੁਪਾਤ (ਸੀਆਰਆਰ) ’ਚ ਵੱਡੀ ਕਟੌਤੀ ਜਿਹੇ ਕਈ ਐਲਾਨ ਕੀਤੇ ਹਨ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁਲਕ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਹੈ ਅਤੇ ਉਨ੍ਹਾਂ ਦਾ ਨਿੱਜੀ ਬੈਂਕਾਂ ’ਚ ਜਮ੍ਹਾਂ ਪੈਸਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਘਬਰਾ ਕੇ ਬੈਂਕਾਂ ’ਚੋਂ ਪੈਸੇ ਨਾ ਕਢਵਾਉਣ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀਗਤ ਕਮੇਟੀ (ਐੱਮਪੀਸੀ) ਦੀ 24 ਤੋਂ ਲੈ ਕੇ 27 ਮਾਰਚ ਤਕ ਹੋਈ ਬੈਠਕ ਮਗਰੋਂ ਇਨ੍ਹਾਂ ਉਪਰਾਲਿਆਂ ਦਾ ਐਲਾਨ ਕੀਤਾ। ਉਂਜ ਇਹ ਤਿੰਨ ਦਿਨੀ ਬੈਠਕ ਅਪਰੈਲ ’ਚ ਹੋਣੀ ਸੀ। ਪੰਜ ਸਾਲਾਂ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਐੱਮਪੀਸੀ ਦੀ ਬੈਠਕ ਪਹਿਲਾਂ ਕੀਤੀ ਗਈ ਹੈ। ਰਿਜ਼ਰਵ ਬੈਂਕ ਨੇ ਰੈਪੋ ਦਰ 0.75 ਫ਼ੀਸਦੀ ਘਟਾ ਕੇ 5.15 ਫੀਸਦ ਤੋਂ 4.4 ਫ਼ੀਸਦੀ ਕਰ ਦਿੱਤੀ ਹੈ। ਉਧਰ ਰਿਵਰਸ ਰੈਪੋ ਦਰ 0.90 ਫ਼ੀਸਦ ਘਟਾ ਕੇ ਇਹ 4 ਫ਼ੀਸਦੀ ’ਤੇ ਆ ਗਈ ਹੈ। ਰੈਪੋ ਦਰ ਉਹ ਹੁੰਦੀ ਹੈ ਜਿਸ ’ਤੇ ਰਿਜ਼ਰਵ ਬੈਂਕ ਥੋੜ੍ਹੇ ਸਮੇਂ ਲਈ ਬੈਂਕਾਂ ਨੂੰ ਨਕਦੀ ਉਪਲੱਬਧ ਕਰਵਾਉਂਦਾ ਹੈ। ਉਧਰ ਰਿਵਰਸ ਰੈਪੋ ਦਰ ਰਾਹੀਂ ਉਹ ਬਾਜ਼ਾਰ ਤੋਂ ਵਾਧੂ ਨਕਦੀ ਦਾ ਪ੍ਰਬੰਧ ਕਰਦਾ ਹੈ। ਕਮੇਟੀ ਦੇ ਚਾਰ ਮੈਂਬਰਾਂ ਨੇ ਰੈਪੋ ਦਰ ’ਚ ਕਟੌਤੀ ਦੇ ਪੱਖ ’ਚ ਜਦਕਿ ਦੋ ਨੇ ਵਿਰੋਧ ’ਚ ਵੋਟਿੰਗ ਕੀਤੀ।
ਬੈਂਕਾਂ ਕੋਲ ਵਾਧੂ ਨਕਦੀ ਉਪਲੱਬਧ ਕਰਾਉਣ ਲਈ ਉਨ੍ਹਾਂ ਦੇ ਨਕਦੀ ਰਾਖਵੇਂ ਅਨੁਪਾਤ (ਸੀਆਰਆਰ) ਨੂੰ ਇਕ ਫ਼ੀਸਦ ਘਟਾ ਕੇ ਤਿੰਨ ਫ਼ੀਸਦ ਕਰ ਦਿੱਤਾ ਗਿਆ ਹੈ। ਗਵਰਨਰ ਨੇ ਕਿਹਾ ਕਿ ਰੈਪੋ ਦਰ ’ਚ ਕਮੀ ਨਾਲ ਕਰੋਨਾਵਾਇਰਸ ਮਹਾਮਾਰੀ ਦੇ ਅਰਥਚਾਰੇ ’ਤੇ ਪੈਣ ਵਾਲੇ ਅਸਰ ਨਾਲ ਨਜਿੱਠਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੰਗ ’ਚ ਕਮੀ ਨਾਲ ਮੁੱਖ ਮਹਿੰਗਾਈ ਦਰ ਘਟੇਗੀ। ਉਨ੍ਹਾਂ ਖ਼ਬਰਦਾਰ ਕੀਤਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਅਰਥਚਾਰੇ ’ਤੇ ਅਸਰ ਪਵੇਗਾ ਅਤੇ ਆਲਮੀ ਮੰਦੀ ਦਾ ਖ਼ਦਸ਼ਾ ਵਧ ਗਿਆ ਹੈ। ਸ੍ਰੀ ਦਾਸ ਨੇ ਕਿਹਾ ਕਿ ਜਨਵਰੀ ਤੋਂ ਮਾਰਚ ਦੀ ਤਿਮਾਹੀ ਦੌਰਾਨ ਜੀਡੀਪੀ 4.7 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਹੁਣ ਮਹਾਮਾਰੀ ਕਾਰਨ 2019-29 ਦੇ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ 5 ਫ਼ੀਸਦੀ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਦੀ ਪ੍ਰਧਾਨਗੀ ਵਾਲੀ ਐੱਮਪੀਸੀ ਨੇ ਬੇਯਕੀਨੀ ਵਾਲੇ ਆਰਥਿਕ ਮਾਹੌਲ ਨੂੰ ਦੇਖਦਿਆਂ ਅਗਲੇ ਸਾਲ ਲਈ ਆਰਥਿਕ ਵਿਕਾਸ ਦਰ ਅਤੇ ਮਹਿੰਗਾਈ ਦਰ ਬਾਰੇ ਕੋਈ ਅਨੁਮਾਨ ਨਹੀਂ ਜਤਾਇਆ ਹੈ। ਗਵਰਨਰ ਨੇ ਕਿਹਾ ਕਿ 2008 ਦੇ ਆਲਮੀ ਵਿੱਤੀ ਸੰਕਟ ਦੇ ਮੁਕਾਬਲੇ ਇਸ ਸਮੇਂ ਭਾਰਤੀ ਅਰਥਚਾਰਾ ਮਜ਼ਬੂਤ ਹੈ।
HOME ਵਿਆਜ ਦਰਾਂ ’ਚ ਕਟੌਤੀ; ਕਰਜ਼ੇ ਸਸਤੇ ਹੋਣਗੇ