ਵਿਆਂਦੜ ਜੋੜੇ ਨੂੰ ਵਧਾਈ ਦੀ ਬਜਾਏ ਸ਼ਰਧਾਂਜਲੀ!!!

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)

ਮੈਨੂੰ ਪਤਾ ਹੈ ਕਿ ਮੇਰੀ ਇਸ ਲਿਖਿਤ ਦਾ ਸਿਰਲੇਖ ਪੜ੍ਹਕੇ ਤੁਸੀ ਜ਼ਰੂਰ ਹੈਰਾਨ ਹੋਏ ਹੋਵੋਗੇ ਤੇ ਇਹ ਜਾਨਣ ਵਾਸਤੇ ਵੀ ਉਤਸਕ ਹੋਵੋਗੇ ਕਿ ਇਸ ਸਿਰਲੇਖ ਪਿੱਛੇ ਕਿਹੜੀ ਖ਼ਾਸ ਗੱਲ ਜਾ ਘਟਨਾ ਹੈ, ਜਿਸ ਕਾਰਨ ਇਹ ਸਿਰਲੇਖ ਰੱਖਣਾ ਜ਼ਰੂਰੀ ਬਣ ਗਿਆ ਤਾਂ ਲਓ ਫੇਰ ਮੈਂ ਬਿਨਾ ਹੋਰ ਦੇਰੀ ਕੀਤਿਆਂ ਆਪਣੀ ਗੱਲ ਸ਼ੁਰੂ ਕਰਦਾ ਹਾਂ ।

ਇਹ ਘਟਨਾਵਾਂ ਬਿਲਕੁਲ ਸੱਚੀਆਂ ਹਨ, ਪਰ ਕੁਝ ਕੁ ਤਕਨੀਕੀ ਕਾਰਨਾਂ ਕਰਕੇ ਨਾਂ ਤੇ ਥਾਂ ਦਾ ਵੇਰਵਾ ਨਹੀਂ ਦਿਆਂਗਾ ।

ਪਹਿਲੀ ਘਟਨਾ ਇਹ ਹੈ ਕਿ ਇੰਗਲੈਂਡ ਦੇ ਇਕ ਗੁਰਦੁਆਰੇ ਚ ਨਵੀਂਆਂ ਚੋਣਾਂ ਹੋਈਆਂ । ਪੁਰਾਣੀ ਪਰਬੰਧਕ ਕਮੇਟੀ ਦੀ ਜਗਾ ਨਵੇਂ ਧੜੇ ਦੀ ਕਮੇਟੀ ਚੁਣੀ ਗਈ । ਪ੍ਰਧਾਨ, ਜਨਰਲ ਸਕੱਤਰ ਤੇ ਸਟੇਜ ਸਕੱਤਰ ਸਭ ਨਵੇਂ, ਜਿਹਨਾ ਚੋਂ ਬਹੁਤਿਆਂ ਨੂੰ ਸਟੇਜ ‘ਤੇ ਬੋਲਣ ਦਾ ਅਜੇ ਚੱਜ ਤਜਰਬਾ ਨਹੀਂ ਸੀ । ਨਵੀਂ ਕਮੇਟੀ ਨੇ ਆਪਸੀ ਮਸ਼ਵਰੇ ਨਾਲ ਪੁਰਾਣੇ ਸਟੇਜ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਕੁੱਜ ਕੁ ਦਿਨ ਨਵੇਂ ਸਟੇਜ ਸਕੱਤਰ ਦਾ ਉਨਾ ਚਿਰ ਸਾਥ ਦੇਵੇ ਜਿੰਨਾ ਚਿਰ ਉਹ ਇਕੱਲਾ ਸਟੇਜ ਕੰਟਰੋਲ ਕਰਨ ਦੇ ਕਾਬਲ ਨਹੀਂ ਹੋ ਜਾਂਦਾ। ਪੁਰਾਣਾ ਸਟੇਜ ਸਕੱਤਰ ਮੰਨ ਗਿਆ। ਪੁਰਾਣੇ ਸਟੇਜ ਸਕੱਤਰ ਦਾ ਮੁੱਖ ਕਾਰਜ ਨਵੇਂ ਸਟੇਜ ਸਕੱਤਰ ਨੂੰ ਸਟੇਜ ਸੰਭਾਲਣ ਵਾਸਤੇ ਟਰੇਨਿੰਗ ਦੇਣਾ ਸੀ ਤੇ ਉਸ ਨੇ ਹੌਲੀ ਹੌਲੀ ਸਟੇਜ ਸੰਬੰਧੀ ਨੁਕਤੇ ਦੱਸਣੇ ਸ਼ੁਰੂ ਦਿੱਤੇ। ਕਿਸੇ ਵੀ ਸਮਾਗਮ ਦੇ ਸ਼ੁਰੂ ਦੇ ਵਿੱਚ ਪੁਰਾਣੇ ਸਟੇਜ ਸਕੱਤਰ ਨੇ ਸਟੇਜ ਸੰਭਾਲਣੀ ਤੇ ਸਮਾਗਮ ਦੇ ਅੱਧ ਵਿਚਕਾਰ ਪਹਿਲਾਂ ਬਣਾਈ ਵਿਉਂਤ ਮੁਤਾਬਿਕ ਨਵੇਂ ਸਕੱਤਰ ਨੂੰ ਸੰਭਾਲ਼ ਦੇਣੀ। ਇਸ ਤਰਾਂ ਉਕਤ ਸਿਲਸਿਲਾ ਕਈ ਦਿਨ ਚੱਲਦਾ ਰਿਹਾ । ਹੁਣ ਕਿਉਂਕਿ ਪਹਿਲੇ ਸਟੇਜ ਸਕੱਤਰ ਵਾਸਤੇ ਇਹ ਨਿਸ਼ਕਾਮ ਸੇਵਾ ਸੀ, ਸੋ ਉਸ ਨੇ ਸੋਚਿਆ ਕਿ ਕਿਉਂਕਿ ਨਾ ਨਵੇਂ ਸਕੱਤਰ ਨੂੰ ਸਟੇਜ ਸੰਭਾਲਣ ਦੀ ਸੇਵਾ ਸੌਂਪ ਕੇ ਕਮੇਟੀ ਤੋਂ ਆਗਿਆ ਲੈ ਲਈ ਜਾਵੇ । ਅਜਿਹਾ ਕਰਨ ਲਈ ਉਸ ਨੇ ਗੁਰਦੁਆਰੇ ਚ ਇਕ ਵਿਆਹ ਸਮਾਗਮ ਦੀ ਸਟੇਜ ਨੂੰ ਨਵੇਂ ਸਕੱਤਰ ਵਾਸਤੇ ਟ੍ਰਾਇਲ ਵਜੋਂ ਵਰਤਣ ਦੀ ਜੁਗਤ ਬਣਾਈ । ਨਵੇਂ ਸਟੇਜ ਸਕੱਤਰ ਨੂੰ ਸਾਰੀ ਗੱਲ ਚੰਗੀ ਤਰਾਂ ਸਮਝਾਈ ਗਈ ਕਿ ਸਟੇਜ ‘ਤੇ ਗੱਲ ਸ਼ੁਰੂ ਕਿੱਥੋਂ ਕਰਨੀ ਹੈ ਤੇ ਕਿੱਥੇ ਸਮਾਪਤ ਕਰਨੀ ਹੈ । ਵਿਆਹ ਸਮਾਗਮ ਵਾਲੇ ਦਿਨ ਸੁਭਾਗੀ ਜੋੜੀ ਦੇ ਅਨੰਦ-ਕਾਰਜ ਦੀ ਰਸਮ ਪਾਠੀ ਤੇ ਰਾਗੀ ਸਿੰਘਾਂ ਨੇ ਪੂਰਨ ਗੁਰ ਮਰਿਆਦਾ ਮੁਤਾਬਿਕ ਨਿਰਵਿਘਨ ਅਦਾ ਕਰ ਦਿੱਤੀ । ਹੁਣ ਵਾਰੀ ਆਈ ਨਵੇਂ ਸਕੱਤਰ ਦੀ, ਸਟੇਜ ‘ਤੇ ਆੳਦਿਆਂ ਹੀ ਉਸ ਨੇ ਫ਼ਤਿਹ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ …… ਸਾਧ ਸੰਗਤ ਜੀ ਬਹੁਤ ਭਾਗਾਂ ਵਾਲਾ ਸਮਾਂ ਹੈ …… ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਕਿ ਸੁਭਾਗੀ ਜੋੜੀ ਦਾ ਅਨੰਦ ਕਾਰਜ ਸੰਪੂਰਨ ਹੋਇਆ ਹੈ …… ਦਾਸ ਆਪਣੇ ਵੱਲੋਂ ਤੇ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸੁਭਾਗੀ ਜੋੜੀ ਨੂੰ ਲੱਖ ਲੱਖ ਸ਼ਰਧਾਂਜਲੀ ਭੇਂਟ ਕਰਦਾ ਹੈ ਤੇ ਇਸ ਦੇ ਨਾਲ ਹੀ ਇਸ ਮੌਕੇ ਹਾਜ਼ਰ ਸਮੂਹ ਰਿਸ਼ਤੇਦਾਰਾਂ ਨੂੰ ਵਧਾਈ ਪੇਸ਼ ਕਰਦਾ ਹੋਇਆ ਵਾਹੇਗੁਰੂ ਦੇ ਚਰਨਾ ਚ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੋੜੀ ਨੂੰ ਹਮੇਸ਼ਾ ਹੀ ਆਪਣੇ ਚਰਨਾ ਨਾਲ ਲਾਈ ਰੱਖੇ । ਨਵੇਂ ਸਟੇਜ ਸਕੱਤਰ ਦੇ ੳਕਤ ਇਹ ਸ਼ਬਦ ਸੁਣਦਿਆਂ ਸਾਰ ਹੀ ਸੰਗਤ ਵਿੱਚ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ … … ਮੌਕੇ ਦੀ ਨਜ਼ਾਕਤ ਦੇਖਦਿਆਂ ਪੁਰਾਣਾ ਸਕੱਤਰ ਉਠਿਆ ਉਸ ਨੇ ਮਾਇਕ ਸੰਭਾਲ਼ਿਆ ਤੇ ਸੰਗਤ ਤੋਂ ਮੁਆਫੀ ਮੰਗਦਾ ਹੋਇਆ ਬੋਲਿਆ ਕਿ “ ਸਾਧ ਸੰਗਤ ਜੀ, ਗੁਰੂ ਘਰ ਦਾ ਸਟੇਜ ਸਕੱਤਰ ਅਜੇ ਨਵਾਂ ਹੈ, ਕਿਸੇ ਸ਼ਬਦ ਦਾ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਅਣਜਾਣ ਸਮਝਕੇ ਮੁਆਫ ਕਰ ਦੇਣਾ ਜੀ ।”

ਪਰ ਸੰਗਤ ਨੇ ਵਿਆਹ ਵਾਲੇ ਸਮਾਗਮ ਨੂੰ ਸ਼ਰਧਾਂਜਲੀ ਸਮਾਗਮ ਚ ਬਦਲਣ ਦਾ ਬਹੁਤ ਬੁਰਾ ਮਨਾਇਆ, ਜਿਸ ਕਰਕੇ ਅਨੰਦ ਕਾਰਜ ਦਾ ਸਮੁੱਚਾ ਸਮਾਗਮ ਸਮਾਪਤ ਹੋਣ ਤੋਂ ਬਾਦ ਕੜਾਹ ਪ੍ਰਸਾਦ ਵਰਤਾਉਣ ਅਤੇ ਸ਼ਗਨ ਪਾਉਣ ਦੇ ਸਮੇਂ ਦੋਰਾਨ ਗੁਰਦੁਆਰੇ ਦੇ ਦਰਬਾਰ ਸਾਹਿਬ ਹਾਲ ਵਿੱਚ ਹੀ ਕੁਝ ਜਾਂਝੀ ਤੇ ਮਾਂਝੀ ਨਵੇਂ ਸਕੱਤਰ ਦੇ ਨਾਲ ਤੂੰ ਤੂੰ ਮੈ ਮੈ ਕਰਦੇ ਹੋਏ ਉਸ ਦੇ ਗਲ ਪੈਂਦੇ ਵੀ ਨਜ਼ਰ ਆਏ, ਪਰ ਪੁਰਾਣੇ ਸਟੇਜ ਸਕੱਤਰ ਤੇ ਨਵੀ ਕਮੇਟੀ ਦੇ ਪਰਧਾਨ ਸਮੇਤ ਹੋਰ ਆਹੁਦੇਦਾਰਾ ਨੇ ਵਿੱਚ ਬਚਾਅ ਕਰਕੇ ਮਸਲੇ ਨੂੰ ਠੰਢਿਆਂ ਕੀਤਾ ।

ਇਸੇ ਤਰਾਂ ਦੀ ਇਕ ਹੋਰ ਅੱਖੀਂ ਡਿੱਠੀ ਘਟਨਾ ਹੈ ਕਿ ਜਦੋਂ ਇੰਗਲੈਂਡ ਦੇ ਇਕ ਹੋਰ ਗੁਰੂ-ਘਰ ਵਿੱਚ ਇਕ ਵਿਆਹ ਸਮਾਗਮ ਦੋਰਾਨ ਅਨੰਦ ਕਾਰਜ ਦੀ ਅਰਦਾਸ ਵੇਲੇ ਪਾਠੀ ਸਿੰਘ ਨੇ ਅਰਦਾਸ ਵੇਲੇ ਉਸ ਦੇ ਬਿਲਕੁਲ ਪਿੱਛੇ ਸਹੀ ਸਲਾਮਤ ਖੜ੍ਹੇ ਵਿਆਂਹਦੜ ਲੜਕੇ ਦੇ ਪਿਤਾ ਦੇ ਨਾਮ ਨਾਲ “ਸਵਰਗਵਾਸੀ” ਲਗਾ ਕੇ ਅਰਦਾਸ ਕਰ ਦਿੱਤੀ ਤੇ ਅਰਦਾਸ ਉਪਰੰਤ ਪਤਾ ਲੱਗਣ ‘ਤੇ ਇਹ ਕਹਿਕੇ ਮੁਆਫੀ ਮੰਗ ਲਈ ਕਿ ‘ਅਸਲ ਵਿੱਚ “ਸਵਰਗਵਾਸੀ” ਸ਼ਬਦ ਵਿਆਂਹਦੜ ਲੜਕੇ ਦੇ ਬਾਬੇ ਦੇ ਨਾਮ ਨਾਲ ਵਰਤਣਾ ਸੀ ਜੋ ਗਲਤੀ ਨਾਲ ਪਿਤਾ ਦੇ ਨਾਮ ਵਰਤ ਲਿਆ ਗਿਆ ।’

ਇਸੇ ਤਰਾਂ ਇੰਗਲੈਂਡ ਦੇ ਹੀ ਇਕ ਨਾਮਵਰ ਗੁਰੂਦੁਆਰੇ ਦਾ ਨਵਾਂ ਚੁਣਿਆ ਨੌਜਵਾਨ ਪ੍ਰਧਾਨ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਗੁਰਦੁਆਰੇ ਦੀ ਸਟੇਜ ਤੋਂ  ਸੰਗਤ ਨੂੰ ਸੰਬੋਧਿਤ ਕਰਨ ਸਮੇਂ ਵਾਰ ਵਾਰ 550ਵੀਂ ਸ਼ਤਾਬਦੀ ਕਹਿੰਦਾ ਸੁਣਿਆ ਗਿਆ ਜਦ ਕਿ ਸ਼ਤਾਬਦੀ ਸੌ ਸਾਲ (Century) ਨੂੰ ਕਹਿੰਦੇ ਹਨ ਤੇ ਇਸ ਹਿਸਾਬ ਨਾਲ ਜਗਤ ਬਾਬੇ ਗੁਰੂ ਨਾਨਕ ਦਾ ਪਰਕਾਸ਼ ਦਿਹਾੜਾ ਸਾਢੇ ਪੰਜਵੀਂ ਸ਼ਤਾਬਦੀ ਬਣਦਾ ਹੈ ।

ਇੱਥੇ ਸਵਾਲ ਇਹ ਉਠਦਾ ਹੈ ਕਿ ਲੋਕਾਂ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗੁਰਧਾਮਾਂ ਵਿੱਚ ਏਹੋ ਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ ਤੇ ਏਹੋ ਜਿਹੀਆਂ ਘਟਨਾਵਾਂ ਆਮ ਲੋਕਾਈ ਤੇ ਅਗਲੀਆ ਪੀੜੀਆ ਨੂੰ ਕੀ ਸੰਦੇਸ਼ ਦੇਂਦੀਆਂ ਹਨ ? ਜਦੋਂ ਉਸ ਸੁਭਾਗੀ ਜੋੜੀ ਨੇ ਸਟੇਜ ਸਕੱਤਰ ਵੱਲੋਂ ਬੋਲੇ ਗਏ ਸ਼ਬਦ ਸੁਣੇ ਤੇ ਸਮਝੇ ਹੋਣਗੇ ਤਾਂ ਉਹਨਾਂ ਦੇ ਦਿਲ ‘ਤੇ ਕੀ ਬੀਤੀ ਹੋਵੇਗੀ ! ਜਦੋਂ ਖ਼ੁਸ਼ੀ ਦੇ ਮੌਕੇ ‘ਤੇ ਵਿਆਂਦੜ ਲੜਕੇ ਦੇ ਸਹੀ ਸਲਾਮਤ ਖੜੇ ਪਿਤਾ ਨੂੰ ਮੁਰਦਾ ਕਰਾਰ ਦੇ ਦਿੱਤਾ ਗਿਆ ਹੋਵੇ ਤਾਂ ਉਸ ਲੜਕੇ, ਉਸ ਦੇ ਪਰਿਵਾਰ ਤੇ ਹਾਜਰ ਸਮੂਹ ਰਿਸ਼ਤੇਦਾਰਾ ਦੇ ਦਿਲ ‘ਤੇ ਕੀ ਬੀਤੀ ਹੋਵੇਗੀ ? ਵਿਆਂਦੜ ਦੇ ਪਿਤਾ, ਜਿਸ ਦੇ ਵਾਸਤੇ ਬਹੁਤ ਸਾਰੀਆ ਸੁੱਖਾਂ ਸੁੱਖਣ ਉਪਰੰਤ ਉਹ ਵਡਭਾਗਾ ਦਿਨ ਆਇਆ ਹੋਵੇ, ਉਸ ਵੇਲੇ ਉਸ ਦੀ ਮਨੋਂਦਸ਼ਾ ਕੀ ਹੋਈ ਹੋਵੇਗੀ ?

ਉਕਤ ਦੋਨੇ ਘਟਨਾਵਾ ਬਾਰੇ ਮੈਂ ਜਿੰਨੀ ਵਾਰ ਵੀ ਸੋਚ ਦਾ ਹਾਂ, ਮੇਰਾ ਮਨ ਬਹੁਤ ਦੁਖੀ ਹੁੰਦਾ ਹੈ, ਜਰਾ ਸੋਚੇ ਜਿਹਨਾ ਨਾਲ ਇਹ ਉਕਤ ਘਟਨਾਵਾ ਵਾਪਰੀਆਂ, ਕੀ ਉਹ ਇਹਨਾਂ ਘਟਨਾਵਾਂ ਨੂੰ ਜੀਵਨ ਭਰ ਭੁਲਾ ਸਕਣਗੇ, ਬੇਸ਼ਕ ਇਹ ਘਟਨਾਵਾਂ ਗਲਤੀ ਨਾਲ ਹੀ ਵਾਪਰੀਆਂ, ਪਰ ਜਿਹਨਾਂ ਦੇ ਜੀਵਨ ਦੀਆਂ ਵੱਡੀਆ ਖੁਸ਼ੀਆ ਦੇ ਰੰਗ ਵਿਚ ਭੰਗ ਪਿਆ, ਉਹਨਾਂ ਦਾ ਕੀ ਕਸੂਰ ਸੀ ?
ਇਹ ਉਕਤ ਸਭ ਸਵਾਲ ਬਹੁਤ ਹੀ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹਨ । ਅਸਲ ਵਿਚ ਇਹ ਵਰਤਾਰਾ ਉਨਾ ਚਿਰ ਇਸੇ ਤਰਾ ਚਲਦਾ ਰਹੇਗਾ ਜਿੰਨਾ ਚਿਰ ਗੁਰਦੁਆਰਾ ਰੂਪੀ ਜਨਤਕ ਅਦਾਰਿਆਂ ਦਾ ਪਰਬੰਧ ਅਨਪੜ੍ਹ ਤੇ ਅਨਾੜੀ ਹੱਥਾਂ ਚ ਫੜਾਇਆ ਜਾਂਦਾ ਰਹੇਗਾ ਜਾਂ ਪਰਬੰਧਕਾ ਨੂੰ ਲੌੜੀਦੀ ਟਰੇਨਿੰਗ ਨਹੀ ਦਿੱਤੀ ਜਾਂਦੀ । ਆਸ ਹੈ ਸੰਗਤ ਗੌਰ ਕਰੇਗੀ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
22/06/2020

Previous articleਟਿਕ-ਟਾਕ ਸਟਾਰ ਨੂਰ ਦਾ ਪਰਿਵਾਰ ਲੱਗਾ ਗੁਰੂ ਦੇ ਲੜ, ਸ੍ਰੀ ਦਰਬਾਰ ਸਾਹਿਬ ਜਾ ਕੇ ਛਕਿਆ ਅੰਮ੍ਰਿਤ 
Next articleਯੂ.ਕੇ. ‘ਚ ਚਾਕੂ ਹਮਲੇ ‘ਚ 3 ਲੋਕਾਂ ਦੀ ਮੌਤ ਤੇ 2 ਵਿਅਕਤੀ ਜ਼ਖਮੀ, ਦੋਸ਼ੀ ਗ੍ਰਿਫਤਾਰ