ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅੱਜ ਕਿਹਾ ਕਿ ਸੂਬਾਈ ਪ੍ਰਸ਼ਾਸਨ ਅਗਲੇ ਚਾਰ-ਛੇ ਮਹੀਨਿਆਂ ’ਚ ਸਾਰੀਆਂ ਸਬੰਧਤ ਧਿਰਾਂ ਨੂੰ ਨਾਲ ਤੋਰ ਕੇ ਗੱਲਬਾਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰੇਗਾ। ਰਾਜਪਾਲ ਨੇ ਕਿਹਾ ਕਿ ਜੰਮੂ ਖਿੱਤੇ ਵਿੱਚ ਰੋਹਿੰਗੀਆ ਸ਼ਰਨਾਰਥੀਆਂ ਦੀ ਬਾਇਓਮੈਟਰਿਕ ਤਫ਼ਸੀਲ ਦੋ ਮਹੀਨਿਆਂ ’ਚ ਇਕੱਤਰ ਕਰ ਲਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿੱਚ ਅਤਿਵਾਦ ਨਾਲ ਜੁੜਨ ਵਾਲੇ ਨੌਜਵਾਨਾਂ ਦੀ ਗਿਣਤੀ ’ਚ ਤੇਜ਼ੀ ਨਾਲ ਨਿਘਾਰ ਆਇਆ ਹੈ। ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ’ਚ ਸੀਨੀਅਰ ਭਾਜਪਾ ਆਗੂ ਤੇ ਉਹਦੇ ਭਰਾ
ਦੀ ਹੱਤਿਆ ਕਰਨ ਵਾਲਿਆਂ ਦੀ ਸ਼ਨਾਖ਼ਤ ਹੋ ਗਈ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਸ੍ਰੀ ਮਲਿਕ ਨੇ ਇਸ ਦੌਰਾਨ ਸੂਬਾਈ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਦਾ ਵੀ ਗੁਣਗਾਣ ਕੀਤਾ।
ਇਥੇ ਸਿਵਲ ਸਕੱਤਰੇਤ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ, ‘ਮੈਨੂੰ ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਨੇ ਲੋਕਾਂ ਤਕ ਰਸਾਈ ਲਈ ਖੁੱਲ੍ਹਾ ਹੱਥ ਦਿੱਤਾ ਹੈ। ਮੈਨੂੰ ਲੋਕਾਂ ਨਾਲ ਮਿਲਣ, ਉਨ੍ਹਾਂ ਦੇ ਕੰਮ ਕਰਨ, ਸੂਬੇ ਦਾ ਵਿਕਾਸ ਯਕੀਨੀ ਬਣਾਉਣ ਤੇ ਅਜਿਹਾ ਮਾਹੌਲ ਵਿਕਸਤ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਗੱਲਬਾਤ ਕੀਤੀ ਜਾ ਸਕੇ।’ ਉਨ੍ਹਾਂ ਕਿਹਾ, ‘ਜੇਕਰ ਤੁਸੀਂ (ਮੀਡੀਆ) ਸਾਨੂੰ ਚਾਰ ਤੋਂ ਛੇ ਮਹੀਨੇ ਦਿੰਦੇ ਹੋ ਤਾਂ ਅਸੀਂ ਗੱਲਬਾਤ ਲਈ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।’ ਸਥਾਨਕ ਚੋਣਾਂ ’ਚ ਦੋ ਖੇਤਰੀ ਪਾਰਟੀਆਂ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਦੀ ਗ਼ੈਰਹਾਜ਼ਰੀ ਸਬੰਧੀ ਪੁੱਛੇ ਜਾਣ ’ਤੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ (ਦੋਵਾਂ ਪਾਰਟੀਆਂ) ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਹੁਣ ਉਹ ਪੰਚਾਇਤ ਚੋਣਾਂ ਦਾ ਹਿੱਸਾ ਬਣਨਗੀਆਂ।
ਰਾਜਪਾਲ ਨੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੀਨੀਅਰ ਭਾਜਪਾ ਆਗੂ ਅਨਿਲ ਪਰੀਹਾਰ ਤੇ ਉਹਦੇ ਭਰਾ ਦੀ ਹੱਤਿਆ ਕਰਨ ਵਾਲਿਆਂ ਦੀ ਪਛਾਣ ਹੋ ਗਈ ਹੈ ਤੇ ਜਲਦੀ ਹੀ ਨਤੀਜੇ ਤੁਹਾਡੇ (ਮੀਡੀਆ) ਸਾਹਮਣੇ ਹੋਣਗੇ।
INDIA ਵਾਦੀ ਵਿੱਚ ਗੱਲਬਾਤ ਲਈ ਮਾਹੌਲ ਸਿਰਜਣ ਦਾ ਯਤਨ ਕਰਾਂਗੇ: ਮਲਿਕ