(ਸਮਾਜ ਵੀਕਲੀ)
ਗ਼ਜ਼ਬ ਦਾ ਸ਼ਖ਼ਸ ਹੈ ਜੱਗ ਵਿੱਚ ਉਚੇਰੀ ਸ਼ਾਨ ਰੱਖਦਾ ਹੈ !
ਕਿ ਦਿਲ ਵਿੱਚ ਦਰਦ,ਮੁਖੜੇ ‘ਤੇ ਸਦਾ ਮੁਸਕਾਨ ਰੱਖਦਾ ਹੈ !
ਓਹ ਮੇਰੀ ਨਜ਼ਰ ਦੇ ਵਿੱਚ ਬਹੁਤ ਹੀ ਸਨਮਾਨ ਰੱਖਦਾ ਹੈ,
ਜੋ ਹਿੰਦੂ ਸਿੱਖ ਇਸਾਈ,ਮੁਸਲਮਾ’ ਮੇਜ਼ਬਾਨ ਰੱਖਦਾ ਹੈ !
ਦਿਨੇਂ ਆਵੇ ਖ਼ਿਆਲਾਂ ਵਿੱਚ,’ਤੇ ਰਾਤੀਂ ਖ਼ਾਬਾਂ ਵਿੱਚ ਰਹਿੰਦੈ,
ਮਜ਼ੇ ਨਾਲ ਜ਼ਿੰਦਗੀ ਜਿਉਂਦੈ,ਖ਼ੁਦ ਨੂੰ ਗ਼ਲਤਾਨ ਰੱਖਦਾ ਹੈ !
ਓਹ ਮੇਰਾ ਹਮਸਫ਼ਰ, ਹਮ-ਰਾਹ,ਦਿਲਜਾਨੀਂ ਮੇਰਾ ਦਿਲਬਰ,
ਹੈ ਜੁੜਿਆ ਧਰਤ ਸੰਗ,ਪਰ ਮੁੱਠੀ ਵਿੱਚ ਅਸਮਾਨ ਰੱਖਦਾ ਹੈ !
ਮੈਂ ਨਿਸ-ਦਿਨ ਵੇਖਦਾਂ,ਖੜ੍ਹਦਾ ਹੈ ਓਹ ਮਜ਼ਲੂਮਾਂ ਸੰਗ ਅਕਸਰ,
ਬੜਾ ਜਾਂਬਾਜ਼,ਦਿਲ-ਗੁਰਦਾ,ਬਹੁਤ ਬਲਵਾਨ ਰੱਖਦਾ ਹੈ !
ਕਫ਼ਨ ਬੰਨ ਕੇ ਤੁਰੇ ਹਰਦਮ,ਕਲੋਲਾਂ ਮੌਤ ਨੂੰ ਕਰਦਾ,
ਜਿਗਰ ਵਿੱਚ ਦਰਦ ਲੋਕਾਂ ਲੲੀ ਓਹ ਦੀਨ-ਈਮਾਨ ਰੱਖਦਾ ਹੈ !
ਹਵਾ ਦੇ ਵੇਗ ਵਰਗਾ ਅੱਥਰਾ ਸਾਗਰ ਦੀ ਛੱਲ ਵਰਗਾ,
ਨਾ ਰੁਕਦਾ ਰੋਕਿਆਂ ਬੰਨ੍ਹ ਕੇ ਸਦਾ ਤੂਫ਼ਾਨ ਰੱਖਦਾ ਹੈ
ਮਲਕੀਤ ਮੀਤ