ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਫਾਰਚੂਨਰ ਗੱਡੀਆਂ, ਤਿੰਨ ਕਾਰਾਂ ਸਮੇਤ ਗੱਡੀਆਂ ਚੋਰੀ ਕਰਨ ਵਾਲਾ ਸਾਮਾਨ, ਗੱਡੀਆਂ ਦੇ ਇੰਜਣ ਤੇ ਚੈਸੀ ਨੰਬਰ ਬਦਲਣ ਲਈ ਵਰਤਿਆ ਜਾਣ ਵਾਲਾ ਸਾਜੋ-ਸਾਮਾਨ ਬਰਾਮਦ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਏਐੱਸਆਈ ਜੀਵਨ ਸਿੰਘ, ਏਐੱਸਆਈ ਦੀਪਕ ਸਿੰਘ, ਏਐੱਸਆਈ ਗੁਰਪ੍ਰਤਾਪ ਸਿੰਘ ਨੇ ਜ਼ੀਰਕਪੁਰ ਨੇੜੇ ਸਵਿਫ਼ਟ ਕਾਰ ’ਚੋਂ ਅੰਕਿਤ ਵਾਸੀ ਪਿੰਡ ਆਲੇਵਾ (ਹਰਿਆਣਾ), ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਵਡਾਲਾ ਥਾਣਾ ਖਿਲਚੀਆਂ ਅਤੇ ਸਰੋਜ ਉਰਫ਼ ਸੋਨੀਆ ਹਾਲ ਵਾਸੀ ਜ਼ੀਰਕਪੁਰ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ ਹਰਿਆਣਾ ਦੇ ਜਾਅਲੀ ਨੰਬਰੀ ਸਵਿਫ਼ਟ ਕਾਰ ਬਰਾਮਦ ਹੋਈ। ਮੁਲਜ਼ਮ ਇਸ ਕਾਰ ਨੂੰ ਰੇਕੀ ਕਰਨ ਲਈ ਵਰਤਦੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਚੋਰੀਆਂ ਕੀਤੀਆਂ ਦੋ ਫਾਰਚੂਨਰ ਗੱਡੀਆਂ, ਜੋ ਉਨ੍ਹਾਂ ਨੇ ਸੈਕਟਰ-69 ਅਤੇ ਸੈਕਟਰ-79 ’ਚੋਂ ਚੋਰੀ ਕੀਤੀਆਂ ਸਨ, ਬਰਾਮਦ ਹੋਈਆਂ। ਇਨ੍ਹਾਂ ਕਾਰਾਂ ’ਤੇ ਜਾਅਲੀ ਨੰਬਰ ਲਗਾਏ ਹੋਏ ਸਨ। ਇਸੇ ਦੌਰਾਨ ਇੱਕ ਚੋਰੀ ਦੀ ਸਿਲੈਰੀਓ ਕਾਰ ਵੀ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇੱਕ ਸੈਂਟਰੋ ਕਾਰ ਅਤੇ ਡਰਿੱਲ ਮਸ਼ੀਨ ਅਤੇ ਹੋਰ ਯੰਤਰ ਵੀ ਬਰਾਮਦ ਕੀਤੇ ਗਏ। ਸ੍ਰੀ ਭੁੱਲਰ ਨੇ ਦੱਸਿਆ ਕਿ ਇਹ ਗਰੋਹ ਟੋਟਲ ਡੈਮੇਜ ਗੱਡੀਆਂ ਖਰੀਦ ਕੇ ਚੋਰੀ ਕੀਤੀਆਂ ਗੱਡੀਆਂ ਦੇ ਇੰਜਣ ਅਤੇ ਚੈਸੀ ਨੰਬਰ ਟੈਂਪਰਿੰਗ ਕਰਕੇ ਲਗਾ ਦਿੰਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ। ਮੁਲਜ਼ਮ ਅੰਕਿਤ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਗਰੋਹ ਦੇ ਹੋਰਨਾਂ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੋਨੀਆ ਨੂੰ ਅਦਾਲਤ ਨੇ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਹੈ, ਜਦੋਂਕਿ ਹਰਪ੍ਰੀਤ ਸਿੰਘ ਅਤੇ ਅੰਕਿਤ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।