ਵਾਹ ਕਵਿਤਾ…ਵਾਹ ਤੇਰਾ ਜਲਵਾ

ਸਤਗੁਰ ਸਿੰਘ

(ਸਮਾਜ ਵੀਕਲੀ)

ਅਕਸਰ ਕਿਹਾ ਜਾਂਦਾ ਹੈ ਕਿ ਕਵਿਤਾ ਆਹ ਹੁੰਦੀ ਹੈ ਜਾ ਅੌਹ ਹੁੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਆਖਦੇ ਹਨ, “ਸਾਧ ਬੋਲ ਕਵਿਤਾ ਹੁੰਦੀ ਹੈ।” ਸਾਧ ਬੋਲ ਬਿਲਕੁਲ ਸਹਿਜ ਹੁੰਦੇ ਹਨ, ਇਸ ਦਾ ਮਤਲਬ ਇਹ ਹੀ ਨਹੀਂ ਕਿ ਸਿਰਫ ਇਹ ਸਾਧੂਆਂ ਲਈ ਹੈ, ਬਲਕਿ ਇਸ਼ਾਰਾ ਹੈ ਆਪ ਮੁਹਾਰੇ ਸਾਦਗੀ ਵਿਚ ਗੁੰਝਲਦਾਰ ਭੇਦ ਰੱਖਿਆ ਗਿਆ ਜਾਂ ਆਖਿਅਾ ਗਿਆ ਹੁੰਦਾ ਹੈ। ਜਿਸ ਤਰ੍ਹਾਂ ਮੈਂ ਸ਼ਿਵ ਕੁਮਾਰ ਦੀ ਕਵਿਤਾ ਕੰਡਿਆਲੀ ਥੋਹਰ ਪਤਾ ਨਹੀਂ ਕਿਨੇ ਕੁ ਵਾਰ ਪੜ੍ਹ ਲਈ ਸੀ ਪਰ ਬੜਾ ਪਿਛੋਂ ਇਹ ਗੱਲ ਤੇ ਧਿਆਨ ਟਿਕਿਆ ਕਿ ਮਾਲੀ ਤੇ ਗੁਲੇਲੇ ਵਾਲੀ ਸਤਰ ਵਿਚ ਸ਼ਿਵ ਨੇ ਕੇਹਾ ਸੰਵੇਦਨਾਮਈ ਤੇ ਤਰਕ ਤੋਂ ਪਾਰ ਦਾ ਰੰਗ ਬਿਖੇਰਿਆ ਹੈ।

ਕਵਿਤਾ ਦੀਆਂ ਅਜਿਹੀਆਂ ਕਈ ਗੱਲਾਂ ਤਾਂ ਰੂਹ ਨੂੰ ਹਾਵਾ ਲਾ ਦਿੰਦੀਆਂ ਨੇ, ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ:
ਜਾ ਉਹ ਬੋਟ ਜੀਹਦੇ ਹਾਲੇ,
ਨੈਣ ਨਹੀਂ ਸਨ ਖੁੱਲ੍ਹੇ।
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ।(ਕੰਡਿਆਲੀ ਥੋਹਰ)

ਭਲਾਂ..ਜਿਹੜੇ ਬੋਟ ਦੇ ਨੈਣ ਹੀ ਨਹੀੰ ਖੁੱਲੇ ਉਹਨੂੰ ਦਾਖਾਂ (ਅੰਗੂਰਾਂ) ਦੇ ਓਹਲੇ ਹੋ ਕੇ ਮਾਰਨ ਦੀ ਕੀ ਲੋੜ ਹੈ। ਸਾਹਮਣੇ ਖੜ੍ਹ ਕੇ ਮਾਰਿਆ ਜਾ ਸਕਦਾ ਹੈ। ਪਰ ਕਿਸੇ ਚੀਜ ਦੇ ਉਹਲੇ ਹੋ ਕੇ..ਜਰੂਰ ਸਬੰਧ ਮਾਪਿਆਂ ਨਾਲ ਹੋਵੇਗਾ। ਕੋਈ ਕਮਾਲ ਦਾ ਅਰਥ ਹੈ ਸ਼ਿਵ ਕੁਮਾਰ ਦਾ।
ਇਸੇ ਅੱਜ ਕੱਲ੍ਹ ਇੱਕ ਗੀਤ ਸੁਣਿਆ ਜਾਂਦਾ ਹੈ,ਉਹਦੇ ਵਿੱਚ ਇਹ ਸਤਰ ਹੈ:

“ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ” ਭਲਾ ਚੰਦਨ ਦੀ ਲੱਕੜ ਤਾਂ ਖੁਦ ਪਾਣੀ ਚ ਡੁੱਬ ਜਾਂਦੀ ਹੈ, ਚੰਦਨ ਦੇ ਵਪਾਰੀ ਅਸਲੀ ਚੰਦਨ ਦੀ ਪਰਖ ਪਾਣੀ ‘ਚ ਡੋਬ ਕੇ ਕਰਦੇ ਹਨ। ਜਾ ਫਿਰ ਨਕਲੀ ਚੰਦਨ ਹੋਉ।  ਕਮਾਲ ਦੀਆਂ ਬਾਤਾਂ ਨੇ ਬਾਈ..ਪਤਾ ਨਹੀਂ ਕੀ ਅਰਥ ਹੋਣਗੇ ਜਾ ..ਅੈਵੀੰ ਸ਼ਾਇਰੀ ਦਾ ਝੱਲਾਪਣ ਆ। ਕਰਾਂਗੇ ਕੋਸ਼ਿਸ਼ ਅਰਥ ਤਲਾਸ਼ਣ ਦੀ।

ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਕਿਹਾ ਜਾੰਦਾ ਹੈ। ਇਹੋ ਚੰਦਨ ਦੀ ਲੱਕੜ ਵਾਂਗ ਗੁਣਵਤਾ ਦੀ ਗੁੱਠਲੀ ਹੈ। ਆਪ ਬੇਸ਼ੱਕ ਉਹ ਅਨਪੜ ਸੀ ਪਰ ਸਿੱਖ ਰਾਜ ਦਾ ਮੀਨਾਰ ਪੜ੍ਹੇ ਲਿਖਿਆਂ ਵਾਲਾ ਉਸਾਰ ਗਿਆ। ਕਿਉਕਿ ਅਜਿਹਾ ਹਰੇਕ ਦੇ ਵਸ ਦਾ ਕੰਮ ਨਹੀਂ। ਸਭ ਤੋਂ ਮਹੀਨ ਨੁਕਤਾ ਕਿ ਚੰਦਨ ਦੀ ਲੱਕੜ ਆਪ ਡੁੱਬ ਜਾਵੇ ਤੇ ਲੋਹੇ ਨੂੰ ਪਾਰ ਲਗਾ ਦੇਵੇ। ਇਹ ਹੋਣਾ ਜਾਂ ਹੋਣੇ ਨੂੰ ਸਮਝਣਾ ਬਹੁਤ ਹੀ ਅੌਖਾ ਹੈ। ਇਹ ਕਲਾ ਹੈ ਬੁਰੇ ਹਲਾਤਾਂ ਵਿਚ ਜਿੰਦਗੀ ਦੇ ਉਸਾਰ ਦੀ।

ਆਮ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਅਨਪੜ੍ਹ ਜਿਹੀਆਂ ਮਾਵਾਂ-ਭੈਣਾਂ ਕੋਲ ਕਿਹੀ ਬੁੱਧ-ਬਲ ਹੁੰਦਾ ਹੈ ਕਿ ਨਵੀਂ ਪੀੜ੍ਹੀ ਨੂੰ ਚਾਰ ਅੱਖਰਾਂ ਜੋਗੇ ਕਰ ਦਿੰਦੀਆਂ ਹਨ। ਹਰਮਨਜੀਤ ਨੇ ਆਪਣੀ ਕਵਿਤਾ ‘ ਕੁੜੀਆਂ ਕੇਸ ਵਾਹੁੰਦੀਆਂ’ ਵਿਚ ਇਸ ਭੇਦ ਨੂੰ ਵਿਸਤ੍ਰਿਤ ਰੂਪ ਵਿਚ ਖੋਲਿਅਾ ਹੈ, ਇਸ ਨੂੰ ਸਾਧ ਬੋਲੀ ਵਿਚ ਆਖਿਆ ਜਾਂਦਾ ਹੈ,ਖਾਲੀ ਕਾਸੇ ਵਿਚ ਵੀ ਲੱਖਾਂ ਦੀ ਬਰਕਤ। ਲੱਖ ਕੋਲ ਹੋਣ ਤੇ ਵੀ ਕੱਖਦੇ ਨਾ ਹੋਣਾ, ਕੱਖ ਨਾ ਹੋਣ ਤੇ ਵੀ ਲੱਖਾਂ ਦੇ ਹੋਣਾ। ਇਸ ਕਵਿਤਾ ਵੁਚ ਚਿਤਰਿਅਾ ਹੈ, ਪਹਿਲੀ ਨਜ਼ਰੇ ਕਵਿਤਾ ਤੰਗੀਅਾਂ-ਤੁਰਸ਼ੀਅਾਂ ਪੇਸ਼ ਕਰਦੀ ਹੈ ਤੇ ਦੂਸਰੀ ਨਜ਼ਰੇ ਸਾਡੀਆਂ ਰਹੁ-ਰੀਤਾਂ ਫਨਕਾਰੀ ਤੇ ਸਾਡੇ ਦਿਲ ਦੀ ਅਮੀਰੀ ਦਾ ਪ੍ਰਗਟਾਵਾ ਕਰਦੀ ਇਹ ਕਵਿਤਾ ਸ਼ਿਵ ਦੀਆਂ ਰਮਜ਼ਾਂ ਖੋਲਣ ਦਾ ਯਤਨ ਕਰਦੀ ਹੈ। ਜਿਵੇਂ:

ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨੀਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨੀਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ। (ਰਾਣੀ ਤੱਤ)
ਇਸ ਤੋਂ ਇਲਾਵਾ ਰਾਣੀ ਤੱਤ ਕਿਤਾਬ ਵਿਚ ਕਮਾਲ ਦਾ ਕਾਵਿ ਟੋਟਾ ਹੈ:-
“ਇਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ
ਮੈਂ ਰੇਤ ਹਾਂ, ਸੰਕੇਤ ਹਾਂ, ਇੱਕ ਰਾਜ਼ ਹਾਂ, ਆਜ਼ਾਦ ਹਾਂ
ਸੋਨਾ, ਸੁਹੱਪਣ, ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ
ਥੇਹਾਂ ਦੇ ਉੱਤੋਂ ਉੱਡ ਗਿਆ ਸ਼ਾਹਬਾਜ਼ ਹਾਂ, ਦਿਲਸ਼ਾਦ ਹਾਂ।”

ਜਦੋਂ ਮੈਂ ਇਸ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਸਾਰੀ ਕਿਤਾਬ ਦਾ ਨਿਚੋੜ ਇਸ ਸ਼ੇਅਰ ਵਿੱਚ ਹੈ ਤੇ ਸ਼ੇਅਰ ਦਾ ‘ਸਾਰ ਤੱਤ’ ਇਕੱਲੇ ਇਸ ਵਿਚਲੇ ਸ਼ਬਦ ‘ਰਾਜ਼’ ਵਿੱਚ ਹੈ ਇਹੋ ਹੀ ਰਾਜ਼ ਸ਼ਬਦ ਹੈ ‘ਰਾਣੀ ਤੱਤ’। ਆਓ ਖੋਲ੍ਹ ਕੇ ਵੇਖੀਏ:-

ਇਸ ਸ਼ੇਅਰ ਵਿੱਚ ਇਸ਼ਕ ਦੀ ਗੱਲ ਹੈ ਇਸ਼ਕ ਖੁਦ ਸ੍ਰਿਸ਼ਟੀ ਦੀ ਸਿਰਜਨਾ, ਚਲੰਤਤਾ ਅਤੇ ਫਨਾ ਕਰਨ ਵਾਲਾ ਤੱਤ ਹੈ। ਇਹੋ ਰਾਜ਼ ਹੈ ਜੋ ਸਮਝ ਗਿਆ ਬੱਸ ਉੱਚਾ ਹੋ ਗਿਆ। ਜਦੋਂ ਹਰਮਨ ਇਸ ਬਾਰੇ ਲਿਖਦਾ ਹੈ:-

“ਰੇਤ ਹਾਂ, ਸੰਕੇਤ ਹਾਂ, ਇੱਕ ਰਾਜ਼ ਹਾਂ, ਆਜ਼ਾਦ ਹਾਂ
ਸੋਨਾ, ਸੁਹੱਪਣ, ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ।”

ਰੇਤ ਕੀ ਹੈ? ਸੁਤੰਤਰ ਫਿਤਰਤ, ਆਜ਼ਾਦ, ਰਾਜ਼, ਰਮਜ਼, ਭੇਤ, ਘੁਮੱਕੜ, ਕਲੰਦਰ, ਕਵੀ, ਕਾਸ਼ਨੀ ਦਿਲ, ਸਰਬੱਤ ਸਭ ਕੁਝ ਲੁਟਾ ਕੇ ਸੁਲਤਾਨ, ਸੋਨਾ, ਗਹਿਣਾ, ਸੁੰਦਰਤਾ ਆਦਿ ਸਭ ਕੁਝ ਹੈ। ਇਹ ਬਹੁਤ ਉੱਚਾ ਵੱਸਦਾ ਹੈ। ਇਸਦੇ ਉੱਡਣ ਦਾ ਇਹੋ ਮਤਲਬ ਹੈ। ਇਹ ਮੋਇਆ ਨਹੀਂ ਹੈ। ਹਰਮਨ ਉਸ ਤੱਤ ਦੀ ਗੱਲ ਕਰਦਾ ਹੈ ਜੋ ਸਾਨੂੰ ਗੁਰਬਾਣੀ ਵਿੱਚ ਗੁਰਾਂ ਨੇ ਜਾਣਨਾ ਸਿਖਾਇਆ ਹੈ। ਹਰਮਨ ਆਪਣੀਆਂ ਨਿਵੇਕਲੀਆਂ ਕਵਿਤਾਵਾਂ ਰਾਹੀਂ ਇਸੇ ਦੀ ਗੱਲ ਕੀਤੀ ਹੈ। ਇਹ ਬੁੱਲ੍ਹੇ ਸ਼ਾਹ ਦਾ ‘ਇਕ ਨੁਕਤਾ’ ਹੈ। ਇਸੇ ਨੂੰ ਪ੍ਰਗਟ ਕਰਨ ਲੱਗਿਆਂ ‘ਰਾਣੀ ਤੱਤ’ ਦਾ ਨਾਂ ਦਿੱਤਾ ਹੈ।

ਇਸ ਤੋਂ ਇਲਾਵਾ ਹਰਮਨ ਕਵਿਤਾ ਨੂੰ ਇੱਕ ਭੇਤ ਦੇ ਤੌਰ ਤੇ ਲੈਂਦਾ ਹੈ ਜੋ ਉਸ ਨੂੰ ਕੁਦਰਤ ਨੇ ਦਿੱਤਾ ਹੈ। ਉਹ ਦੂਜਿਆਂ ਨੂੰ ਦੱਸਣਾ ਚਾਹੁੰਦਾ ਹੈ ਪਰ ਉਹ ਕਿੰਨਾ ਸਫਲ ਹੁੰਦਾ ਹੈ। ਇਸ ਬਾਰੇ ਬਾਬਾ ਨਾਨਕ ਜੀ ਦੱਸਦੇ ਨੇ:-

“ਜੇ ਹਉ ਜਾਣਾ ਆਖਾ ਨਾਹੀ॥
ਕਹਣਾ ਕਥਨੁ ਨ ਜਾਈ॥

ਇਹੋ ਬ੍ਰਹਿਮੰਡੀ ਤੱਤ ਉਹ ਨਿਰੰਕਾਰ ਆਪ ਹੈ। ਇਹੋ ਹੈ ਰਾਣੀ ਤੱਤ।

ਬਹੁਤ ਵੱਡੀ ਗੱਲ ਹੈ ਇਹ ਵੱਡਾ ਕਵੀ ਹੀ ਕਰ ਸਕਦਾ ਹੈ। ਇਸ ਵੀਰ ਜਿਹਾ ਪਿਆਰਾ, ਨਿਰਛਲ, ਸੰਜੀਦਾ, ਚੰਗਾ,ਮਨਮੋਹਕ, ਸਰਬੱਤ ਦੇ ਭਲੇ ਵਰਗਾ ਲਿਖਣਾ ਹਰ ਕਿਸ ਦੇ ਵਸ ਨਹੀਂ। ਪਹਿਲਾ ਸੱਚ ਹੈ ਕਵਿਤਾ ਤੁਹਾਡਾ ਲੜ੍ ਫੜ ਲੈੰਦੀ ਹੈ ਤੇ ਤੁਸੀਂ ਕਵਿਤਾ ਦਾ। ਵਾਹ ਕਵਿਤਾ ਤੇਰੀ ਫਿਰਾਕਦਿਲੀ।

ਪ੍ਰੋ.ਸਤਗੁਰ ਸਿੰਘ
98723-77057

Previous articleਨਗਰ ਵਸਦੇ ਭਲੇ..
Next articleਚੱਕਰਵਿਊ