ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ) – ਪਿਛਲੇ ਦੋ ਕੁ ਸਾਲਾਂ ਤੋਂ ਕੈਂਸਰ ਤੋਂ ਪੀੜਤ ਉਘੇ ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਅੱਜ ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸ੍ਰੀ ਆਜ਼ਾਦ ਹੁਣ ਤੱਕ ‘ਆਪਾਂ ਕੀ ਲੈਣਾ’, ‘ਫੂਕ ਸ਼ਾਸਤਰ’, ‘ਕਾਕਾ ਵਿਕਾਊ’, ‘ਜ਼ਿੰਦਗੀ ਦੇ ਗੀਤ’ ਅਤੇ ‘ਗੋਡੇ ਘੁੱਟ ਤੇ ਮੌਜਾਂ ਲੁੱਟ’ ਵਿਅੰਗ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਪ੍ਰਕਾਸ਼ ਕੌਰ, ਪੁੱਤਰ ਅਮੋਲਕ ਸਿੰਘ, ਨੂੰਹ ਰੁਪਿੰਦਰ ਕੌਰ ਤੇ ਬੇਟੀ ਅੰਮ੍ਰਿਤ ਕੌਰ ਹਨ। ਸ੍ਰੀ ਆਜ਼ਾਦ ਦੇ ਛੋਟੇ ਭਰਾ ਤੇ ਤਰਕਸ਼ੀਲ ਮੈਗਜ਼ੀਨ ਦੇ ਸਹਿ-ਸੰਪਾਦਕ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਉਹ ‘ਪੰਜਾਬ ਹਾਸ ਵਿਅੰਗ ਅਕਾਡਮੀ’ ਦੇ ਜਨਰਲ ਸਕੱਤਰ ਸਣੇ ਹੋਰ ਕਈ ਸਾਹਿਤਕ ਸਭਾਵਾਂ ਨਾਲ ਜੁੜੇ ਹੋਏ ਸਨ।